ਨਵੀਂ ਦਿੱਲੀ (19 ਫਰਵਰੀ, 2016): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਮ ਆਦਮੀ ਪਾਰਟੀ ਦੇ ਦੋ ਸਿੱਖ ਆਗੂਆਂ ਦੀ ਸ਼ਿਕਾਇਤ ਅਕਾਲ ਤਖਤ ਸਾਹਿਬ ‘ਤੇ ਭੇਜੀ ਗਈ ਹੈ।

ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਅਕਾਲ ਤਖ਼ਤ ਨੂੰ ਲਿਖੀ ਸ਼ਿਕਾਇਤੀ ਚਿੱਠੀ ਵਿੱਚ ਜ਼ਿਕਰ ਕੀਤਾ ਕਿ ਆਮ ਆਦਮੀ ਪਾਰਟੀ ਦੇ ਬੁਲਾਰੇ ਕੁਲਤਾਰ ਸਿੰਘ ਨੇ ਇੱਕ ਪੰਜਾਬੀ ਚੈਨਲ ਦੇ ਬਹਿਸ ਵਾਲੇ ਪ੍ਰੋਗਰਾਮ ਦੌਰਾਨ ਕਿਹਾ ਸੀ, ‘ਗੁਰੂ ਕਲਗੀਧਰ ਪਾਤਸ਼ਾਹ ਤੇ ਉਹਨਾਂ ਦੇ ਆਪਣੀ ਪਾਰਟੀ ਦੇ ਨੈਸ਼ਨਲ ਕਨਵੀਨਰ ਇੱਕ ਸਮਾਨ ਹਨ।’ ਇਸੇ ਤਰ੍ਹਾਂ ਹੀ ‘ਆਪ’ ਦੇ ਇੱਕ ਹੋਰ ਆਗੂ ਹਰਦੀਪ ਸਿੰਘ ਕਿੰਗਰਾ ਨੇ ਇੱਕ ਕੌਮੀ ਪੰਜਾਬੀ ਖ਼ਬਰੀ ਚੈਨਲ ਦੇ ਪ੍ਰੋਗਰਾਮ ਦੌਰਾਨ ਕਿਹਾ ਸੀ, ‘ਜੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਅਕਾਲ ਤਖ਼ਤ ਸਾਹਿਬ ਦੀ ਬਾਂਹ ਮਰੋੜ ਦੇਵਾਂਗੇ।’ ਉਨ੍ਹਾਂ ਕਿਹਾ ਕਿ ਉਪਰੋਕਤ ਦੋਨੋਂ ਗੱਲਾਂ ਸਿੱਖ ਪ੍ਰੰਪਰਾਵਾਂ ਅਨੁਸਾਰ ਬਹੁਤ ਇਤਰਾਜ਼ਯੋਗ ਹਨ।
ਜੀ ਕੇ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਹਮਲਾ ਕਰਦਿਆਂ ਅਰਵਿੰਦ ਕੇਜਰੀਵਾਲ ਦੀ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨਾਲ ਹੱਥ ਮਿਲਾਉਂਦਿਆਂ ਦੀ ਤਸਵੀਰ ਦਿਖਾਈ ਤੇ ਦੋਸ਼ ਲਾਇਆ ਕਿ ‘ਆਪ’ ਦੇ ਇੱਕ ਮੰਤਰੀ ਨੇ ਸ੍ਰੀ ਕੇਜਰੀਵਾਲ ਤੇ ਜਗਦੀਸ਼ ਟਾਈਟਲਰ ਦੀ ਮੁਲਾਕਾਤ ਕਰਵਾਈ ਸੀ।