ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ) : ਪੰਜਾ ਡੈਮੋਕਰੇਟਿਕ ਅਲਾਇੰਸ ਵਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਐਲਾਨੇ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਹੈ ਕਿ ‘ਸਾਡਾ ਚੋਣ ਮੈਨੀਫੈਸਟੋ ਤਾਂ ਗੁਰੂ ਨਾਨਕ ਸਾਹਿਬ ਜੀ ਦੁਆਰਾ ਬਖਸ਼ਿਸ਼ ਸਿਧਾਂਤ ਜੀੳੇੁ ਤੇ ਜੀਣ ਦਿਉ ਹੈ । ਇਹ ਬਹੁਪੱਖੀ ਸਿਧਾਂਤ ਹੀ ਕਿਸੇ ਮਨੁਖ ਦੇ ਮੁਢਲੇ ਅਧਿਕਾਰਾਂ ਦਾ ਮੁਦਈ ਹੋ ਸਕਦੈ’। ਅੱਜ ਇਥੇ ਗਲਬਾਤ ਕਰਦਿਆਂ ਮਨੁਖੀ ਅਧਿਕਾਰਾਂ ਦੇ ਰਾਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਤੇ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਚੋਣ ਲੜਨ ਦਾ ਫੈਸਲਾ ਕੋਈ ਸਿਆਸੀ ਲਾਹੇ ਲਈ ਨਹੀ ਬਲਕਿ ਪੰਥਕ ਸੋਚ ਦੇ ਅਨੁਸਾਰੀ ਹੋ ਕੇ ਮਨੁਖਤਾ ਦੇ ਹੱਕਾਂ ਲਈ ਜੂਝਣ ਦੇ ਇਰਾਦਾ ਦਾ ਅਹਿਦ ਹੈ। ਲੋਕਾਂ ਦੇ ਮੱੁਦੇ ਤੇ ਮੈਨੀਫਸ਼ਟੋ ਤਾਂ ਹਵਾ ਦੇ ਗੁੰਬਾਰੇ ਵਾਂਗ ਹੁੰਦੇ ਹਨ ਪਤਾ ਨਹੀ ਕਦੋਂ ਹਵਾ ਕਿਧਰ ਲੈ ਜਾਵੇ ਤੇ ਕਦੋਂ ਮਿੱਟੀ ਹੋ ਜਾਣ ।
ਪਰ ਗੁਰੂ ਨਾਨਕ ਸਾਹਿਬ ਜੀ ਦੁਆਰਾ ਦ੍ਰਿੜ ਕਰਵਾਇਆ ਮਨੁਖੀ ਬਰਾਬਰਤਾ ਤੇ ਸਿਰ ਚੱਕਕੇ ਜੀਉਣ ਦਾ ਵਡਮੁੱਲਾ ਫਲਸਫਾ ਕਿਸੇ ਦੀ ਗੁਲਾਮੀ ਕਬੂਲ ਨਹੀ ਕਰਵਾਉਂਦਾ । ਆਖਰੀ ਦਮ ਤੀਕ ਹੱਕਾਂ ਲਈ ਲੜਨ ਦੇ ਰਾਹ ਤੋਰਦਾ ਹੈ। ਉਨ੍ਹਾਂ ਕਿਹਾ ਕਿ ਸਿਆਸਤ ਵਿੱਚ ਆਕੇ ਉਹ ਇਹ ਵਾਹ ਜਰੂਰ ਲਾਉਣਗੇ ਕਿ ਸਰਹੱਦੀ ਇਲਾਕੇ ਜੰਗ ਦਾ ਮੈਦਾਨ ਬਨਣ ਦੇ ਰਾਹ ਨਾ ਤੋਰੇ ਜਾਣ। ਜੇਕਰ ਸਾਡੇ ਮੁਢਲੇ ਅਧਿਕਾਰ ਤੇ ਵਿਸ਼ੇਸ਼ ਕਰਕੇ ਜੀਉਣ ਦਾ ਅਧਿਕਾਰ ਹੀ ਬਚ ਜਾਵੇ ਤਾਂ ਇਹ ਸਾਡੀ ਪ੍ਰਾਪਤੀ ਹੋਵੇਗੀ। ਮਨੁਖੀ ਅਧਿਕਾਰਾਂ ਦੀ ਜੰਗ ਨੂੰ ਹੋਰ ਮਜਬੂਤ ਕਰਨਾ ਹੈ ਤੇ ਜੀਉਣ ਦੇ ਅਧਿਕਾਰ ਖੇਤਰ ਨੂੰ ਹਰ ਫਿਰਕੇ ਦੇ ਲੋਕਾਂ ਲਈ ਬਿਨ੍ਹਾਂ ਕਿਸੇ ਮਤਭੇਦ ਦੇ ਉਜਾਗਰ ਕਰਨਾ ਹੈ। ਜੇਕਰ 25 ਹਜਾਰ ਸਿੱਖ ਲਾਵਾਰਿਸ ਕਹਿਕੇ ਮਾਰ ਦਿੱਤੇ ਗਏ ਤਾਂ ਜੋ 40 ਫੌਜੀ ਬਕਸਿਆਂ ਵਿੱਚ ਪਾਕੇ ਘਰੀਂ ਤੋਰ ਦਿੱੱਤੇ ਉਹ ਵੀ ਜੀਉਣ ਦਾ ਹੱਕ ਰੱਖਦੇ ਸਨ। ਕਸ਼ਮੀਰ ਹੋਵੇ ਜਾਂ ਗੁਜਰਾਤ ਜਾਂ ਕੋਈ ਹੋਰ ਕਸਬਾ ਹਰ ਵਾਸੀ ਦੇ ਜੀਉਣ ਦੇ ਹੱਕ ਬਚਣੇ ਚਾਹੀਦੇ ਹਨ ।
ਬਾਦਲ ਦਲ ਵਲੋਂ ਖਡੂਰ ਸਾਹਿਬ ਵਲੋਂ ਮੈਦਾਨ ਵਿੱਚ ਉਤਾਰੀ ਗਈ ਬੀਬੀ ਜਗੀਰ ਕੌਰ ਬਾਰੇ ਪੁਛੇ ਜਾਣ ਤੇ ਬੀਬੀ ਖਾਲੜਾ ਨੇ ਕਿਹਾ ਕਿ ਉਨ੍ਹਾਂ (ਬੀਬੀ ਜਗੀਰ ਕੌਰ) ਦੇ ਨਿੱਜੀ ਤੇ ਸਿਆਸੀ ਜੀਵਨ ਬਾਰੇ ਹਰ ਕੋਈ ਜਾਣਦਾ ਹੈ । ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਉਪਰੰਤ ਬਾਦਲ ਦਲ ਦੀ ਹਾਲਾਤ ਬਾਰੇ ਕਿਸੇ ਕੋਲੋਂ ਕੁਝ ਲੁਕਿਆ ਛਿਿਪਆ ਨਹੀ ਹੈ । ਉਨ੍ਹਾਂ ਕਿਹਾ ਭਲੇ ਹੀ ਕੋਈ ਫਖਰ-ਏ–ਕੌਮ ਹੋਵੇ ਪਰ ਗੁਰੂ ਸਾਹਿਬ ਦੀ ਬੇਅਦਬੀ ਤੋਂ ਉਪਰ ਕੋਈ ਗੁਨਾਹ ਵੀ ਨਹੀ ਹੈ । ਇੱਕ ਸਵਾਲ ਦੇ ਜਵਾਬ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਜੇ ਸਿਆਸਤ ਹੀ ਕਰਨੀ ਹੁੰਦੀ ਤਾਂ 24 ਸਾਲ ਲਾਵਾਰਿਸਾਂ ਦੀ ਸ਼ਨਾਖਤ ਲਈ ਕਿਉਂ ਲਾਉਂਦੀ। ਜਿਹੜੀ ਨਸਲਕੁਸ਼ੀ ਦੇ ਦੋਸ਼ ਕਾਂਗਰਸ ਉਪਰ ਲਾਏ ਗਏ, ਬਾਦਲ ਦਲ ਵੀ ਉਨ੍ਹਾਂ ਗੁਨਾਹਾਂ ਦਾ ਹਿੱਸੇਦਾਰ ਹੈ ਨਹੀ ਤਾਂ ਕਦੋਂ ਦਾ ਇਨਸਾਫ ਮਿਲ ਗਿਆ ਹੁੰਦਾ।ਇਨਸਾਫ ਲਈ ਜਸਟਿਸ ਕੁਲਦੀਪ ਸਿੰਘ ਦੀ ਅਗਵਾਈ ਹੇਠ ਪੀਪਲਜ਼ ਕਮਿਸ਼ਨ ਬਣਾਇਆ ਗਿਆ ਤਾਂ 1997 ਵਿੱਚ ਪਰਕਾਸ਼ ਸਿੰਘ ਬਾਦਲ ਨੇ ਰੱਦ ਕਰ ਦਿੱਤਾ । ਉਨ੍ਹਾਂ ਸਵਾਲ ਕੀਤਾ ਕੀ ਅਜੇਹੇ ਸ਼ਖਸ਼ ਜਾਂ ਪਾਰਟੀ ਨਾਲ ਭਾਈਵਾਲੀ ਕੌਮ ਦੇ ਹਿੱਤਾਂ ਵਿੱਚ ਹੁੰਦੀ ? ਲੋਕ ਸਭਾ ਚੋਣਾਂ ਜਿੱਤ ਜਾਂ ਹਾਰ ਵਾਰੇ ਪੁਛੇ ਜਾਣ ਤੇ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ‘ਗੁਰੂ ਨਾਨਕ ਸਾਹਿਬ ਜੀ ਵਲੋਂ ਬਖਸ਼ਿਸ਼ ਜੀਉਣ ਦੀ ਅਜਾਦੀ ਦੇ ਸਿਧਾਂਤ ਲਾਗੂ ਕਰਵਾਉਣ ਦਾ ਮਕਸਦ ਲੈਕੇ ਕਦਮ ਪੁਟਿਆ ਹੈ ,ਜਿੱਤ ਹੋਵੇ ਜਾਂ ਹਾਰ ਪ੍ਰਵਾਨ ਹੈ’।