ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਕੈਪਟਨ ਦੇ 80 ਦਿਨਾਂ ਰਾਜ ਦੀ ਕਾਰਗੁਜ਼ਾਰੀ ਖਿਲਾਫ ਧਰਨਾ ਦੇਣ ਨਿਕਲਿਆ ਬਾਦਲ ਦਲ ਸੋਮਵਾਰ (12 ਜੂਨ) ਨੂੰ ਆਪ ਹੀ ਧਰਿਆ ਹੋਇਆ ਨਜ਼ਰ ਆਇਆ। ਵਿਧਾਨ ਸਭਾ ਵਿੱਚ ਗਠਜੋੜ ਦੀ ਹੋਈ ਨਾਮੋਸ਼ੀ ਭਰੀ ਹਾਰ ਦੇ ਤਿੰਨ ਮਹੀਨਿਆਂ ਬਾਅਦ ਵੀ ਧਰਨਾ ਪ੍ਰਬੰਧਕਾਂ ਨੂੰ ਵਰਕਰ ਲੱਭਣੇ ਔਖੇ ਹੋਏ ਪਏ ਸਨ ਤੇ ਜ਼ਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ‘ਚੋਂ ਇਕ ਹਜ਼ਾਰ ਵਰਕਰ ਵੀ ਨਜ਼ਰ ਨਹੀਂ ਆਏ।

ਧਰਨੇ ਲਈ ਐਲਾਨੇ 10 ਵਜੇ ਦੇ ਸਮੇਂ ਦੇ ਇਕ ਘੰਟਾ ਬੀਤ ਜਾਣ ‘ਤੇ ਵੀ ਡਿਪਟੀ ਕਮਿਸ਼ਨਰ ਦਫਤਰ ਦੇ ਸਾਹਮਣੇ ਵਾਲੀ ਪਾਰਕ ਵਿੱਚ ਦਲ ਵਲੋਂ ਲਗਾਏ ਸ਼ਾਮਿਆਨੇ ਹੇਠ ਸ਼੍ਰੋਮਣੀ ਕਮੇਟੀ ਮੈਂਬਰ ਰਜਿੰਦਰ ਸਿੰਘ ਮਹਿਤਾ, ਭਗਵੰਤ ਸਿੰਘ ਸਿਆਲਕਾ, ਬਾਵਾ ਸਿੰਘ ਗੁਮਾਨਪੁਰਾ ਤੋਂ ਇਲਾਵਾ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਤੇ ਸਾਬਕਾ ਵਿਧਾਇਕ ਤੇ ਦਿਹਾਤੀ ਪ੍ਰਧਾਨ ਵੀਰ ਸਿੰਘ ਲੋਪੋਕੇ, ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਹੀ ਗਿਣਤੀ ਦੇ ਦੋ ਢਾਈ ਸੌ ਵਰਕਰਾਂ ਸਹਿਤ ਡੱਟੇ ਹੋਏ ਸਨ। ਕੋਈ ਸਵਾ ਕੁ ਗਿਆਰਾਂ ਵਜੇ ਪਹੁੰਚੇ ਹਲਕਾ ਅਜਨਾਲਾ ਤੋਂ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ, ਮਲਕੀਅਤ ਸਿੰਘ ਏ.ਆਰ, 50-50 ਦੇ ਜਥੇ ਸਹਿਤ ਪੁਜੇ। ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਤੇ ਮੀਤ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ 70-75 ਵਰਕਰਾਂ ਸਣੇ ਪੰਡਾਲ ਵਿੱਚ ਪੁਜੇ।
ਸਬੰਧਤ ਖ਼ਬਰ:
ਬਾਦਲ ਦਲ ਵਲੋਂ 12 ਜੂਨ ਨੂੰ ਕੈਪਟਨ ਸਰਕਾਰ ਵਿਰੁੱਧ ਧਰਨੇ, ਸ਼੍ਰੋਮਣੀ ਕਮੇਟੀ ਵੀ ਲਵੇਗੀ ਹਿੱਸਾ …
ਬੁਲਾਰਿਆਂ ਦੀ ਹਾਲਤ ਵੀ ਵੇਖਣ ਵਾਲੀ ਸੀ ਕਿ ਉਨਹਾਂ ਨੂੰ ਸਾਹਮਣੇ ਬੈਠੇ ਆਗੂਆਂ ਦੇ ਨਾਮ ਹੀ ਯਾਦ ਨਹੀਂ ਸਨ ਆ ਰਹੇ। ਇਕ ਬੁਲਾਰੇ ਨੇ ਤਾਂ ਅੰਮ੍ਰਿਤਸਰ ਵਿਖੇ ਦਿੱਤੇ ਧਰਨੇ ਨੂੰ ਸਮੁਚੇ ਮਾਝੇ ਦਾ ਧਰਨਾ ਐਲਾਨ ਦਿੱਤਾ। ਸ਼੍ਰੋਮਣੀ ਕਮੇਟੀ ਦੀ ਕਾਰਜਕਾਰਣੀ ਦੇ ਮੈਂਬਰ ਭਾਈ ਰਾਮ ਸਿੰਘ ਨੇ ਨਾਅਰੇ ਲਵਾਕੇ ਧਰਨਾਕਾਰੀਆਂ ਵਿੱਚ ਜੋਸ਼ ਭਰਨ ਦੀ ਨਾਕਾਮ ਕੋਸ਼ਿਸ਼ ਕੀਤੀ। ਧਰਨੇ ‘ਚ ਭਾਈ ਰਾਮ ਸਿੰਘ, ਮਘਵਿੰਦਰ ਸਿੰਘ ਖਾਪੜਖੇੜੀ, ਅਮਰਜੀਤ ਸਿੰਘ ਵਡਾਲਾ, ਰਾਣਾ ਪਲਵਿੰਦਰ ਸਿੰਘ, ਰਜਿੰਦਰ ਸਿੰਘ ਮਰਵਾਹਾ, ਆਰ.ਸੀ.ਯਾਦਵ, ਸਾਬਕਾ ਭਾਜਪਾ ਮੰਤਰੀ ਅਨਿਲ ਜੋਸ਼ੀ, ਮੇਅਰ ਬਖਸ਼ੀ ਰਾਮ ਅਰੋੜਾ ਤੇ ਮਜੀਠਾ ਹਲਕੇ ਤੋਂ ਬਾਦਲ ਦੇ ਵਿਧਾਇਕ ਬਿਕਰਮ ਮਜੀਠੀਆ ਪੁੱਜੇ ਹੋਏ ਸਨ।