ਨਵੀਂ ਦਿੱਲੀ: ਦਿੱਲੀ ‘ਚ ਸ਼ਨੀਵਾਰ ਨੂੰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੇ ਚੋਣ ਕਮੀਸ਼ਨ ਕੋਲ ਪਹੁੰਚ ਕੀਤੀ ਹੈ। ਅਸਲ ‘ਚ ਪੰਜ ਸੂਬਿਆਂ ਦੇ ਚੋਣ ਨਤੀਜੇ ਆਉਣ ਤੋਂ ਬਾਅਦ ਜਿਵੇਂ ਸਭ ਤੋਂ ਪਹਿਲਾਂ ਮਾਇਆਵਤੀ ਨੇ ਵੋਟਿੰਗ ਮਸ਼ੀਨ ‘ਚ ਗੜਬੜੀ ਦਾ ਮੁੱਦਾ ਚੁੱਕਿਆ ਸੀ। ਹੁਣ ਹੋਰ ਸਿਆਸੀ ਪਾਰਟੀਆਂ ਵੀ ਇਸ ਮੁੱਦੇ ਨੂੰ ਚੁੱਕ ਰਹੀਆਂ ਹਨ। ਅਸਲ ‘ਚ ਮੱਧ ਪ੍ਰਦੇਸ਼ ‘ਚ ਡੈਮੋ ਵੇਲੇ ੜੜਫਅਠ ਵਾਲੀ ਵੋਟਿੰਗ ਮਸ਼ੀਨ ‘ਚ ਦੋ ਬਟਨ ਦੱਬੇ ਗਏ ਅਤੇ ਨਿਕਲੀ ਇਕ ਹੀ ਪਾਰਟੀ ਦੇ ਚੋਣ ਨਿਸ਼ਾਨ ਵਾਲੀ ਪਰਚੀ। ਇਸੇ ਸ਼ਿਕਾਇਤ ਦੇ ਨਾਲ ‘ਆਪ’ ਅਤੇ ਕਾਂਗਰਸ ਨੇ ਚੋਣ ਕਮੀਸ਼ਨ ਕੋਲ ਪਹੁੰਚ ਕੀਤੀ ਹੈ।

ਇਹ ਮਾਮਲਾ ਮੱਧ ਪ੍ਰਦੇਸ਼ ਦੇ ਭਿੰਡ ਦਾ ਹੈ। ਅਟੇਰ ਵਿਧਾਨ ਸਭਾ ਦੀ ਜ਼ਿਮਨੀ ਚੋਣ ਲਈ ਵੋਟਿੰਗ ਮਸ਼ੀਨ ਦਾ ਟ੍ਰਾਇਲ ਹੋ ਰਿਹਾ ਸੀ। ਟ੍ਰਾਇਲ ਮਸ਼ੀਨ ‘ਚ ਵੋਟ ਪਾਉਂਦੇ ਹੀ ਇਕ ਪਰਚੀ ਨਿਕਲਦੀ ਹੈ ਜਿਸ ਤੋਂ ਪਤਾ ਚੱਲਦਾ ਹੈ ਕਿ ਕਿਹੜੀ ਪਾਰਟੀ ਨੂੰ ਵੋਟ ਦਿੱਤਾ ਗਿਆ ਹੈ। ਡੈਮੋ ਦੌਰਾਨ ਦੋ ਵੱਖ-ਵੱਖ ਬਟਨ ਦੱਬੇ ਗਏ ਪਰ ਦੋਨੋਂ ਵਾਰੀ ਕਮਲ ਦੇ ਫੁੱਲ ਦੀ ਪਰਚੀ ਹੀ ਨਿਕਲੀ। ਜਦ ਉਥੇ ਮੌਜੂਦ ਮੀਡੀਆ ਨੇ ਇਸ ਗੱਲ ‘ਤੇ ਸਵਾਲ ਚੁੱਕੇ ਤਾਂ ਮੱਧ ਪ੍ਰਦੇਸ਼ ਦੀ ਮੁੱਖ ਚੋਣ ਅਧਿਕਾਰੀ ਸਲੀਨਾ ਸਿੰਘ ਨੇ ਗਲਤੀ ਮੰਨਣ ਦੀ ਥਾਂ ਮੀਡੀਆਂ ਨੂੰ ਹੀ ਥਾਣੇ ‘ਚ ਬਿਠਾਉਣ ਦੀ ਮਜ਼ਾਕ-ਮਜ਼ਾਕ ‘ਚ ਧਮਕੀ ਦੇ ਦਿੱਤੀ। ਇਸ ਮੁੱਦੇ ‘ਤੇ ਚੋਣ ਕਮੀਸ਼ਨ ਨੇ ਜ਼ਿਲ੍ਹਾ ਚੋਣ ਅਧਿਕਾਰੀ ਤੋਂ ਰਿਪੋਰਟ ਮੰਗੀ ਹੈ। ਇਸ ਪੂਰੇ ਮਾਮਲੇ ਨੂੰ ਦੇਖਦੇ ਹੋਏ ਅੱਜ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਚੋਣ ਕਮੀਸ਼ਨ ਕੋਲ ਪਹੁੰਚ ਕੀਤੀ ਹੈ। ਹਾਲੇ ਤਕ ਚੋਣ ਕਮੀਸ਼ਨ ਨੇ ਜਵਾਬ ਨਹੀਂ ਦਿੱਤਾ।
ਚੋਣ ਕਮੀਸ਼ਨ ਦੇ ਇਕ ਬੁਲਾਰੇ ਨੇ ਕਿਹਾ, “ਅਸੀਂ ਜ਼ਿਲ੍ਹਾ ਚੋਣ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਹੈ।”
ਮੀਡੀਆ ਰਿਪੋਰਟ ਮੁਤਾਬਕ ਅਭਿਆਸ ਦੇ ਦੌਰਾਨ ਜਿਹੜਾ ਵੀ ਬਟਨ ਦੱਬਿਆ ਗਿਆ ਹਰ ਵਾਰ ਪਰਚੀ ਭਾਜਪਾ ਦੀ ਹੀ ਨਿਕਲੀ। ਰਿਪੋਰਟ ‘ਚ ਇਹ ਵੀ ਦਾਅਵਾ ਕੀਤਾ ਗਿਆ ਕਿ ਮੱਧ ਪ੍ਰਦੇਸ਼ ਦੀ ਮੁੱਖ ਚੋਣ ਅਧਿਕਾਰੀ ਸਲੀਨਾ ਸਿੰਘ ਨੇ ਪੱਤਰਕਾਰਾਂ ਨੂੰ ਅਖ਼ਬਾਰਾਂ, ਚੈਨਲਾਂ ਨੂੰ ਇਹ ਖ਼ਬਰ ਨਾ ਦੇਣ ਲਈ ਕਿਹਾ, ਕਿਹਾ ਕਿ ਨਹੀਂ ਤਾਂ ਉਨ੍ਹਾਂ ਨੂੰ (ਪੱਤਰਕਾਰਾਂ ਨੂੰ) ਪੁਲਿਸ ਹਿਰਾਸਤ ‘ਚ ਰੱਖਿਆ ਜਾਏਗਾ।
(ਸਰੋਤ: ਐਨ.ਡੀ.ਟੀ.ਵੀ.)