Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਐਸ.ਐਚ.ਓ. ਦੀ ਬਜਾਏ ਅਕਾਲੀ ਜਥੇਦਾਰ ਚਲਾ ਰਹੇ ਹਨ ਥਾਣੇ

ਐਸ.ਐਚ.ਓ. ਦੀ ਬਜਾਏ ਅਕਾਲੀ ਜਥੇਦਾਰ ਚਲਾ ਰਹੇ ਹਨ ਥਾਣੇ

ਚੰਡੀਗੜ੍ਹ (ਹਮੀਰ ਸਿੰਘ): ਪੇਸ਼ੇਵਰ ਬਣਾਉਣ ਅਤੇ ਕਾਨੂੰਨ ਦਾ ਰਾਜ ਬਹਾਲ ਕਰਨ ਦੀ ਬਜਾਏ ਵਧ ਰਹੀ ਸਿਆਸੀ ਦਖ਼ਲਅੰਦਾਜ਼ੀ ਕਾਰਨ ਕਈ ਵੱਕਾਰੀ ਪੁਲਿਸ ਅਧਿਕਾਰੀ ਹੁਣ ਮਹੱਤਵਪੂਰਨ ਅਹੁਦਿਆਂ ’ਤੇ ਤਾਇਨਾਤ ਹੋਣ ਤੋਂ ਨਾਂਹ-ਨੁੱਕਰ ਕਰ ਰਹੇ ਹਨ। ਸੂਤਰਾਂ ਅਨੁਸਾਰ ਪਿਛਲੇ ਦਿਨੀਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪੁਲਿਸ ਦੇ ਅਹੁਦੇ ’ਤੇ ਤਾਇਨਾਤੀ ਦੇ ਹੁਕਮਾਂ ਦੇ ਜਾਰੀ ਹੋਣ ਤੋਂ ਪਹਿਲਾਂ ਹੀ ਇੱਕ ਚੰਗੇ ਅਕਸ ਵਾਲੇ ਅਧਿਕਾਰੀ ਨੇ ਜਵਾਬ ਦੇ ਦਿੱਤਾ ਹੈ। ਕਾਨੂੰਨ ਅਨੁਸਾਰ ਕੰਮ ਕਰਨ ਵਿੱਚ ਆ ਰਹੀ ਮੁਸ਼ਕਿਲ ਨੂੰ ਇਸ ਇਨਕਾਰ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਸੱਤਾਧਾਰੀਆਂ ਵੱਲੋਂ ਮਨਮਰਜ਼ੀ ਨਾਲ ਕੰਮ ਕਰਵਾਉਣ ਦੀ ਲਾਲਸਾ ਕਾਰਨ ਹੀ ਜ਼ਿਲ੍ਹਿਆਂ ਅੰਦਰ ਪੁਲਿਸ ਦੀ ਕਮਾਨ ਪੀਪੀਐਸ ਜਾਂ ਪੀਪੀਐਸ ਤੋਂ ਪਰੋਮੋਟ ਹੋਏ ਆਈਪੀਐਸ ਅਧਿਕਾਰੀਆਂ ਹਵਾਲੇ ਕੀਤੀ ਗਈ ਹੈ। ਇਸੇ ਕਰਕੇ ਸਿੱਧੀ ਭਰਤੀ ਵਾਲੇ ਨੌਜਵਾਨ ਆਈਪੀਐਸ ਅਫ਼ਸਰ ਬਹੁਤੇ ਜ਼ਿਲ੍ਹਿਆਂ ਵਿੱਚ ਤਾਇਨਾਤ ਨਹੀਂ।

ਫੋਟੋ ਸਿਰਫ ਪ੍ਰਤੀਕ ਵਜੋਂ
ਫੋਟੋ ਸਿਰਫ ਪ੍ਰਤੀਕ ਵਜੋਂ

ਪੁਲਿਸ ਮੁਲਾਜ਼ਮਾਂ ਦਾ ਵੱਡਾ ਹਿੱਸਾ ਵੀ ਪ੍ਰੇਸ਼ਾਨ ਹੈ, ਕਿਉਂਕਿ ਲੰਮੀ ਅਤੇ ਥਕਾ ਦੇਣ ਵਾਲੀ ਡਿਊਟੀ ਤੋਂ ਇਲਾਵਾ ਸਿਆਸੀ ਆਗੂਆਂ ਦੀ ਤਾਬੇਦਾਰੀ ਉਨ੍ਹਾਂ ਲਈ ਮੁਸੀਬਤ ਬਣੀ ਹੋਈ ਹੈ। ਅਜਿਹਾ ਤਣਾਅ ਮੋੜਵੇਂ ਰੂਪ ਵਿੱਚ ਬੇਰੁਜ਼ਗਾਰਾਂ ਜਾਂ ਹੋਰ ਮੁਜ਼ਾਹਰਾਕਾਰੀ ਲੋਕਾਂ ਖ਼ਿਲਾਫ਼ ਗੁੱਸੇ ਵਿੱਚ ਨਿਕਲਦਾ ਹੈ। ਹੁਕਮਰਾਨਾਂ ਵਿੱਚ ਲੋਕਾਂ ਨੂੰ ਡੰਡੇ ਨਾਲ ਹੱਕਣ ਦੀ ਸਿਆਸੀ ਪ੍ਰਵਿਰਤੀ ਕਰਕੇ ਕਈ ਅਜਿਹੇ ਵਿਵਾਦਤ ਅਫ਼ਸਰਾਂ ਨੂੰ ਰੇਜਾਂ ਵਿੱਚ ਆਈਜੀ ਤੱਕ ਨਿਯੁਕਤ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਚੋਣ ਕਮਿਸ਼ਨ ਦੇ ਹੁਕਮਾਂ ’ਤੇ ਵੀ ਤਬਦੀਲ ਕੀਤਾ ਗਿਆ ਸੀ। ਕਾਨੂੰਨ ਦੇ ਬਜਾਏ ਸਿਆਸੀ ਪ੍ਰਭੂਆਂ ਦੇ ਹੁਕਮ ਵਜਾਉਣ ਦਾ ਨਤੀਜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖ਼ਿਲਾਫ਼ ਰੋਸ ਪ੍ਰਗਟਾ ਰਹੇ ਲੋਕਾਂ ’ਤੇ ਕੀਤੀ ਪੁਲਿਸ ਫਾਇਰਿੰਗ ਦੇ ਰੂਪ ਵਿੱਚ ਸਾਹਮਣੇ ਆਇਆ ਸੀ। ਸਰਕਾਰ ਵੱਲੋਂ ਬਣਾਏ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਨੇ ਵੀ ਆਪਣੀ ਰਿਪੋਰਟ ਵਿੱਚ ਇਸ ਦਾ ਜ਼ਿਕਰ ਕੀਤਾ ਹੈ। ਜਿਸ ਤਰੀਕੇ ਨਾਲ ਚੋਣਾਂ ਤੋਂ ਕੁਝ ਹੀ ਸਮਾਂ ਪਹਿਲਾਂ ਗ੍ਰਹਿ ਜ਼ਿਲ੍ਹਿਆਂ ਵਿੱਚ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਜਾ ਰਹੇ ਹਨ, ਉਹ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਲਈ ਵੀ ਚੁਣੌਤੀ ਭਰਿਆ ਕੰਮ ਸਾਬਿਤ ਹੋ ਸਕਦੇ ਹਨ।

ਅਕਾਲੀ-ਭਾਜਪਾ ਸਰਕਾਰ ਵੱਲੋਂ ਥਾਣਿਆਂ ਦੀ ਕੀਤੀ ਡੀਲਿਮੀਟੇਸ਼ਨ ਲਈ ਤਰਕ ਕੋਈ ਵੀ ਦਿੱਤਾ ਜਾਂਦਾ ਹੋਵੇ ਪਰ ਅਸਲ ਵਿੱਚ ਇਹ ਹਲਕਾ ਇੰਚਾਰਜਾਂ ਅਤੇ ਸੱਤਾਧਾਰੀ ਧਿਰ ਦੇ ਵਿਧਾਇਕਾਂ ਮੰਤਰੀਆਂ ਦੇ ਹਵਾਲੇ ਕਰ ਦਿੱਤੇ ਗਏ ਹਨ। ਲੋਕਾਂ ਨੂੰ ਇਸ ਨਾਲ ਪ੍ਰੇਸ਼ਾਨੀ ਹੀ ਹੋਈ ਹੈ, ਕਿਉਂਕਿ ਸੇਵਾ ਪ੍ਰਦਾਨ ਕਰਨ ਲਈ ਨੇੜਤਾ ਦਾ ਸਿਧਾਂਤ ਪੂਰੀ ਤਰ੍ਹਾਂ ਗਾਇਬ ਹੋ ਗਿਆ ਹੈ। ਮਿਸਾਲ ਦੇ ਤੌਰ ’ਤੇ ਸੰਗਰੂਰ ਦੇ ਨਜ਼ਦੀਕੀ ਪਿੰਡ ਬਡਰੁੱਖਾਂ ਦੇ ਲੋਕ ਹਰ ਕੰਮ ਲਈ ਸੰਗਰੂਰ ਆਉਂਦੇ ਹਨ ਪਰ ਇਹ ਪਿੰਡ ਥਾਣਾ ਲੌਂਗੋਵਾਲ ਨਾਲ ਸਬੰਧਤ ਹੈ। ਇਸੇ ਤਰ੍ਹਾਂ ਨਾਭਾ ਦੀਆਂ ਜੜ੍ਹਾਂ ਵਿੱਚ ਰਾਧਾ ਸੁਆਮੀ ਡੇਰੇ ਤੱਕ ਦੇ ਖੇਤਰ ਨੂੰ ਥਾਣਾ ਬਖ਼ਸ਼ੀਵਾਲਾ ਅਧੀਨ ਰੱਖਿਆ ਗਿਆ ਹੈ। ਬਖ਼ਸ਼ੀਵਾਲਾ ਪਟਿਆਲਾ (ਦਿਹਾਤੀ) ਖੇਤਰ ਨਾਲ ਸਬੰਧਤ ਥਾਣਾ ਹੈ ਅਤੇ ਇਹ ਪਟਿਆਲਾ-ਭਾਦਸੋਂ ਰੋਡ ’ਤੇ ਪੈਂਦਾ ਹੈ। ਇਸ ਕਰਕੇ ਹੀ ਵਿਰੋਧੀ ਧਿਰ ਵੱਲੋਂ ਇਹ ਦੋਸ਼ ਲਾਇਆ ਜਾਂਦਾ ਹੈ ਕਿ ਥਾਣੇ ਐਸਐਚਓ ਨਹੀਂ, ਬਲਕਿ ਜਥੇਦਾਰ ਚਲਾ ਰਹੇ ਹਨ। ਇਸ ਪ੍ਰਥਾ ਕਾਰਨ ਐਸਐਸਪੀ ਤਾਂ ਦੂਰ ਡੀਜੀਪੀ ਤੱਕ ਦੇ ਹੁਕਮ ਵੀ ਤਾਕ ਉੱਤੇ ਰੱਖ ਦੇਣ ਤੋਂ ਗੁਰੇਜ਼ ਨਹੀਂ ਹੁੰਦਾ। ਡੀਜੀਪੀ ਸੁਰੇਸ਼ ਅਰੋੜਾ ਨੇ ਅਹੁਦਾ ਸੰਭਾਲਦਿਆਂ ਹੀ ਐਲਾਨ ਕੀਤਾ ਸੀ ਕਿ ਥਾਣਿਆਂ ਵਿੱਚ ਹਲਕਾ ਇੰਚਾਰਜਾਂ ਦਾ ਦਖ਼ਲ ਖਤਮ ਕੀਤਾ ਜਾਵੇਗਾ ਪਰ ਥੋੜੇ ਸਮੇਂ ਵਿੱਚ ਹੀ ਡੀਜੀਪੀ ਇਸ ਮੁੱਦੇ ’ਤੇ ਖਾਮੋਸ਼ ਹੋ ਗਏ।

ਧੰਨਵਾਦ ਸਹਿਤ: ਪੰਜਾਬੀ ਟ੍ਰਿਬਿਊਨ

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

‘ਪਿੰਡ ਬਚਾਓ ਪੰਜਾਬ ਬਚਾਓ ਸੰਸਥਾ’ ਵੱਲੋਂ 14 ਅਗਸਤ ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਵਿਚਾਰ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਸਵੇਰੇ 10:30 ਵਜੇ ਸ਼ੁਰੂ ਹੋਵੇਗਾ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ
ਪੰਜਾਬ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸਾਖੀ ਮੌਕੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਪਾਸ ਕੀਤੇ ਗਏ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026’
ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਸਿੱਖ ਕੌਮ ਵੱਲੋਂ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ, ਇਸ ਦੇ ਨਾਲ-ਨਾਲ ਹੀ ਸਮੇਂ-ਸਮੇਂ ਉੱਤੇ ਸ੍ਰੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: