ਚੰਡੀਗੜ੍ਹ (4 ਸਤੰਬਰ, 2013):- ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਜੋ ਇਸ ਸਮੇਂ ਆਪਣਾ ਇਲਾਜ਼ ਕਰਵਾਉਣ ਲਈ ਅਮਰੀਕਾ ਗਈ ਹੋਈ ਹੈ, ਨੂੰ ਬੜੀ ਮਾੜੀ ਸਥਿਤੀ ਵਿੱਚੋਂ ਗੁਜ਼ਰਨਾਂ ਪੈ ਰਿਹਾ ਹੈ। ਉਥੇ ਮਨੁੱਖੀ ਅਧਿਕਾਰਾਂ ਬਾਰੇ ਜੱਥੇਬੰਦੀ ਸਿੱਖਸ ਫਾਰ ਜਸਟਿਸ ਨੇ ਉਸਦੇ ਖਿਲਾਫ ਅਮਰੀਕੀ ਅਦਾਲਤ ਵਿੱਚ ਮਨੁੱਖੀ ਅਧਿਕਾਰਾਂ ਦੇ ਘਾਣ ਤਹਿਤ ਇੱਕ ਅਪੀਲ ਦਾਇਰ ਕਰ ਦਿੱਤੀ ਹੈ।
ਅਦਾਲਤ ਵੱਲੋਂ ਇਸ ਅਪੀਲ ਤਹਿਤ ਸੋਨੀਆ ਗਾਂਧੀ ਨੂੰ ਸੰਮਨ ਜਾਰੀ ਕਰ ਦਿੱਤੇ ਹਨ। ਇਹ ਸੰਮਨ ਸੋਨੀਆ ਗਾਂਧੀ ਨੂੰ ਨਵੰਬਰ 1984 ਵਿੱਚ ਸਿੱਖਾਂ ਦੇ ਕਤਲੇਆਮ ਦੀ ਸਾਜਿਸ ,ਕਾਤਲਾਂ ਨੂੰ ਬਚਾਉਣ ਅਤੇ ਦੋਸ਼ੀਆਂ ਦੀ ਹੁਣ ਤੱਕ ਪੁਸ਼ਤ ਪਨਾਹੀ ਕਰਦਿਆਂ ਉਨ੍ਹਾਂ ਨੂੰ ਸਿਆਸੀ ਤੇ ਹੋਰ ਥਾਵਾਂ ਤੇ ਉੱਚੇ ਰੁਤਬੇ ਪ੍ਰਦਾਨ ਕਰਨ ਦੇ ਵਿਰੋਧ ਵਿੱਚ ਜਾਰੀ ਕੀਤੇ ਗਏ ਹਨ।
ਸਿੱਖਸ ਫਾਰ ਜਸਟਿਸ ਦੀ ਅਪੀਲ ਤੇ ਜਾਰੀ ਹੋਏ ਸੰਮਨਾ ਕਾਰਨ ਜਿੱਥੇ ਸੋਨੀਆ ਕਸੂਤੀ ਸਥਿਤੀ ਵਿੱਚ ਫਸ ਗਈ ਹੈ, ਉਥੇ ਭਾਰਤ ਸਰਕਾਰ ਨੂੰ ਵੀ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ।
ਅਮਰੀਕਾ ਵਿੱਚ ਕਾਰਜ਼ਸ਼ੀਲ ਮਨੁੱਖੀ ਅਧਿਕਾਰਾਂ ਦੀ ਜੱਥੇਬੰਦੀ ਸਿੱਖਸ ਫਾਰ ਜਸਟਿਸ ਅਤੇ ਨਵੰਬਰ 1984 ਦੇ ਪੀੜਤਾਂ ਵਲੋਂ ਸੋਨੀਆ ਗਾਂਧੀ ਖਿਲਾਫ ਏਲੀਅਨ ਟੋਰਟਸ ਕਲੇਮਸ ਐਕਟ ਅਤੇ ਟਾਰਚਰ ਵਿਕਟਮ ਪ੍ਰੋਡਕਸ਼ਨ ਐਕਟ ਤਹਿਤ ਮੁਕੱਦਮਾ ਦਾਇਰ ਕੀਤਾ ਗਿਆ ਹੈ।3ਸਤੰਬਰ ਨੂੰ ਨਿਊਯਾਰਕ ਦੀੇ ਪੂਰਬੀ ਜਿਲਾ ਅਦਾਲਤ ਵਿੱਚ ਦਾਇਰ ਕੀਤੇ ਮੁਕੱਦਮੇ ਵਿੱਚ ਸਿੱਖਸ ਫਾਰ ਜਸਟਿਸ ਅਤੇ ਪੀੜਤਾਂ ਨੇ ਕਮਲ ਨਾਥ, ਸੱਜਣ ਕੁਮਾਰ , ਜਗਦੀਸ਼ ਟਾਇਟਲਰ, ਅਤੇ ਕਾਂਗਰਸ ਪਾਰਟੀ ਦੇ ਹੋਰ ਆਗੂਆਂ ਨੂੰ ਉਨ੍ਹਾਂ ਵੱਲੋਂ ਮਨੁੱਖਤਾ ਖ਼ਿਲਾਫ ਕੀਤੇ ਅਪਰਾਧਾਂ ਲਈ ਬਚਾਉਣ ਵਿੱਚ ਕਾਂਗਰਸ ਪਾਰਟੀ ਦੀ ਪ੍ਰਧਾਨ ਤੋਂ ਮੁਆਵਜਾ ਅਤੇ ਨੁਕਸਾਨ ਪੂਰਤੀ ਦੀ ਮੰਗ ਕੀਤੀ ਹੈ।
ਅਮਰੀਕੀ ਅਦਾਲਤ ਵਿੱਚ ਦਾਇਰ ਕੀਤੀ ਗਈ 27 ਸਫਿਆਂ ਦੀ ਅਪੀਲ ਵਿੱਚ ਕਿਹਾ ਗਿਆ ਹੈ ਕਿ 15 ਅਗਸਤ 2013 ਨੂੰ ਉਨ੍ਹਾਂ ਦੀ ਅਗਵਾਈ ਵਿੱਚਲੀ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਤਿਲਕ ਵਿਹਾਰ ਨਵੀਂ ਦਿਲੀ ਵਿੱਚ ਹਮਲਾ ਕੀਤਾ ਸੀ, ਜਿੱਥੇ ਨਵੰਬਰ 1984 ਦੇ ਜਿਆਦਾਤਰ ਪੀੜਤ ਤੇ ਸਿੱਖ ਵਿਧਵਾਵਾਂ ਰਹਿੰਦੀਆਂ ਹਨ। ਇਸ ਹਮਲੇ ਦਾ ਮੱਕਸਦ ਇੱਥੇ ਰਹਿੰਦੇ ਗੁਆਹਾਂ ਅਤੇ ਮੁੱਦਈ ਧਿਰ ਦੇ ਮੈਬਰਾਂ ਨੂੰ ਨੁਕਸਾਨ ਪਹੁਚਾਇਆ ਜਾਵੇ ,ਤਾਂ ਜੋ ਉਨ੍ਹਾਂ ਦੀ ਪਾਰਟੀ ਦੈ ਮੈਬਰਾਂ, ਅਹੁਦੇਦਾਰਾਂ ਅਤੇ ਸਮਰਥਕਾਂ ਨੂੰ ਬਚਾਇਆਂ ਜਾ ਸਕੇ, ਜਿਨ੍ਹਾਂ ਨੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਵਿੱਚ ਸਰਗਰਮ ਭੂਮਿਕਾ ਨਿਭਾਈ ਸੀ।
ਹਮਲਾ ਕਰਨ ਵਾਲਿਆਂ ਨੂੰ ਪੁਲਿਸ ਦਾ ਪੂਰਾ ਸਮਰਥਨ ਹਾਸਲ ਸੀ ਅਤੇ ਇਸ ਵਿੱਚ ਕਈ ਸਿੱਖ ਜ਼ਖ਼ਮੀ ਹੋ ਗੲੈ ਸਨ । ਇਹ ਤਾਜ਼ਾ ਹਮਲਾ ਨਵੰਬਰ 1984 ਤੋਂ ਸ਼ੁਰੂ ਹੋ ਕੇ ਭਾਰਤ ਦੀ ਸਿੱਖ ਆਬਾਦੀ ਤੇ ਕੀਤੇ ਗਏ ਨਸਲਕੁਸ਼ੀ ਦਾ ਹੀ ਇੱਕ ਹਿੱਸਾ ਸੀ।
ਇਸ ਮਾਮਲੇ ਵਿੱਚ ਜਿਊਰੀ ਟਰਾਇਲ ਦੀ ਮੰਗ ਕਰਦਿਆਂ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ 1 ਨਵੰਬਰ 1984 ਤੋਂ 4 ਨਵੰਬਰ ਦੌਰਾਨ ਇੱਕ ਘੱਟ ਗਿਣਤੀ ਭਾਈਚਾਰਾ ਜਿਨ੍ਹਾਂ ਨੂੰ ਸਿੱਖ ਕਿਹਾ ਜਾਂਦਾ ਹੈ, ਦੇ ਕਰੀਬ 30000 ਮੈਬਰਾਂ ‘ਤੇ ਕਾਤਲ ਦਸਤਿਆਂ ਵੱਲੋਂ ਸੋਚੇ ਸਮਝੇ ਇਰਾਦੇ ਨਾਲ ਤਸ਼ੱਦਦ ਕੀਤਾ ਗਿਆ, ਬਲਾਤਕਾਰ ਅਤੇ ਕਤਲ ਕੀਤੇ ਗਏ ਸਨ। ਜਿਨ੍ਹਾਂ ਨੂੰ ਸੱਤਾਧਾਂਰੀ ਕਾਂਗਰਸ ਪਾਰਟੀ ਵੱਲੋਂ ਭੜਾਇਆ ਗਿਆ ਸੀ ਅਤੇ ਹਥਿਆਰਾਂ ਨਾਲ ਲੈਸ਼ ਕੀਤਾ ਗਿਆ ਸੀ।