ਫਰੀਮਾਂਟ, ਕੈਲੀਫੋਰਨੀਆ (ਸਤੰਬਰ 08, 2014): ਗੁਰਦੁਆਰਾ ਸਾਹਿਬ ਫਰੀਮਾਂਟ ਵਿਚ ਮਨੁੱਖੀ ਅਧਿਕਾਰਾਂ ਦੇ ਮਸੀਹਾ ਭਾਈ ਜਸੰਵਤ ਸਿੰਘ ਖਾਲੜਾ ਦਾ 19ਵਾਂ ਸ਼ਹੀਦੀ ਦਿਹਾੜਾ ਬੀਤੇ ਦਿਨੀਂ ਵੈਰਾਗ, ਉਤਸ਼ਾਹ ਤੇ ਚੜ੍ਹਦੀ ਕਲਾ ਵਿਚ ਮਨਾਇਆ ਗਿਆ। ਇਸ ਮੌਕੇ ਭਾਈ ਜਸਵੰਤ ਸਿੰਘ ਖਾਲੜਾ ਦੀ ਬੇਟੀ ਬੀਬੀ ਨਵਕਿਰਨ ਕੌਰ ਖਾਲੜਾ ਨੇ ਬਹੁਤ ਹਲੀਮੀ ਵਿਚ ਸਿੱਖ ਕੌਮ ਦੇ ਹਲੇਮੀ ਰਾਜ ਬਾਰੇ ਆਪਣੇ ਸਟੀਕ ਵੀਚਾਰ ਪੇਸ਼ ਕਰਦਿਆਂ ਸੰਗਤਾਂ ਨੂੰ ਖਾਲੜਾ ਸਾਹਿਬ ਦੇ ਮਹਾਨ ਮਿਸ਼ਨ ਮਨੁੱਖੀ ਅਧਿਕਾਰਾਂ ਲਈ ਮਜ਼ਬੂਤ ਹੋਣ ਲਈ ਬੇਨਤੀ ਵੀ ਕੀਤੀ।

ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਪੰਥਕ ਜਥੇਬੰਦੀਆ ਵੱਲੋਂ ਬੀਬੀ ਨਵਕਿਰਨ ਕੌਰ ਖਾਲੜਾ ਨੂੰ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਇਤਿਹਾਸਕ ਤਕਰੀਰ ਪਰਦੇ ਉੱਤੇ ਦਿਖਾਈ ਗਈ, ਜਿਸ ਨੂੰ ਸੰਗਤਾਂ ਨੇ ਸਾਹ ਰੋਕ ਕੇ ਸੁਣਿਆ।
ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਪੰਜਾਬ ਪੁਲਿਸ ਨੇ 6 ਸਤੰਬਰ, 1995 ਨੂੰ ਉਨ੍ਹਾਂ ਦੀ ਕਬੀਰ ਪਾਰਕ (ਅੰਮ੍ਰਿਤਸਰ) ਸਥਿਤ ਰਿਹਾਇਸ਼ ਉੱਤੋਂ ਚੁੱਕ ਕੇ ਜ਼ਬਰੀ ਲਾਪਤਾ ਕਰ ਦਿੱਤਾ ਸੀ। ਸ. ਜਸਵੰਤ ਸਿੰਘ ਖਾਲੜਾ ਨੇ ਪੰਜਾਬ ਵਿਚ ਵੱਡੇ ਪੱਧਰ ਉੱਤੇ ਵਾਪਰੇ ਮਨੁੱਖੀ ਹਕਾਂ ਦੇ ਘਾਣ ਦਾ ਸੱਚ ਸੰਸਾਰ ਸਾਹਮਣੇ ਉਜਾਗਰ ਕੀਤਾ ਸੀ। ਇਸ ਕਾਰਜ ਲਈ ਉਨ੍ਹਾਂ ਆਪਣੀ ਜਿੰਦੜੀ ਉੱਤੇ ਭਾਰੀ ਖਤਰਾ ਮੁੱਲ ਲਿਆ ਅਤੇ ਅਖੀਰ ਆਪਣੀ ਜ਼ਿੰਦਗੀ ਹੀ ਇਸ ਕਾਰਜ ਦੇ ਲੇਖੇ ਲਗਾ ਦਿੱਤੀ।
