ਲੰਡਨ ( 15 ਅਗਸਤ, 2015): ਸਿੱਖਾਂ ਦੀਆਂ ਨੱਬੇ ਫੀਸਦੀ ਤੋਂ ਵੱਧ ਕੁਰਬਾਨੀਆਂ ਨਾਲ ਅਜ਼ਾਦ ਹੋਏ ਭਾਰਤ ਵਿੱਚ ਸਿੱਖਾਂ ਸਮੇਤ ਘੱਟ ਗਿਣਤੀਆਂ ਨਾਲ ਧੱਕਾ ਅਤੇ ਵਿਤਕਰਾ ਲਗਾਤਾਰ ਜਾਰੀ ਹੈ। ਭਾਰਤੀ ਫੌਜ ਵਲੋਂ ਜੂਨ 1984 ਦਾ ਖੂਨੀ ਘੱਲੂਘਾਰਾ ,ਨਵੰਬਰ ਵਿੱਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਅਤੇ ਸਿੱਖ ਨੌਜਵਾਨਾਂ ਦੀਆਂ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਅਣਗਿਣਤ ਸ਼ਹਾਦਤਾਂ ਇਸ ਦਾ ਪ੍ਰਤੱਖ ਪ੍ਰਮਾਣ ਹੈ ਕਿ ਸਿੱਖ ਭਾਰਤ ਵਿੱਚ ਗੁਲਾਮ ਹਨ।

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ ,ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਨੇ ਜਾਰੀ ਪ੍ਰੈੱਸ ਰਿਲੀਜ਼ ਵਿੱਚ ਦੱਸਿਆ ਕਿ 15 ਅਗਸਤ ਸ਼ਨੀਚਰਵਾਰ ਨੂੰ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨਰ ( ਭਾਰਤੀ ਅੰਬੈਸੀ ) ਦੇ ਮੂਹਰੇ ਸਿੱਖਾਂ ਵਲੋਂ ਭਾਰੀ ਰੋਸ ਮੁਜਾਹਰਾ ਕੀਤਾ ਜਾਵੇਗਾ ।
ਮੁਜਾਹਰੇ ਦੌਰਾਨ ਬਾਪੂ ਸੂਰਤ ਸਿੰਘ ਖਾਲਸਾ ਵਲੋਂ ਜੇਹਲਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਵਾਸਤੇ ਵਿੱਢੇ ਹੋਏ ਸੰਘਰਸ਼ ਦੀ ਅਵਾਜ਼ ਬੁਲੰਦ ਕੀਤੀ ਜਾਵੇਗੀ । ਸਿੱਖ ਕੌਮ ਨੂੰ ਸੱਦਾ ਗਿਆ ਹੈ ਕਿ ਆਪਣੀ ਜ਼ਮੀਰ ਦੀ ਅਵਾਜ਼ ਸੁਣਦੇ ਹੋਏ ਭਾਰਤ ਦੇ ਅਖੌਤੀ ਅਜ਼ਾਦੀ ਦਿਨ ਦਾ ਮੁਕੰਮਲ ਬਾਈਕਾਟ ਕਰਦਿਆਂ ਇਸ ਦਿਨ ਦੁਨੀਆਂ ਭਰ ਵਿੱਚ ਰੋਸ ਪ੍ਰਦਸ਼ਨ ਕੀਤੇ ਜਾਣ ।
ਇਸ ਦਿਨ ਹਰ ਸਿੱਖ ਨੂੰ ਇਹ ਮਹਿਸੂਸ ਕਰਨ ਦੀ ਜਰੂਰਤ ਹੈ ਕਿ ਅਸੀਂ ਭਾਰਤ ਵਿੱਚ ਗੁਲਾਮ ਹਾਂ ਅਤੇ ਇਸ ਗੁਲਾਮੀਂ ਨੂੰ ਗਲੋਂ ਲਾਹੁਣਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ,ਸ੍ਰੀ ਦਰਬਾਰ ਸਾਹਿਬ ,ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਸਤਿਕਾਰ ਅਤੇ ਪਿਆਰ ਦੀ ਭਾਵਨਾ ਰੱਖਣ ਵਾਲੇ ਅਤੇ ਡੇਢ ਲੱਖ ਦੇ ਕਰੀਬ ਸ਼ਹੀਦ ਹੋਏ ਸਿੱਖਾਂ ਦਾ ਦਰਦ ਮਹਿਸੂਸ ਕਰਨ ਵਾਲੇ ਸਿੱਖਾਂ ਨੂੰ ਅਜ਼ਾਦੀ ਦੇ ਜਸ਼ਨਾਂ ਵਿੱਚ ਸ਼ਾਮਲ ਹੋ ਕੇ ਕੌਮੀ ਸ਼ਹੀਦਾਂ ਨਾਲ ਧ੍ਰੋਹ ਕਮਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਭਾਰਤੀ ਅਜ਼ਾਦੀ ਦਾ ਦਿਨ ਸਿੱਖਾਂ ਵਾਸਤੇ ਬਰਬਾਦੀ ਦਾ ਦਿਨ ਹੈ। ਪਿਛਲੇ 68 ਸਾਲਾਂ ਵਿੱਚ ਜਿੰਨੇ ਜ਼ੁਲਮ ਸਿੱਖਾਂ ਤੇ ਤੇ ਇਸ ਅਖੌਤੀ ਅਜਾਦ ਦੇਸ਼ ਵਿੱਚ ਸਿੱਖਾਂ ਤੇ ਹੋਏ ਹਨ ਇਸ ਨੂੰ ਮੱਦੇ ਨਜ਼ਰ ਰੱਖਦਿਆਂ ਸਿੱਖ ਇਸ ਨੂੰ ਆਪਣਾ ਦੇਸ਼ ਨਾ ਸਮਝਣ ਲਈ ਮਜਬੂਰ ਹਨ । ਭਾਰਤ ਵਿੱਚ ਸਿੱਖਾਂ ਦੇ 68 ਸਾਲਾਂ ਦੌਰਾਨ ਹੋਏ ਸਰਕਾਰੀ ਜ਼ੁਲਮਾਂ ਦੇ ਮੁਕਾਬਲੇ ਅਬਦਾਲੀ,ਮੀਰ ਮੰਨੂ,ਜ਼ਕਰੀਏ ,ਹਿਟਲਰ ਵਰਗਿਆਂ ਦੇ ਜ਼ੁਲਮ ਵੀ ਬੌਣੇ ਨਜ਼ਰ ਆ ਰਹੇ ਹਨ ।ਇਸ ਦਿਨ ਨੂੰ ਕਾਲੇ ਦਿਨ ਵਜੋ ਮਨਾਉਂਦਿਆਂ 15 ਅਗਸਤ ਦਿਨ ਸ਼ਨਿੱਚਰਵਾਰ ਨੂੰ ਸਿੱਖ ਜਥੇਬੰਦੀਆਂ ਵਲੋਂ ਲੰਡਨ ਸਥਿਤ ਹਿੰਦੋਤਸਾਨੀ ਐਬੰਸੀ ਦੇ ਮੂਹਰੇ ਇੱਕ ਵਜੇ ਤੋਂ ਤਿੰਨ ਵਜੇ ਤੱਕ ਰੋਸ ਮੁਜਾਹਰਾ ਕੀਤਾ ਜਾਵੇਗਾ ।
ਇਹਨਾਂ 68 ਸਾਲਾਂ ਦੌਰਾਨ ਸਿੱਖਾਂ ਤੇ ਜਿੱਥੇ ਸਰੀਰਕ ਤੌਰ ਜੁਲਮਾਂ ਦਾ ਕਹਿਰ ਹੋਇਆ ਹੋਇਆ ਹੈ ਉੱਥੇ ਸਿੱਖਾਂ ਨੂੰ ਸਿਧਾਂਤਕ ਤੌਰ ਤੇ ਤਰਾਂ ਤਰਾਂ ਦੀਆਂ ਮੁਸ਼ਕਲਾਂ ਦਰਪੇਸ਼ ਹਨ । ਸਿੱਖੀ ਦੇ ਸੁਨਿਹਰੀ ਸਿਧਾਂਤਾਂ ਤੇ ਬ੍ਰਾਹਮਣਵਾਦੀ ਅਤੇ ਨਾਸਤਕਪੁਣੇ ਦਾ ਰੰਗ ਚਾੜਨ ਲਈ ਸਿੱਖ ਵਿਰੋਧੀ ਲਾਬੀ ਪੂਰੀ ਤਰਾਂ ਨਾਲ ਸਰਗਰਮ ਹੈ ।
ਅੱਜ ਕੌਮੀ ਅਜ਼ਾਦੀ ਲਈ ਸੰਘਰਸ਼ ਕਰਨਾ ਹਰ ਸਿੱਖ ਲਈ ਬਹੁਤ ਜਰੂਰੀ ਹੈ । ਕਿਉਂ ਕਿ ਸਮੁੱਚੀਆਂ ਮੁਸ਼ਕਲਾਂ ,ਸਮੂਹ ਸਮੱਸਿਆਵਾਂ ਦਾ ਇੱਕੋ ਇੱਕ ਸਥਾਈ ਹੱਲ ਖਾਲਿਸਤਾਨ ਹੀ ਹੈ । ਖਾਲਿਸਤਾਨ ਸਿੱਖਾਂ ਦਾ ਕੌਮੀ ਨਿਸ਼ਾਨਾ ਹੈ ,ਇਸ ਕਰਕੇ ਇਸ ਦੀ ਪੂਰਤੀ ਲਈ ਆਪੋ ਆਪਣੇ ਢੰਗ ਤਰੀਕਿਆਂ ਨਾਲ ਯਤਨ ਕਰਨ ਦੀ ਬੇਹੱਦ ਜਰੂਰਤ ਹੈ।
ਉਨ੍ਹਾਂ ਇੰਗਲੈਂਡ ਵਿੱਚ ਵਸਦੇ ਸਿੱਖਾਂ ਨੂੰ ਵਧ ਚੜ ਕੇ ਇਸ ਵਿੱਚ ਸ਼ਾਮਲ ਹੋਣ ਲਈ ਅਪੀਲ ਕਰਦਿਆਂ ਸੱਦਾ ਦਿੱਤਾ ਕਿ ਖਾਲਿਸਤਾਨ ਦੀ ਜੰਗੇ ਅਜਾਦੀ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਜੇਹਲਾਂ ਵਿੱਚ ਬੰਦ ਸਿੰਘਾਂ ਦੇ ਹੱਕ ਵਿੱਚ ਅਵਾਜ ਬੁਲੰਦ ਕਰੀਏ ।