ਲੰਡਨ (19 ਜਨਵਰੀ, 2015): ਸਿੱਖ ਫੈਡਰੇਸ਼ਨ ਯੂ. ਕੇ. ਨੇ ਸਰਕਾਰ ਪਾਸੋਂ ਸਿੱਖਾਂ ਦੀ ਸੁਰੱਖਿਆ ਦੀ ਮੰਗ ਕਰਦਿਆਂ ਇੱਕ ਸਿੱਖ ‘ਤੇ ਹੋਏ ਹਮਲੇ ਨੂੰ ਅੱਤਵਾਦ ਹਮਲੇ ਅਨੁਸਾਰ ਜਾਂਚ ਕਰਨ ਦੀ ਅਪੀਲ ਕੀਤੀ ਹੈ।

ਬੀਤੇ ਹਫ਼ਤੇ ਉੱਤਰੀ ਵੇਲਜ਼ ਦੇ ਇਲਾਕੇ ਵਿਚ ਇੱਕ ਟੈਸਕੋ ਸੁਪਰ ਸਟੋਰ ਵਿਚ ਸ਼ਰੇਆਮ ਜ਼ੈਕ ਡੇਵਿਸ ਨਾਂਅ ਦੇ 25 ਸਾਲਾ ਵਿਅਕਤੀ ਵੱਲੋਂ ਇੱਕ 24 ਸਾਲਾ ਸਿੱਖ ਵਿਅਕਤੀ ‘ਤੇ ਹਮਲਾ ਕਰਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰਨ ਦੀ ਘਟਨਾ ਦੀ ਨਿੰਦਾ ਕਰਦਿਆਂ ਭਾਈ ਅਮਰੀਕ ਸਿੰਘ ਗਿੱਲ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਬਰਤਾਨੀਆ ਵਿਚ 7 ਲੱਖ ਸਿੱਖ ਵਸਦੇ ਹਨ, ਜੋ ਹੋਰਨਾਂ ਭਾਈਚਾਰਿਆਂ ਲਈ ਪ੍ਰੇਰਣਾ ਸਰੋਤ ਵੀ ਹਨ, ਬਰਤਾਨਵੀ ਸਿੱਖਾਂ ਦੀ ਕਾਮਯਾਬੀ ਅਤੇ ਬਰਤਾਨੀਆ ਦੀ ਘੱਟ ਗਿਣਤੀ ਭਾਈਚਾਰਿਆਂ ਵਿੱਚ ਦੇਣ ਆਪਣੀ ਹੀ ਮਿਸਾਲ ਹੈ।
ਉਨ੍ਹਾਂ ਕਿਹਾ ਕਿ ਪੈਰਿਸ ਹਮਲੇ ਤੋਂ ਬਾਅਦ ਯਹੂਦੀ ਭਾਈਚਾਰੇ ਦੇ ਇਲਾਕੇ ਵਿਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ, ਜਦ ਕਿ ਸਿੱਖਾਂ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਨੇ ਚੁੱਪ ਧਾਰੀ ਹੋਈ ਹੈ।
ਉਨ੍ਹਾਂ ਕਿਹਾ ਕਿ 9/11 ਤੋਂ ਬਾਅਦ ਪੱਛਮੀ ਦੇਸ਼ਾਂ ਵਿੱਚ ਬਹੁਤ ਵਾਰ ਸਿੱਖਾਂ ‘ਤੇ ਹਮਲੇ ਹੋਏ ਅਤੇ ਕਈ ਸਿੱਖਾਂ ਦੇ ਕਤਲ ਵੀ ਹੋਏ ਹਨ। ਪੈਰਿਸ ਹਮਲੇ ਤੋਂ ਬਾਅਦ ਸਿੱਖ ‘ਤੇ ਹੋਇਆ ਇਹ ਨਸਲੀ ਹਮਲਾ ਅਥਾਰਟੀ ਵੱਲੋਂ ਸਿੱਖ ਭਾਈਚਾਰੇ ਦੀ ਯੂ. ਕੇ. ਅਤੇ ਸੰਸਾਰ ਵਿਚ ਪਛਾਣ ਨੂੰ ਲੈ ਕੇ ਫੇਲ੍ਹ ਸਾਬਤ ਹੋਈ ਹੈ।