ਕਮੇਟੀ ਦੀ ਸਾਖ ਨੂੰ ਖਰਾਬ ਕਰਨ ਦਾ ਲਗਾਇਆ ਦੋਸ਼
ਨਵੀਂ ਦਿੱਲੀ (17 ਜੁਲਾਈ, 2015): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੇਨੈਡਾ ਤੋਂ ਛੱਪਣਵਾਲੇ ਪੰਜਾਬੀ ਅਖਬਾਰ ਨੂੰ ਮਾਨਹਾਨੀ ਦਾ ਨੋਟਿਸ ਭੇਜ ਕੇ ਕਾਨੂੰਨੀ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਡੇਲੀ ਹਮਦਰਦ ਅਖਬਾਰ ਨੂੰ ਕਮੇਟੀ ਦੇ ਮੀਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ ਵੱਲੋਂ ਭੇਜੇ ਗਏ ਨੋਟਿਸ ’ਚ ਮਿਤੀ 16 ਜੁਲਾਈ ਦੇ ਅੰਕ ’ਚ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੇ ਅਮਰੀਕਾ ਦੌਰੇ ਦੇ ਦੌਰਾਨ ਕਿਸੇ ਸਿੱਖ ਜਥੇਬੰਦੀ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਇਮੀਗ੍ਰੇਸ਼ਨ ਕਾਨੂੰਨਾਂ ਦੀ ਦੁਰਵਰਤੋਂ ਕਰਨ ਦੇ ਖਿਲਾਫ ਅਮਰੀਕਨ ਸਰਕਾਰ ਦੀ ਉੱਚ ਅਧਿਕਾਰੀ ਅਲੀਨ ਓ ਕੋਨੋਰ ਨੂੰ ਦਿੱਤੇ ਗਏ ਮੰਗ ਪੱਤਰ ਦੀ ਖਬਰ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ।

ਕਮੇਟੀ ਵੱਲੋਂ ਇਸ ਸੰਬੰਧ ’ਚ ਜਾਰੀ ਕੀਤੇ ਗਏ ਪ੍ਰੈਸ ਨੋਟਾਂ ’ਚ ਉਕਤ ਗਿਰੋਹ ਵੱਲੋਂ ਲੋਕਾਂ ਨਾਲ ਠੱਗੀ ਮਾਰਦੇ ਹੋਏ ਅਮਰੀਕਨ ਇਮੀਗ੍ਰੇਸ਼ਨ ਕਾਨੂੰਨਾਂ ਦੀ ਦੁਰਵਰਤੋ ਕਰਕੇ ਸਿਆਸ਼ੀ ਪਨਾਹ ਪਾਬੰਦੀਸ਼ੁਦਾ ਵਸੂਲੀ ਦੇ ਬਦਲੇ ਦਿਵਾਉਣ ਦੀ ਜਾਣਕਾਰੀ ਦਿੱਤੀ ਗਈ ਸੀ। ਪਰ ਅਖ਼ਬਾਰ ਵੱਲੋਂ ਤੱਥਾਂ ਦੀ ਦੁਰਵਰਤੋਂ ਕਰਦੇ ਹੋਏ ਮਨਜੀਤ ਸਿੰਘ ਜੀ.ਕੇ. ਵੱਲੋਂ ਸਮੁੱਚੇ ਸੰਸਾਰ ’ਚ ਸਿਆਸ਼ੀ ਪਨਾਹ ਲੈਣ ਵਾਲੇ ਸਿੱਖਾਂ ਨੂੰ ਮਿਲੀ ਸਿਆਸੀ ਪਨਾਹ ਦੀ ਜਾਂਚ ਕਰਨ ਦੀ ਖ਼ਬਰ ਛਾਪ ਦਿੱਤੀ ਗਈ।
ਜਿਸ ਕਰਕੇ ਸ਼ੋਸ਼ਲ ਮੀਡੀਆ ਤੇ ਦਿੱਲੀ ਕਮੇਟੀ ਨੂੰ ਸਿੱਖਾਂ ਦੇ ਗੁੱਸੇ ਦਾ ਸ਼ਿਕਾਰ ਹੁੰਦੇ ਹੋਏ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਕਮੇਟੀ ਦੀ ਸਾਖ ਨੂੰ ਖ਼ਰਾਬ ਕਰਨ ਅਤੇ ਪੱਤਰਕਾਰਿਤਾ ਦੇ ਮੌਲਿਕ ਸਿਧਾਤਾਂ ਦੀ ਦੁਰਵਰਤੋਂ ਕਰਨ ਦੇ ਕਾਰਨ ਦਿੱਲੀ ਕਮੇਟੀ ਵੱਲੋਂ ਅਖ਼ਬਾਰ ਨੂੰ ਬਿਨਾਂ ਸ਼ਰਤ ਮੁਆਫ਼ੀ ਮੰਗਣ ਦੀ ਮੰਗ ਕੀਤੀ ਗਈ ਹੈ। ਮੁਆਫ਼ੀ ਨਾ ਮੰਗਣ ਦੀ ਸੁਰਤ ’ਚ ਕਮੇਟੀ ਵੱਲੋਂ 100 ਕਰੋੜ ਦੇ ਹਰਜਾਨੇ ਦਾ ਕ੍ਰਿਮੀਨਲ ਕੇਸ ਅਦਾਲਤ ’ਚ ਦਾਖ਼ਲ ਕਰਨ ਦੀ ਵੀ ਚੇਤਾਵਨੀ ਦਿੱਤੀ ਗਈ ਹੈ।