ਚੰਡੀਗੜ੍ਹ (ਐਨ. ਐਸ. ਪਰਵਾਨਾ) : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਜਿਸ ਟੀਮ ਨੇ 3 ਜੁਲਾਈ ਨੂੰ ਅੰਮ੍ਰਿਤਸਰ ਵਿਚ ਪੰਜਾਬ ਵਿਧਾਨ ਸਭਾ ਦੀਆਂ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਉਨ੍ਹਾਂ ਕੋਲੋਂ ਨੌਜਵਾਨਾਂ ਬਾਰੇ ਚੋਣ ਮਨੋਰਥ ਪੱਤਰ ਜਾਰੀ ਕਰਵਾਉਣ ਸਮੇਂ ਜੋ ਗ਼ਲਤੀ ਹੋਈ ਸੀ, ਉਸ ਨਾਲ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜੀ ਹੈ, ਜਿਸ ਕਰਕੇ ਮੇਰੀ ਪਾਰਟੀ ਨੂੰ ਦਰਬਾਰ ਸਾਹਿਬ ਪਹੁੰਚ ਕੇ ਆਪਣੀ ਗ਼ਲਤੀ ਮੰਨ ਲੈਣੀ ਚਾਹੀਦੀ ਹੈ, ਤਾਂ ਕਿ ਪੰਜਾਬ ‘ਚ ਅਮਨ-ਸ਼ਾਂਤੀ ਤੇ ਆਪਸੀ ਭਾਈਚਾਰਾ ਕਾਇਮ ਰੱਖਿਆ ਜਾ ਸਕੇ। ਇਸ ਗੱਲ ਦਾ ਪ੍ਰਗਟਾਵਾ ‘ਆਪ’ ਦੇ ਸੀਨੀਅਰ ਆਗੂ ਤੇ ਸੁਪਰੀਮ ਕੋਰਟ ਦੇ ਵਕੀਲ ਐਚ. ਐਸ. ਫੂਲਕਾ ਨੇ ਅੱਜ ‘ਅਜੀਤ’ ਨਾਲ ਵਿਸ਼ੇਸ਼ ਤੌਰ ‘ਤੇ ਗੱਲਬਾਤ ਕਰਦਿਆਂ ਕੀਤਾ।

ਨਵੀਂ ਦਿੱਲੀ ਤੋਂ ਟੈਲੀਫੋਨ ‘ਤੇ ਇਸ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਫੂਲਕਾ ਨੇ ਕਿਹਾ ਕਿ ਪਿਛਲੇ ਐਤਵਾਰ ‘ਆਪ’ ਦੇ ਕੁਝ ਆਗੂਆਂ ਨੇ ਕੇਜਰੀਵਾਲ ਤੋਂ ਜੋ ਚੋਣ ਮਨੋਰਥ ਪੱਤਰ ਜਾਰੀ ਕਰਵਾਇਆ ਗਿਆ, ਉਸ ਬਾਰੇ ਕਿਤੇ-ਨਾ-ਕਿਤੇ ਗ਼ਲਤੀ ਤਾਂ ਹੋਈ ਹੈ ਪਰ ਮੈਂ ਸਮਝਦਾ ਹਾਂ ਕਿ ਇਸ ‘ਚ ਕੇਜਰੀਵਾਲ ਦਾ ਕੋਈ ਕਸੂਰ ਨਹੀਂ। ਕਸੂਰਵਾਰ ਤਾਂ ‘ਆਪ’ ਦੇ ਆਗੂਆਂ ਦੀ ਉਹ ਟੀਮ ਲੱਗਦੀ ਹੈ, ਜਿਸ ਨੇ ਚੋਣ ਮਨੋਰਥ ਪੱਤਰ ਦਾ ਖਰੜਾ ਤਿਆਰ ਕੀਤਾ, ਜਿਸ ‘ਤੇ ਦਰਬਾਰ ਸਾਹਿਬ ਦੀ ਤਸਵੀਰ ਨਾਲ ‘ਝਾੜੂ’ ਦੀ ਤਸਵੀਰ ਵੀ ਛਾਪ ਦਿੱਤੀ ਗਈ। ਝਾੜੂ ‘ਆਪ’ ਦਾ ਚੋਣ ਨਿਸ਼ਾਨ ਹੈ।
ਯਾਦ ਰਹੇ ਕਿ ਉਕਤ ਟੀਮ ‘ਚ ਅਾਸ਼ੀਸ਼ ਖੇਤਾਨ ਡਾਇਲਾਗ ਇੰਚਾਰਜ ਦਿੱਲੀ, ਹਰਜੋਤ ਸਿੰਘ ਬੈਂਸ ਪ੍ਰਧਾਨ ਯੂਥ ਆਮ ਆਦਮੀ ਪਾਰਟੀ ਪੰਜਾਬ, ਲੋਕ ਸਭਾ ਮੈਂਬਰ ਭਗਵੰਤ ਮਾਨ, ਡਾਇਲਾਗ ਪੰਜਾਬ ਦੇ ਇੰਚਾਰਜ ਪੱਤਰਕਾਰ ਕੰਵਰ ਸੰਧੂ, ‘ਆਪ’ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਆਦਿ ਸ਼ਾਮਿਲ ਸਨ। ਇਹ ਦੇਖਣਾ ਹਾਲੇ ਬਾਕੀ ਹੈ ਕਿ ਫੂਲਕਾ ਦੇ ਨਾਲ ਉਕਤ ਟੀਮ ਦੇ ਇਹ ਸਾਰੇ ਆਗੂ ਵੀ ਆਉਂਦੇ ਐਤਵਾਰ ਨੂੰ ਅੰਮ੍ਰਿਤਸਰ ਪਹੁੰਚਦੇ ਹਨ ਜਾਂ ਨਹੀਂ?
ਫੂਲਕਾ ਨੇ ਕਿਹਾ ਕਿ ਮੇਰੀ ਇਸ ਨਾਜ਼ੁਕ ਮਾਮਲੇ ਨੂੰ ਲੈ ਕੇ ਕੇਜਰੀਵਾਲ ਨਾਲ ਖੁੱਲ੍ਹ ਕੇ ਗੱਲਬਾਤ ਹੋਈ ਹੈ। ਮੈਂ ਉਨ੍ਹਾਂ ਨੂੰ ਸਪੱਸ਼ਟ ਤੌਰ ‘ਤੇ ਦੱਸ ਦਿੱਤਾ ਹੈ ਕਿ ਉਕਤ ਸਾਰੇ ਘਟਨਾਕ੍ਰਮ ਤੋਂ ਸਿੱਖ ਭਾਵਨਾਵਾਂ ਨੂੰ ਚੋਟ ਪਹੁੰਚੀ ਹੈ ਤੇ ਇਸ ਦੀ ਗ਼ਲਤੀ ‘ਆਪ’ ਨੂੰ ਮੰਨ ਲੈਣੀ ਚਾਹੀਦੀ ਹੈ, ਜਿਸ ਤੋਂ ਪ੍ਰਭਾਵਿਤ ਹੋ ਕੇ ਕੇਜਰੀਵਾਲ ਨੇ ਵਿਸ਼ੇਸ਼ ਤੌਰ ‘ਤੇ ਮੇਰੀ ਡਿਊਟੀ ਲਗਾਈ ਹੈ। ਉਨ੍ਹਾਂ ਕਿਹਾ ਕਿ ਮੈਂ ਇਕ ਨਿਮਾਣੇ ਸਿੱਖ ਵਜੋਂ ਤੇ ਆਮ ਆਦਮੀ ਪਾਰਟੀ ਵੱਲੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਲੱਗੀ ਸੱਟ ਨੂੰ ਸ਼ਾਂਤ ਕਰਨ ਲਈ ਵਲੰਟੀਅਰਾਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਜਾ ਰਿਹਾ ਹਾਂ। ਹੁਣ ਇਹ ਦੇਖਣਾ ਹਾਲੇ ਬਾਕੀ ਹੈ ਕਿ 10 ਜੁਲਾਈ ਨੂੰ ਅੰਮ੍ਰਿਤਸਰ ਵਿਚ ਐਡਵੋਕੇਟ ਫੂਲਕਾ ਆਪਣੇ ਵਲੰਟੀਅਰਾਂ ਨੂੰ ਨਾਲ ਲੈ ਕੇ ਕਿੰਨਾ ਕੁ ਪ੍ਰਭਾਵਸ਼ਾਲੀ ਸਾਬਿਤ ਹੁੰਦੇ ਹਨ।
ਧੰਨਵਾਦ ਸਹਿਤ: ਅਜੀਤ