ਖਾਸ ਖਬਰਾਂ » ਸਿੱਖ ਖਬਰਾਂ

ਇੰਡੀਆ ਵੱਲੋਂ ਅਮਰੀਕਾ ਵਿੱਚ ਸਿੱਖ ਅਜ਼ਾਦੀ ਲਹਿਰ ਦੇ ਆਗੂਆਂ ਦੇ ਕਤਲ ਦੀ ਵਿਓਂਤ ਬਾਰੇ ਕੀ ਕਹਿੰਦੀ ਹੈ ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ

November 23, 2023 | By

ਵਾਸ਼ਿੰਗਟਨ: ਇੰਗਲੈਂਡ ਦੇ ਇਕ ਪ੍ਰਮੁੱਖ ਰੋਜਾਨਾ ਅਖਬਾਰ ਫਾਈਨੈਂਸ਼ੀਅਲ ਟਾਈਮਜ਼ ਨੇ ਬੀਤੇ ਦਿਨ ਛਾਪੀ ਇਕ ਖਾਸ ਰਿਪੋਰਟ ਵਿਚ ਇਹ ਤੱਥ ਉਜਾਗਰ ਕੀਤਾ ਹੈ ਕਿ ਅਮਰੀਕੀ ਪ੍ਰਸ਼ਾਸਨ ਨੇ ਇੰਡੀਆ ਵੱਲੋਂ ਅਮਰੀਕਾ ਦੀ ਧਰਤ ਉੱਤੇ ਸਿੱਖ ਅਜ਼ਾਦੀ ਲਹਿਰਨਾਲ ਜੁੜੇ ਵਿਅਕਤੀਆਂ ਦੇ ਕਲਤ ਦੀ ਵਿਓਂਤਬੰਦੀ ਨਾਕਾਮ ਕੀਤੀ ਹੈ।

ਕਤਲ ਦੀ ਵਿਓਂਤ ਬਾਰੇ ਕੀ ਕਹਿੰਦੀ ਹੈ ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ:

ਬੀਤੇ ਦਿਨ ਛਪੀ ਫਾਈਨੈਂਸ਼ੀਅਲ ਟਾਈਮਜ਼ (ਐਫ.ਟੀ.) ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ: “ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਕਈ ਲੋਕਾਂ ਮੁਤਾਬਿਕ ਅਮਰੀਕੀ ਪ੍ਰਸ਼ਾਸਨ ਨੇ ਅਮਰੀਕਾ ਦੀ ਧਰਤੀ ਉੱਤੇ ਇਕ ਅਜ਼ਾਦੀ ਪੱਖੀ (ਸੈਪਟਰਿਸਟ) ਸਿੱਖ ਨੂੰ ਕਤਲ ਕਰਨ ਦੀ ਸਾਜਿਸ਼ ਨਾਕਾਮ ਕੀਤੀ ਹੈ ਅਤੇ ਇੰਡੀਆ ਦੀ ਸਰਕਾਰ ਨੂੰ ਇਸ ਵਿਓਂਤ ਵਿਚ ਇੰਡੀਆ ਦੀ ਸ਼ਮੂਲੀਅਤ ਦੇ ਸਰੋਕਾਰਾਂ ਕਰਕੇ ਤਾੜਨਾ ਜਾਰੀ ਕੀਤੀ ਹੈ”।

ਨਿਸ਼ਾਨੇ ਉੱਤੇ ਕੋਣ ਸੀ?

ਐਫ.ਟੀ. ਵਿਚ ਛਪੀ ਖਬਰ ਵਿਚ ਦਰਜ਼ ਹੈ ਕਿ: “ਇਸ ਵਿਓਂਤ ਦਾ ਨਿਸ਼ਾਨਾ ਗੁਰਪਤਵੰਤ ਸਿੰਘ ਪੰਨੂ ਸੀ ਜੋ ਕਿ ਇਕ ਅਮਰੀਕੀ ਅਤੇ ਕਨੇਡੀਅਨ ਨਾਗਰਿਕ ਹੈ ਅਤੇ ਇੱਕ ਅਜ਼ਾਦ ਸਿੱਖ ਦੇਸ਼ ਖਾਲਿਸਤਾਨ ਦੀ ਲਹਿਰ ਦੀ ਹਿਮਾਇਤ ਕਰਨ ਵਾਲੀ ਅਮਰੀਕਾ ਅਧਾਰਤ ਸੰਸਥਾ ਸਿੱਖਸ ਫਾਰ ਜਸਟਿਸ ਦਾ ਜਨਰਲ ਕੌਂਸਲ ਹੈ”।

ਸਾਜਿਸ਼ ਕਿਵੇਂ ਨਾਕਾਮ ਹੋਈ ਬਾਰੇ ਕੀ ਜਾਣਕਾਰੀ ਸਾਹਮਣੇ ਆਈ?

ਐਫ.ਟੀ. ਨੇ ਦਰਜ਼ ਕੀਤਾ ਹੈ ਕਿ: “ਇਸ ਮਾਮਲੇ ਦੇ ਜਾਣਕਾਰ ਲੋਕਾਂ, ਜਿਹਨਾ ਨੇ ਉਸ ਖੂਫੀਆ ਜਾਣਕਾਰੀ ਜਿਸ ਦੇ ਅਧਾਰ ਉੱਤੇ ਤਾੜਨਾ ਜਾਰੀ ਕੀਤੀ ਗਈ ਹੈ ਦੀ ਸੰਵੇਦਨਸ਼ੀਲਤਾ ਦੇ ਮੱਦੇਨਜ਼ਰ ਆਪਣੇ ਨਾਮ ਨਸ਼ਰ ਨਾ ਕਰਨ ਦੀ ਬੇਨਤੀ ਕੀਤੀ ਹੈ, ਨੇ ਇਹ ਗੱਲ ਸਪਸ਼ਟ ਨਹੀਂ ਕੀਤੀ ਕਿ ਕੀ (ਅਮਰੀਕਾ ਵੱਲੋਂ) ਤਾੜਨਾ ਤੋਂ ਬਾਅਦ ਨਵੀਂ ਦਿੱਲੀ ਦੀ ਅਗਵਾਈ ਵਾਲੇ ਵਿਓਂਤਕਾਰ (ਪਲੌਟਰਜ਼) ਵਿਓਂਤ ਤੋਂ ਪਿੱਛੇ ਹਟ ਗਏ, ਜਾਂ ਫਿਰ ਐਫ.ਬੀ.ਆਈ. ਨੇ ਦਖਲ ਦੇ ਕੇ ਪਹਿਲਾਂ ਤੋਂ ਹਰਕਤ ਵਿਚ ਲਿਆਂਦੀ ਜਾ ਰਹੀ ਵਿਓਂਤਬੰਦੀ ਨੂੰ ਨਾਕਾਮ ਕੀਤਾ”।

ਅਮਰੀਕਾ ਨੇ ਸਹਿਯੋਗੀ ਦੇਸ਼ਾਂ ਨੂੰ ਵੀ ਦੱਸ ਦਿੱਤਾ ਸੀ:

ਐਫ.ਟੀ. ਅਨੁਸਾਰ ਅਮਰੀਕਾ ਨੇ ਕਨੇਡਾ ਦੇ ਸ਼ਹਿਰ ਵੈਨਕੂਵਰ ਵਿਚ ਜੂਨ ਮਹੀਨੇ ਦੌਰਾਨ ਕਨੇਡੀਅਨ ਸਿੱਖ ਅਜ਼ਾਦੀ ਪਸੰਦ (ਸੈਪਟਰਿਸਟ) ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਉਕਤ (ਨਵੀਂ ਦਿੱਲੀ ਦੀ) ਵਿਓਂਤ ਬਾਰੇ ਆਪਣੇ ਸਹਿਯੋਗੀ ਦੇਸ਼ਾਂ (ਅਲਾਈਜ਼) ਨੂੰ ਵੀ ਦੱਸ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਲੰਘੇ ਸਤੰਬਰ ਮਹੀਨੇ ਵਿਚ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਇੰਡੀਆ ਦੇ ਏਜੰਟਾਂ ਦਾ ਹੱਥ ਦਰਸਾਉਂਦੀ ਭਰੋਸੇਯੋਗ ਜਾਣਕਾਰੀ (ਕਰੈਡੀਬਲ ਐਲੀਗੇਸ਼ਨ) ਮੌਜੂਦ ਹੈ।

ਬਰਤਾਨਵੀ ਅਖਬਾਰ ਦੀ ਇਸ ਖਬਰ ਅਨੁਸਾਰ: (ਕਨੇਡਾ ਦੇ ਪ੍ਰਧਾਨ ਮੰਤਰੀ) “ਟਰੂਡੋ ਵੱਲੋਂ ਵੈਨਕੂਵਰ ਵਾਲੇ ਕਤਲ (ਭਾਈ ਨਿੱਝਰ ਦੇ ਕਤਲ) ਦੇ ਵੇਰਵੇ ਜਨਤਕ ਕਰਨ ਤੋਂ ਬਾਅਦ ਵਾਸ਼ਿੰਗਟਨ (ਅਮਰੀਕੀ ਪ੍ਰਸ਼ਾਸਨ) ਨੇ ਪੰਨੂੰ ਮਾਮਲੇ ਦੇ ਵੇਰਵੇ ਆਪਣੇ ਸਹਿਯੋਗੀਆਂ ਦੇ ਵਿਆਪਕ ਸਮੂਹ (ਵਾਈਡਰ ਗਰੁੱਪ ਆਫ ਅਲਾਈਜ਼) ਨਾਲ ਸਾਂਝੇ ਕਰ ਦਿੱਤੇ ਸਨ। ਦੋਹਾਂ ਮਾਮਲਿਆਂ ਦੇ ਮੇਲ ਤੋਂ ਅਮਰੀਕੀ ਸਹਿਯੋਗੀਆਂ ਵਿਚ ਇਹ ਸਰੋਕਾਰ ਉੱਭਰੇ ਸਨ ਕਿ ਇਹਨਾ ਮਾਮਲਿਆਂ ਪਿੱਛੇ ਵਿਹਾਰ ਦੇ ਇਕੋ ਜਿਹੇ ਨਕਸ਼ਾਂ ਦੀ ਸੰਭਾਵਨਾ (ਪੌਸੀਬਲ ਪੈਟਰਨ ਆਫ ਬਿਹੇਵੀਅਰ) ਹੋ ਸਕਦੇ ਹਨ।

ਅਮਰੀਕਾ ਨੇ ਇੰਡੀਆ ਕੋਲ ਵਿਰੋਧ ਕਦੋਂ ਦਰਜ਼ ਕਰਵਾਇਆ ਸੀ?

ਐਫ.ਟੀ. ਵਿਚ ਛਪੀ ਖਬਰ ਵਿਚ ਦਰਜ਼ ਹੈ ਕਿ: “ਹਾਲਾਤ ਦੇ ਜਾਣਕਾਰ ਇਕ ਵਿਅਕਤੀ ਨੇ ਕਿਹਾ ਹੈ ਕਿ ਅਮਰੀਕਾ ਨੇ ਜੂਨ ਮਹੀਨੇ ਵਿਚ (ਇੰਡੀਆ ਦੇ ਪ੍ਰਧਾਨ ਮੰਤਰੀ) ਨਰਿੰਦਰ ਮੋਦੀ ਵੱਲੋਂ ਵਾਸ਼ਿੰਗਟਨ ਦੇ ਉੱਚ-ਪੱਧਰੀ ਦੌਰੇ ਤੋਂ ਬਾਅਦ ਅਮਰੀਕਾ ਨੇ ਵਿਰੋਧ ਦਰਜ਼ ਕਰਵਾ ਦਿੱਤਾ ਸੀ”।

ਅਮਰੀਕੀ ਪ੍ਰਸ਼ਾਸਨ ਨੇ ਸਾਜਿਸ਼ਘਾੜਿਆਂ ਖਿਲਾਫ ਨਿਊਯਾਰਕ ਅਦਾਲਤ ਵਿਚ ਦੋਸ਼-ਪੱਤਰ ਵੀ ਦਾਖਲ ਕਰ ਦਿੱਤਾ ਹੈ:

“ਕੂਟਨੀਤਕ ਤਾੜਨਾ (ਡਿਪਲੋਮੈਟਿਕ ਵਾਰਨਿੰਗ) ਤੋਂ ਇਲਾਵਾ ਅਮਰੀਕਾ ਦੇ ਫੈਡਰਲ ਪ੍ਰੋਸੀਕਿਊਟਰਾਂ ਨੇ ਘੱਟੋ-ਘੱਟ ਇਕ ਸਾਜਿਸ਼ਘਾੜੇ ਖਿਲਾਫ ਨਿਊ ਯਾਰਕ ਦੀ ਜਿਲ੍ਹਾ ਅਦਾਲਤ ਵਿਚ ਇਕ ਲਿਫਾਫਾ ਬੰਦ (ਸੀਲਡ) ਦੋਸ਼-ਪੱਤਰ (ਇੰਡਿਕਟਮੈਨਟ) ਵੀ ਦਾਖਲ ਕਰ ਦਿੱਤੀ ਹੈ।

ਅਮਰੀਕੀ ਨਿਆਂ-ਮਹਿਕਮਾ ਕੀ ਵਿਚਾਰ ਕਰ ਰਿਹਾ ਹੈ?

“ਅਮਰੀਕੀ ਨਿਆ-ਮਹਿਕਮਾ (ਯੂ.ਐਸ. ਜਸਟਿਸ ਡਿਪਾਰਟਮੈਂਟ) ਇਹ ਗੱਲ ਉੱਤੇ ਵਿਚਾਰ ਕਰ ਰਿਹਾ ਹੈ ਕਿ ਕੀ ਲਿਫਾਫਾ ਬੰਦ ਦੋਸ਼ ਪੱਤਰ ਨੂੰ ਖੋਲ੍ਹ ਕੇ ਦੋਸ਼ਾਂ ਨੂੰ ਜਨਤਕ ਕਰ ਦਿੱਤਾ ਜਾਵੇ ਜਾਂ ਫਿਰ ਕਨੇਡਾ ਵੱਲੋਂ ਨਿੱਝਰ ਦੇ ਕਤਲ ਦੇ ਮਾਮਲੇ ਦੀ ਚੱਲ ਰਹੀ ਜਾਂਚ ਪੂਰੀ ਹੋਣ ਤੱਕ ਉਡੀਕ ਕੀਤੀ ਜਾਵੇ”।

ਇਕ ਦੋਸ਼ੀ ਅਮਰੀਕਾ ਛੱਡ ਚੁੱਕਾ ਹੈ:

“ਇਸ ਕਾਰਵਾਈ ਦੀ ਜਾਣਕਾਰੀ ਰੱਖਣ ਵਾਲਿਆਂ ਮੁਤਾਬਿਕ ਹਾਲਾਤ ਨੂੰ ਹੋਰ ਵੀ ਪੇਚੀਦਾ ਬਣਾਉਣ ਵਾਲੀ ਗੱਲ ਇਹ ਹੈ ਕਿ ਇਕ ਵਿਅਕਤੀ ਜਿਸ ਦਾ ਨਾਮ ਦੋਸ਼ ਪੱਤਰ ਵਿਚ ਹੈ, ਬਾਰੇ ਮੰਨਿਆ ਜਾ ਰਿਹਾ ਹੈ ਕਿ ਉਹ ਅਮਰੀਕਾ ਛੱਡ ਕੇ ਜਾ ਚੁੱਕਾ ਹੈ”।

ਅਮਰੀਕੀ ਅਦਾਰਿਆਂ ਨੇ ਅਜੇ ਟਿੱਪਣੀ ਨਹੀਂ ਕੀਤੀ:

ਐਫ.ਟੀ. ਅਨੁਸਾਰ: “ਅਮਰੀਕੀ ਨਿਆਂ ਮਹਿਕਮੇ ਅਤੇ ਐਫ.ਬੀ.ਆਈ. ਨੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ। (ਅਮਰੀਕਾ ਦੀ) ਨੈਸ਼ਨਲ ਸਕਿਓਰਟੀ ਕੌਂਸਲ ਨੇ ਕਿਹਾ ਹੈ ਕਿ ਅਮਰੀਕਾ ਵੱਲੋਂ “ਚੱਲ ਰਹੀ ਕਾਨੂੰਨੀ ਕਾਰਵਾਈ ਜਾਂ ਆਪਣੇ ਸਹਿਯੋਗੀਆਂ ਨਾਲ ਨਿੱਜੀ ਪੱਧਰ ਉੱਤੇ ਚੱਲ ਰਹੀ ਕੂਟਨੀਤਕ ਗੱਲਬਾਤ ਬਾਰੇ ਟਿੱਪਣੀ ਨਹੀਂ ਕੀਤੀ ਜਾਂਦੀ; ਪਰ ਨਾਲ ਹੀ ਇਹ ਵੀ ਕਿਹਾ ਹੈ ਕਿ- ‘ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਸਾਡੇ ਲਈ ਬਹੁਤ ਵੱਡੀ ਤਰਹੀਜ਼ (ਪੈਰਾਮਾਊਂਟ) ਹੈ”।

ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਵਿਚ ਕੀ ਕੁਝ ਨਹੀਂ ਹੈ?

ਇਹ ਗੱਲ ਖਾਸ ਧਿਆਨ ਦੇਣਯੋਗ ਹੈ ਕਿ ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਵਿਚ ਸਿੱਖਾਂ ਜਾਂ ਖਾਲਿਸਤਾਨੀਆਂ, ਸਿੱਖਸ ਫਾਰ ਜਸਟਿਸ ਅਤੇ ਗੁਰਪਤਵੰਤ ਸਿੰਘ ਪੰਨੂ ਬਾਰੇ ਨਾਕਾਰਾਤਮਿਕ ਵਿਸ਼ੇਸ਼ਣ ਦਰਜ਼ ਨਹੀਂ ਹਨ। ਇੰਡੀਅਨ ਖਬਰਖਾਨੇ (ਮੀਡੀਏ) ਨੇ ਜਦੋਂ ਐਫ.ਟੀ. ਦੀ ਰਿਪੋਰਟ ਦੇ ਹਵਾਲੇ ਨਾਲ ਖਬਰਾਂ ਨਸ਼ਰ ਕੀਤੀਆਂ ਹਨ ਤਾਂ ਉਹਨਾ ਖਾਲਿਸਤਾਨੀਆਂ, ਸਿੱਖਸ ਫਾਰ ਜਸਟਿਸ ਅਤੇ ਗੁਰਪਤਵੰਤ ਸਿੰਘ ਪੰਨੂੰ ਬਾਰੇ ਕਈ ਨਾਕਾਰਾਤਮਿਕ ਵਿਸ਼ੇਸ਼ਣ ਆਪਣੇ ਵੱਲੋਂ ਵਰਤੇ ਹਨ।

ਦੱਸ ਦੇਈਏ ਕਿ ਇੰਡੀਆ ਨੇ ਸਿੱਖਸ ਫਾਸ ਜਸਟਿਸ ਉੱਤੇ ਯੂਆਪਾ ਕਾਨੂੰਨ ਤਹਿਤ ਪਾਬੰਦੀ ਲਗਾਈ ਹੋਈ ਹੈ ਅਤੇ ਗੁਰਪਤਵੰਤ ਸਿੰਘ ਪੰਨੂੰ ਨੂੰ (ਕਥਿਤ) ਅੱਤਿਵਾਦੀ ਐਲਾਨਿਆ ਹੈ ਪਰ ਇਹਨਾ ਗੱਲਾਂ ਦਾ ਐਫ.ਟੀ. ਦੀ ਰਿਪੋਰਟ ਵਿਚ ਬਿਲਕੁਲ ਵੀ ਜ਼ਿਕਰ ਨਹੀਂ ਹੈ। ਇਹ ਤੱਥ ਪੱਛਮੀ ਖਬਰਖਾਨੇ ਦੀ ਇਸ ਮਾਮਲੇ ਵਿਚ ਇੰਡੀਅਨ ਖਬਰਖਾਨੇ ਤੇ ਇੰਡੀਆ ਦੀ ਸਰਕਾਰ ਦੇ ਮੁਫਾਦਾਂ ਤੋਂ ਵੱਖਰੀ ਪਹੁੰਚ ਦਾ ਸੂਚਕ ਹੈ।

ਐਫ.ਟੀ. ਨੇ ਆਪਣੀ ਰਿਪੋਰਟ ਵਿਚ ਗੁਰਪਤਵੰਤ ਸਿੰਘ ਪੰਨੂੰ ਅਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਲਈ “ਸੈਪਟਰਿਸਟ” ਵਿਸ਼ੇਸ਼ਣ ਦੀ ਹੀ ਵਰਤੋਂ ਕੀਤੀ ਹੈ ਜੋ ਇਹ ਪ੍ਰਭਾਵ ਹੀ ਦਿੰਦਾ ਹੈ ਕਿ ਦੋਵੇਂ ਇੰਡੀਆ ਤੋਂ ਵੱਖਰੇ ਸਿੱਖ ਮੁਲਕ ਦੇ ਹਾਮੀ ਹਨ।

ਪੰਨੂੰ ਮਾਮਲੇ ਵਿਚ ਅਮਰੀਕਾ ਦੀ ਤਾੜਨਾ ਦੇ ਬਾਵਜੂਦ ਕਨੇਡਾ ਵਿਚ ਭਾਈ ਨਿੱਝਰ ਦਾ ਕਤਲ ਕੀਤਾ ਗਿਆ:

‘ਫਾਈਨੈਂਸ਼ੀਅਲ ਟਾਈਮਜ਼’ ਦੀ ਖਬਰ ਵਿਚ ਜੋ ਵੇਰਵੇ ਸਾਹਮਣੇ ਆਏ ਹਨ ਉਹਨਾ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਨੇ ਪੰਨੂ ਮਾਮਲੇ ਵਿਚ ਇੰਡੀਆ ਦੀ ਸਰਕਾਰ ਨੂੰ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਪਹਿਲਾਂ ਤਾੜਨਾ ਜਾਰੀ ਕਰ ਦਿੱਤੀ ਸੀ। ਇਸ ਤਾੜਨਾ ਦੇ ਬਾਵਜੂਦ ਭਾਈ ਨਿੱਝਰ ਨੂੰ ਕਨੇਡਾ ਵਿਚ ਕਤਲ ਕਰਨ ਦੀ ਵਾਰਦਾਤ ਕਰਵਾਈ ਗਈ। ਜਿਸ ਤੋਂ ਪਤਾ ਲੱਗਦਾ ਹੈ ਕਿ ਇੰਡੀਆ ਨੇ ਅਮਰੀਕਾ ਦੀ ਤਾੜਨਾ ਨੂੰ ਵਿਆਪਕ ਵਿਓਂਤਬੰਦੀ ਦੇ ਪੱਖ ਤੋਂ ਗੰਭੀਰਤਾ ਨਾਲ ਨਹੀਂ ਲਿਆ ਤੇ ਇਸ ਦੇ ਬਾਵਜੂਦ ਹੋਰਨਾਂ ਦੇਸ਼ਾਂ ਵਿਚ ਅਜ਼ਾਦੀ ਪੱਖੀ ਸਿੱਖਾਂ ਦੇ ਕਤਲਾਂ ਦੀ ਰਣਨੀਤੀ ਉੱਤੇ ਅਮਲ ਜਾਰੀ ਰੱਖਿਆ।

ਸਿੱਖ ਫੈਡਰੇਸ਼ਨ ਯੂ.ਕੇ. ਦਾ ਪ੍ਰਤੀਕਰਮ:

‘ਫਾਈਨੈਂਸ਼ੀਅਲ ਟਾਈਮਜ਼’ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਇੰਗਲੈਂਡ ਅਧਾਰਤ ‘ਸਿੱਖ ਫੈਡਰੇਸ਼ਨ ਯੂ.ਕੇ.” ਨੇ ਪ੍ਰਤੀਕਰਮ ਜਾਰੀ ਕਰਦਿਆਂ ਕਿਹਾ ਹੈ ਕਿ ਪੱਛਮੀ ਦੇਸ਼ਾਂ ਵਿਚ ਅਜ਼ਾਦੀ ਪੱਖੀ ਸਿੱਖਾਂ ਨੂੰ ਇੰਡੀਆ ਦੇ ਏਜੰਟਾਂ ਵੱਲੋਂ ਖਤਰੇ ਦੇ ਨਵੇਂ ਸਬੂਤ ਸਾਹਮਣੇ ਆ ਰਹੇ ਹਨ ਪਰ ਇੰਗਲੈਂਡ ਵਿਚਲੀ ਰਿਸ਼ੀ ਸੂਨਕ ਦੀ ਅਗਵਾਈ ਵਾਲੀ ਸਰਕਾਰ ਬਰਤਾਨਵੀ ਸਿੱਖ ਆਗੂਆਂ ਨੂੰ ਇੰਡੀਆ ਕੋਲੋਂ ਖਤਰੇ ਵਾਲੇ ਪੱਖ ਨੂੰ ਬਿਲਕੁਲ ਨਜ਼ਰਅੰਦਾਜ਼ ਕਰ ਰਹੀ ਹੈ।

ਸਿੱਖ ਫੈਡਰੇਸ਼ਨ ਯੂ.ਕੇ. ਕਿਹਾ ਕਿ ਅਮਰੀਕਾ ਦੀ ਧਰਤੀ ਉੱਤੇ ਇੰਡੀਆ ਵੱਲੋਂ ਇਕ ਅਜ਼ਾਦੀ ਪੱਖੀ ਸਿੱਖ ਕਾਰਕੁੰਨ, ਜੋ ਕਿ ਅਮਰੀਕੀ ਨਾਗਰਿਕ ਹੈ, ਨੂੰ ਕਤਲ ਕਰਨ ਦੀ ਵਿਓਂਤ ਉਜਾਗਰ ਹੋਣ ਨੇ ਪਰਤੱਖ ਕਰ ਦਿੱਤਾ ਹੈ ਇਕ ਇਹ ਮਾਮਲਾ ਬਹੁਤ ਗੰਭੀਰ ਹੈ।

⊕ ਸਿੱਖ ਫੈਡਰੇਸ਼ਨ ਯੂ.ਕੇ. ਦਾ ਵਿਸਤਾਰਤ ਪ੍ਰਤੀਕਰਮ ਤੁਸੀਂ ਸਿੱਖ ਸਿਆਸਤ ਦੇ ਅੰਗਰੇਜ਼ੀ ਵਿਚ ਖਬਰਾਂ ਦੇ ਮੰਚ ਉੱਤੇ ਪੜ੍ਹ ਸਕਦੇ ਹੋ –  Sikh Federation UK Criticizes British Govt’s ‘Neglect’ on Threat to Sikhs in UK As New Evidence Emerges from US


⊕ ਇਹਨਾ ਘਟਨਾਵਾਂ ਬਾਰੇ ਪੰਥ ਸੇਵਕਾਂ ਦਾ ਨਜ਼ਰੀਆ ਜਾਨਣ ਲਈ ਇਹ ਵੀਡੀਓ ਜਰੂਰ ਵੇਖੋ – 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , , , ,