November 1, 2023 | By ਮਲਕੀਤ ਸਿੰਘ ਭਵਾਨੀਗੜ੍ਹ
1. ਜਿਵੇਂ ਹੀ ਵਿਵਾਦਤ ਫਿਲਮ ‘ਦਾਸਤਾਨ-ਏ-ਸਰਹਿੰਦ’ ਨੂੰ ਦੁਬਾਰਾ ਤੋਂ ਜਾਰੀ ਕਰਨ ਸਬੰਧੀ ਇਸ਼ਤਿਹਾਰ ਜਨਤਕ ਹੋਇਆ ਤਾਂ ਸਿੱਖ ਸੰਗਤਾਂ ਨੇ ਤੁਰੰਤ ਇਸ ਫਿਲਮ ਨੂੰ ਬੰਦ ਕਰਵਾਉਣ ਲਈ ਆਪਣੇ ਵੱਲੋਂ ਕੋਸ਼ਿਸਾਂ ਆਰੰਭ ਕਰ ਦਿੱਤੀਆਂ।
2. ਫਿਲਮ ਪ੍ਰੋਡਿਊਸਰ ਪੁਸ਼ਪਿੰਦਰ ਸਾਰੋੰ ਅਤੇ ਨਕਲਚੀ (ਫਿਲਮ ਕਲਾਕਾਰ)ਗੁਰਪ੍ਰੀਤ ਘੁੱਗੀ ਵੱਲੋਂ ਪੱਤਰਕਾਰ ਨਾਲ ਗੱਲ ਕਰਦਿਆਂ ਕਥਿਤ ਤੌਰ ’ਤੇ ਸ੍ਰੋ.ਗੁ.ਪ੍ਰ.ਕ ਅਤੇ ਪਿਛਲੀ ਦਫਾ ਫਿਲਮ ਰੁਕਵਾਉਣ ਵਾਲੇ ਜਥਿਆਂ ਤੋਂ ਇਸਦੀ ਮਨਜੂਰੀ ਮਿਲ ਜਾਣ ਦੀ ਝੂਠੀ ਗੱਲ ਵਾਰ-ਵਾਰ ਕਹੀ ਗਈ। ਇਸ ਦੌਰਾਨ ਵੀ ਸਿੱਖ ਸੰਗਤ ਵੱਲੋਂ ਤੁਰੰਤ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਵਾਲ ਪੁੱਛੇ ਗਏ।
3. ਫਿਲਮ ਸਬੰਧੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਲੱਗੇ ਇਸ਼ਤਿਹਾਰਾਂ ਦੀਆਂ ਤਸਵੀਰਾਂ ਜਦੋਂ ਹੀ ਬਿਜਲ ਸੱਥ ‘ਤੇ ਪਈਆਂ ਤਾਂ ਵੀ ਤੁਰੰਤ ਸਿੱਖ ਸੰਗਤ ਨੇ ਇਸ ਸਬੰਧੀ ਸ੍ਰੋਮਣੀ ਕਮੇਟੀ ਤੋਂ ਜਵਾਬ ਮੰਗੇ। ਇਸ ਦੌਰਾਨ ਸ੍ਰੋਮਣੀ ਕਮੇਟੀ ਵੱਲੋਂ ਇਕ ਬਿਆਨ ਆਇਆ ਜਿਸ ਵਿੱਚ ਕਿਹਾ ਗਿਆ ਕਿ ਉਹਨਾਂ ਵੱਲੋਂ ਫਿਲਮ ਨੂੰ ਕਿਸੇ ਕਿਸਮ ਦੀ ਕੋਈ ਮਨਜੂਰੀ ਨਹੀਂ ਦਿੱਤੀ ਗਈ ਅਤੇ ਨਾਲ ਹੀ ਉਹਨਾਂ ਨੇ ਪਿਛਲੇ ਸਾਲ ਵਾਲੇ ਮਤੇ ਦੀ ਗੱਲ ਦੁਹਰਾਈ। ਸੰਗਤ ਦੀ ਇਸ ਪਹਿਰੇਦਾਰੀ ਦਾ ਹੀ ਅਸਰ ਹੋਇਆ ਕਿ ਦਰਬਾਰ ਸਾਹਿਬ ਲੱਗੇ ਇਸ਼ਤਿਹਾਰ ਹਟਾਏ ਗਏ।
4. ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਵਾਰ ਇੱਕ ਬਿਆਨ ਤੋਂ ਅੱਗੇ ਜਾ ਕੇ ਇਸ ਫਿਲਮ ਨੂੰ ਮੁਕੰਮਲ ਤੌਰ ’ਤੇ ਬੰਦ ਕਰਵਾਉਣ ਦਾ ਕੋਈ ਯਤਨ ਨਹੀਂ ਕੀਤਾ। ਜਦੋਂ ਇਹ ਸੰਸਥਾ ਪੰਜਾਬ ਵਿਚ ਹੀ ਇਹ ਕੰਮ ਨਹੀਂ ਰੋਕ ਪਾ ਰਹੀ ਤਾਂ ਪੰਜਾਬ ਤੋਂ ਬਾਹਰ ਫ਼ਿਲਮਾਂ ਬਣਾਉਣ ਵਾਲਿਆਂ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕੇਗਾ?
5. ਵਿਰਲੇ ਇਕ ਦੋ ਖਬਰ ਅਦਾਰਿਆਂ ਨੂੰ ਛੱਡ ਕਿਸੇ ਨੇ ਵੀ ਇਸ ਗੰਭੀਰ ਮਸਲੇ ਸਬੰਧੀ ਆਪਣੀ ਬਣਦੀ ਜਿੰਮੇਵਾਰੀ ਨਹੀਂ ਨਿਭਾਈ। ਇਕ ਖਬਰ ਅਦਾਰੇ ਤੋਂ ਭਰੋਸੇਯੋਗ ਸੱਜਣ ਦੇ ਦੱਸਣ ‘ਤੇ ਪਤਾ ਲੱਗਿਆ ਕਿ ਪੈਸੇ ਅਤੇ ਨਿੱਜੀ ਸੰਪਰਕਾਂ ਰਾਂਹੀ ਫਿਲਮ ਵਪਾਰੀਆਂ ਵੱਲੋਂ ਖਬਰ ਅਦਾਰਿਆਂ ‘ਤੇ ਕਿੰਨਾ ਦਬਾਅ ਪਾਇਆ ਜਾ ਰਿਹਾ ਹੈ। ਪਿਛਲੀ ਦਫਾ ਵੀ ਖਬਰ ਅਦਾਰਿਆਂ ਨੂੰ ਸੰਗਤ ਦੇ ਦਬਾਅ ਨੇ ਹੀ ਆਪਣੀ ਜਿੰਮੇਵਾਰੀ ਦਾ ਅਹਿਸਾਸ ਕਰਵਾਇਆ ਸੀ।
6. ਫਿਲਮ ਪ੍ਰੋਡਿਊਸਰ ਪੁਸ਼ਪਿੰਦਰ ਸਾਰੋਂ ਦੇ ਕਹਿਣ ਅਨੁਸਾਰ ਉਹ ਸਿੱਖੀ ਦਾ ਪ੍ਰਚਾਰ ਚਾਹੁੰਦਾ ਹੈ ਪਰ ਖੁਦ ਅਧਰਮ ਦੇ ਅਨੇਕ ਧੰਦੇ ਕਰਦਾ ਹੈ। ਸੰਗਤ ਜੀ, ਇਹ ਫਿਲਮਾਂ ਵਾਲੇ ਲੋਕ ਮਾਇਆਧਾਰੀ ਹਨ। ਜਦੋਂ ਸਰਸੇ ਵਾਲੇ ਦੀਆਂ ਫਿਲਮਾਂ ਚਲਾ ਕੇ ਇਹਨਾਂ ਨੂੰ ਕਮਾਈ ਹੋਣੀ ਸੀ, ਉਦੋਂ ਪੁਸ਼ਪਿੰਦਰ ਸਾਰੋਂ ਦੇ ਸਿਨੇਮੇ ਵਿੱਚ ਉਹ ਚਲਾ ਕੇ ਖੂਬ ਕਮਾਈ ਕੀਤੀ ਗਈ। ਹੁਣ ਇਧਰੋੰ ਮਾਇਆ ਦਿਖ ਰਹੀ ਤਾਂ ਇਧਰ ਨੂੰ ਹੋ ਗਏ।
7. ਪਿਛਲੇ ਦਿਨੀਂ ਜਦੋਂ ਪੁਸ਼ਪਿੰਦਰ ਸਾਰੋਂ ਨੂੰ ਇੱਕ ਗੁਰੂਘਰ ਵਿੱਚ ਸਮਾਗਮ ਦੌਰਾਨ ਸਨਮਾਨ ਕਰਵਾਉਣ ਲਈ ਬੁਲਾਇਆ ਜਾ ਰਿਹਾ ਸੀ, ਤਾਂ ਸਿੱਖ ਸੰਗਤ ਵੱਲੋਂ ਪਹਿਰੇਦਾਰੀ ਕਰਦਿਆਂ ਪ੍ਰਬੰਧਕਾਂ ਨੂੰ ਸਚਾਈ ਤੋਂ ਜਾਣੂ ਕਰਵਾਇਆ ਗਿਆ ਅਤੇ ਪ੍ਰਬੰਧਕਾਂ ਨੇ ਉਸਨੂੰ ਸਮਾਗਮ ‘ਤੇ ਆਉਣ ਤੋਂ ਮਨ੍ਹਾਂ ਕਰ ਦਿੱਤਾ।
8. ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਢਿੱਲ ਦੇ ਕਰਕੇ ਹੌਲੀ-ਹੌਲੀ ਸਿਨੇਮਾ ਮੰਡੀ ਦੇ ਰਾਹ ਖੁੱਲਦੇ ਜਾ ਰਹੇ ਹਨ। ਜਿਹੜੀ ਗੱਲ ਪ੍ਰਤੀ ਸਿੱਖ ਸੰਗਤ ਸੁਚੇਤ ਹੈ ਅਤੇ ਹਰ ਵਾਰ ਆਪਣੀਆਂ ਸਿਰਮੌਰ ਸੰਸਥਾਵਾਂ ਨੂੰ ਇਸ ਗਲਤ ਕਵਾਇਦ ਤੋਂ ਜਾਣੂ ਕਰਵਾਉਂਦੀ ਹੈ, ਉਸ ਗੱਲ ਪ੍ਰਤੀ ਇਹਨਾਂ ਸੰਸਥਾਵਾਂ ਦੀ ਅਜਿਹੀ ਚੁੱਪ ਦੇ ਬਹੁਤ ਖਤਰਨਾਕ ਮਾਇਨੇ ਹਨ।
9. ਸੰਗਤਾਂ ਦਾ ਵਿਰੋਧ ਲਗਾਤਾਰ ਜਾਰੀ ਹੈ ਅਤੇ ਆਪਣੀ ਬਣਦੀ ਜਿੰਮੇਵਾਰੀ ਨਿਭਾਈ ਜਾ ਰਹੀ ਹੈ। ਸੰਗਤ ਵੱਲੋਂ ਸਿਨੇਮੇ ਵਾਲਿਆਂ ਨੂੰ ਰੋਕਿਆ ਜਾ ਰਿਹਾ ਹੈ, ਫਿਲਮ ਦੇ ਬੋਰਡ ਹਟਾਏ ਜਾ ਰਹੇ ਹਨ ਅਤੇ ਫਿਲਮ ਨੂੰ ਬੰਦ ਕਰਵਾਉਣ ਲਈ ਹਰ ਸੰਭਵ ਤਰੀਕੇ ਯਤਨ ਕੀਤੇ ਜਾ ਰਹੇ ਹਨ ਪਰ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਅਤੇ ਬਹੁਤੇ ਖਬਰ ਅਦਾਰਿਆਂ ਵੱਲੋਂ ਚੁੱਪ ਵੱਟੀ ਹੋਈ ਹੈ।
10. ਇਹ ਅਜਿਹਾ ਸਮਾਂ ਨਹੀਂ ਹੈ, ਜਦੋਂ ਸਿਰਫ ਇੱਕ ਅੱਧਾ ਬਿਆਨ ਦੇਕੇ ਹੀ ਬੁੱਤਾ ਸਾਰ ਦਿੱਤਾ ਜਾਵੇ। ਹੁਣ ਬਿਆਨਾਂ ਤੋਂ ਅੱਗੇ ਵਧਣਾ ਪਵੇਗਾ। ਇਹ ਸਾਰੀ ਢਿੱਲ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੀ ਹੈ ਕਿਉਂਕਿ ਬੀਤੇ ਵਿੱਚ ਅਜਿਹੇ ਫੈਸਲੇ ਇਹ ਕਮੇਟੀ ਲੈ ਰਹੀ ਹੈ ਪਰ ਇਸ ਨਾਲ ਇਹ ਵੀ ਬੀਤੇ ਵਿੱਚ ਗੜਬੜ ਹੋਈ ਹੈ ਕਿ ਜਿਹੜੇ ਫੈਸਲੇ ਅਕਾਲ ਤਖਤ ਸਾਹਿਬ ਤੋਂ ਹੋਣੇ ਚਾਹੀਦੇ ਸਨ ਉਹ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੈ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਹੈ ਅਤੇ ਚਾਹੀਦਾ ਇਹ ਹੈ ਕਿ ਅਜਿਹੇ ਮਸਲਿਆਂ ’ਤੇ ਫੈਸਲੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੀ ਹੋਣ।
11. ਇਤਿਹਾਸ ਦਾ ਇਹ ਸਮਾਂ ਬਹੁਤ ਅਹਿਮ ਹੈ, ਇਹਨਾਂ ਸੰਸਥਾਵਾਂ ਤੋਂ ਪੰਥ ਦੇ ਠੋਸ ਫੈਸਲੇ ਹੋਣੇ ਚਾਹੀਦੇ ਹਨ।
Related Topics: Bhai Malkeet Singh Bhawanigarh, Gurpeet Ghuggi, Sikh Jatha Malwa, Stop Animation or Cartoon Movies on Sikh Gurus, Stop Dastan E-Sirhind, Yograj Singh