ਸਿੱਖ ਖਬਰਾਂ

ਸਿੱਖ ਜਥਾ ਮਾਲਵਾ ਵੱਲੋਂ ਵਿਵਾਦਤ ਫਿਲਮ ‘ਦਾਸਤਾਨ-ਏ-ਸਰਹਿੰਦ’ ‘ਤੇ ਮੁਕੰਮਲ ਪਬੰਦੀ ਲਾਉਣ ਸਬੰਧੀ ਮਤਾ ਪਾਸ

November 21, 2022 | By

ਚੰਡੀਗੜ੍ਹ :- ਆਉਣ ਵਾਲੀ 2 ਦਸੰਬਰ ਨੂੰ ਜਾਰੀ ਹੋਣ ਜਾ ਰਹੀ ਵਿਵਾਦਤ ਫਿਲਮ ‘ਦਾਸਤਾਨ-ਏ-ਸਰਹਿੰਦ’ ‘ਤੇ ਮੁਕੰਮਲ ਪਬੰਦੀ ਲਾਉਣ ਅਤੇ ਭਵਿੱਖ ਵਿੱਚ ਅਜਿਹੀਆਂ ਪੇਸ਼ਕਾਰੀਆਂ/ਪਰਦੇਕਾਰੀਆਂ ‘ਤੇ ਪੱਕੇ ਤੌਰ ‘ਤੇ ਰੋਕ ਲਾਉਣ ਸਬੰਧੀ ਮਤਾ ਪਾਸ ਕੀਤਾ ਗਿਆ। ਮਤੇ ਵਿੱਚ ਲਿਖਿਆ ਗਿਆ ਹੈ ਕਿ ਗੁਰਮਤਿ ਰਵਾਇਤ ਅਨੁਸਾਰ ਗੁਰੂ ਸਾਹਿਬਾਨ ਦੇ ਮਾਤਾ-ਪਿਤਾ, ਗੁਰੂ ਕੇ ਮਹਿਲ, ਸਾਹਿਬਜ਼ਾਦੇ, ਗੁਰੂ ਸਾਹਿਬਾਨ ਦੇ ਜੀਵਨ ਨਾਲ ਸਬੰਧਤ ਮਹਾਨ ਗੁਰਸਿੱਖਾਂ ਅਤੇ ਸ਼ਹੀਦਾਂ ਦੀਆਂ ਮੂਰਤਾਂ ਬਣਾਉਣੀਆਂ ਜਾਂ ਉਨ੍ਹਾਂ ਦੀਆਂ ਨਕਲਾਂ ਲਾਹੁਣ, ਸਵਾਂਗ ਰਚਣ ਅਤੇ ਗੁਰੂ ਬਿੰਬ ਦੀ ਪੇਸ਼ਕਾਰੀ ਦੀ ਸਖਤ ਮਨਾਹੀ ਹੈ। ਸਾਲ 2005 ਵਿਚ ਆਈ ਕਾਰਟੂਨ ਫਿਲਮ ‘ਸਾਹਿਬਜ਼ਾਦੇ’ ਤਕਨੀਕ ਦੇ ਬਹਾਨੇ ਇਸ ਕੁਰਾਹੇ ਵੱਲ ਪੁੱਟਿਆ ਗਿਆ ਕਦਮ ਗੈਰ ਸਿਧਾਂਤਕ ਸੀ। ਜਿਸ ਤੋਂ ਬਾਅਦ ਗੈਰ ਸਿਧਾਂਤਕ ਫ਼ਿਲਮਾਂ ਦੀ ਕਤਾਰ ਲੱਗ ਗਈ, ਜਿਹਨਾਂ ਵਿਚ ਚਾਰ ਸਾਹਿਬਜ਼ਾਦੇ, ਭਾਈ ਮੂਲਾ ਖੱਤਰੀ, ਭਾਈ ਤਾਰੂ ਸਿੰਘ, ਨਾਨਕ ਸ਼ਾਹ ਫਕੀਰ, ਦਾਸਤਾਨ-ਏ-ਮੀਰੀ ਪੀਰੀ, ਮਦਰਹੁੱਡ ਵਰਗੀਆਂ ਫਿਲਮਾਂ ਸ਼ਾਮਲ ਹਨ। ਹੁਣ ‘ਦਾਸਤਾਨ-ਏ-ਸਰਹਿੰਦ’ ਨਾਮੀ ਫਿਲਮ ਇਸ ਸਿਧਾਂਤਕ ਕੁਰਾਹੇ ਦਾ ਅਗਲਾ ਪੜਾਅ ਲੈ ਕੇ ਆਈ ਹੈ। ਫਿਲਮ ਦੇ ਪ੍ਰਸ਼ੰਸਕਾਂ ਵੱਲੋਂ ਬਿਜਲ ਸੱਥ (ਸੋਸ਼ਲ ਮੀਡੀਆ) ਉੱਤੇ ਸਾਂਝੀ ਕੀਤੀ ਗਈ ਜਾਣਕਾਰੀ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਫਿਲਮ ਵਿੱਚ ਮਾਸੂਮ ਬਾਲ ਅਦਾਕਾਰਾਂ ਕੋਲੋਂ ਸਾਹਿਬਜ਼ਾਦਿਆਂ ਦੀਆਂ ਨਕਲਾਂ ਲਾਹੁਣ ਦਾ ਬੱਜਰ ਗੁਨਾਹ ਕੀਤਾ ਗਿਆ ਹੈ।

ਜਥੇ ਵੱਲੋਂ ਕਿਹਾ ਗਿਆ ਕਿ “ਅਸੀਂ ਗੁਰ-ਸ਼ਬਦ ਅਤੇ ਸਿੱਖ ਇਤਿਹਾਸ ਦੇ ਪ੍ਰਚਾਰ ਪ੍ਰਸਾਰ ਦੇ ਹਾਮੀ ਹਾਂ ਪਰ ਅਸੀਂ ਇਹ ਗੱਲ ਬਿਲਕੁਲ ਸਪੱਸ਼ਟਤਾ ਨਾਲ ਕਹਿਣੀ ਚਾਹੁੰਦੇ ਹਾਂ ਕਿ ਪ੍ਰਚਾਰ-ਪ੍ਰਸਾਰ ਦੇ ਬਹਾਨੇ ਖਾਲਸਾਈ ਰਵਾਇਤਾਂ ਦੀ ਉਲੰਘਣਾ ਕਰਨੀ ਅਤੇ ਸਿੱਖਾਂ ਨੂੰ ਬੁੱਤ-ਪ੍ਰਸਤੀ ਦੇ ਕੁਰਾਹੇ ਉੱਪਰ ਤੋਰਨਾ ਸਰਾਸਰ ਗਲਤ ਹੈ ਅਤੇ ਅਜਿਹਾ ਹਰਗਿਜ਼ ਨਹੀਂ ਹੋਣਾ ਚਾਹੀਦਾ।” ਮਤੇ ਵਿੱਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਇਸ ਸਿਧਾਂਤਕ ਕੁਰਾਹੇ ਨੂੰ ਪੱਕੀ ਠੱਲ੍ਹ ਪਾਉਣ ਲਈ ‘ਦਾਸਤਾਨ-ਏ-ਸਰਹਿੰਦ’ ਫਿਲਮ ‘ਤੇ ਤੁਰੰਤ ਰੋਕ ਲਾਈ ਜਾਵੇ ਅਤੇ ਅਗਾਂਹ ਤੋਂ ਅਜਿਹੀਆਂ ਫਿਲਮਾਂ ਬਣਾਉਣ ‘ਤੇ ਮੁਕੰਮਲ ਪਾਬੰਦੀ ਲਈ ਹੁਕਮਨਾਮਾ ਜਾਰੀ ਕੀਤਾ ਜਾਵੇ। ਨਾਲ ਹੀ ‘ਦਾਸਤਾਨ-ਏ-ਸਰਹਿੰਦ’ ਫਿਲਮ ਬਣਾਉਣ ਵਾਲਿਆਂ ਨੂੰ ਵੀ ਇਸ ਫਿਲਮ ਨੂੰ ਬਿਨ੍ਹਾਂ ਦੇਰੀ ਕੀਤਿਆਂ ਵਾਪਸ ਲੈਣ ਸਬੰਧੀ ਕਿਹਾ ਗਿਆ ਹੈ।

ਸਿੱਖ ਜਥਾ ਮਾਲਵਾ ਵੱਲੋਂ ਬਾਕੀ ਜਥਿਆਂ, ਸੰਸਥਾਵਾਂ, ਕਮੇਟੀਆਂ, ਗੁਰਦੁਆਰਾ ਪ੍ਰਬੰਧਕੀ ਜਥਿਆਂ ਨੂੰ ਵੀ ਮਤੇ ਪਾਉਣ ਅਤੇ ਹੋਰ ਸੰਭਵ ਤਰੀਕਿਆਂ ਨਾਲ ਇਸ ਵਿਵਾਦਤ ਫਿਲਮ ਦਾ ਵਿਰੋਧ ਕਰਨ ਲਈ ਬੇਨਤੀ ਕੀਤੀ ਗਈ।

ਇਸ ਮੌਕੇ ਜਥੇਦਾਰ ਗੁਰਜੀਤ ਸਿੰਘ, ਭਾਈ ਸਤਪਾਲ ਸਿੰਘ, ਭਾਈ ਅਮਨਪ੍ਰੀਤ ਸਿੰਘ, ਭਾਈ ਮਲਕੀਤ ਸਿੰਘ ਭਵਾਨੀਗੜ੍ਹ, ਭਾਈ ਹਰਪ੍ਰੀਤ ਸਿੰਘ, ਭਾਈ ਕਰਨ ਸਿੰਘ, ਭਾਈ ਹਰਪ੍ਰੀਤ ਸਿੰਘ ਕਨੋਈ, ਭਾਈ ਬਿਅੰਤ ਸਿੰਘ, ਭੁਜੰਗੀ ਅਰਮਾਨ ਸਿੰਘ, ਭਾਈ ਰਾਣਾ ਸਿੰਘ ਆਦਿ ਸਿੰਘ ਹਾਜਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,