January 18, 2010 | By ਸਿੱਖ ਸਿਆਸਤ ਬਿਊਰੋ
ਲੁਧਿਆਣਾ (17 ਜਨਵਰੀ, 2010): ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ, ਦਲ ਖਾਲਸਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਖਾਲਸਾ ਪੰਚਾਇਤ, ਅਕਾਲ ਫੈਡਰੇਸ਼ਨ, ਸਿੱਖ ਯੂਥ ਆਫ ਪੰਜਾਬ, ਸ਼੍ਰੋਮਣੀ ਪੰਥਕ ਕੌਂਸਲ, ਸ਼੍ਰੋਮਣੀ ਤੱਤ ਖਾਲਸਾ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਸਮੇਤ ਕਈ ਸਿੱਖ ਜਥੇਬੰਦੀਆਂ ਨੇ ਸਰਬਸੰਮਤੀ ਨਾਲ ਫੈਸਲਾ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ‘ਨਾਨਕਸ਼ਾਹੀ ਕੈਲੰਡਰ’ ਵਿਚ ਕੀਤਆਂ ਸੋਧਾਂ ਨੂੰ ਰੱਦ ਕਰਕੇ ਪੰਥ ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ ਨੂੰ ਬਿਨਾਂ ਕਿਸੇ ਤਬਦੀਲੀ ਦੇ ਜਾਰੀ ਰੱਖਣ ਦੇ ਹੱਕ ਵਿਚ ਮਤਾ ਪਾਸ ਕੀਤਾ।
ਗੁਰਦੁਆਰਾ ਸ਼ਹੀਦਾਂ ਵਿਚ ਹੋਏ ਉਪਰੋਕਤ ਜਥੇਬੰਦੀਆਂ ਦੇ ਪੰਥਕ ਇਕੱਠ ਨੇ ਸਿੱਖ ਕੌਮ ਵਿਚ ਆਮ ਰਾਏ ਬਣਾਉਣ ਲਈ ਨਾਨਕਸ਼ਾਹੀ ਕੈਲੰਡਰ ਮੁਤਾਬਿਕ 1 ਚੇਤ 542 ਨੂੰ (14 ਮਾਰਚ ਵਾਲੇ ਦਿਨ) ਦੇਸ਼ ਵਿਦੇਸ਼ ਦੀਆਂ ਸਮੂਹ ਸਿੱਖ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦਾ ਸਾਂਝਾ ‘ਸਿੱਖ ਸੰਮੇਲਨ’ ਸੱਦਣ ਦਾ ਐਲਾਨ ਕੀਤਾ।
ਇਕੱਠ ਨੂੰ ਸੰਬੋਧਨ ਕਰਦਿਆਂ ਜਸਟਿਸ ਅਜੀਤ ਸਿੰਘ ਬੈਂਸ, ਸ: ਮਨਜੀਤ ਸਿੰਘ ਕਲਕੱਤਾ, ਸ: ਹਰਚਰਨ ਜੀਤ ਸਿੰਘ ਧਾਮੀ ਅਤੇ ਭਾਈ ਕੰਵਰਪਾਲ ਸਿੰਘ ਨੇ ਕਿਹਾ ਕਿ ਅਸੀਂ ਖਾਲਸਾ ਪੰਥ ਦੀ ਵਿਲੱਖਣ ਪਛਾਣ ਤੇ ਨਵੇਂ ਯੁੱਗ ਵਿਚ ‘ਵੱਖਰੀ ਕੌਮ’ ਵਜੋਂ ਪ੍ਰਵੇਸ਼ ਕਰਨ ਦਾ ਆਧਾਰ ਬਣੇ ਪੰਥ ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ ਨੂੰ ਬਿਨਾਂ ਕਿਸੇ ਤਬਦੀਲੀ ਦੇ ਜਾਰੀ ਰੱਖਣ ਦਾ ਅਹਿਦ ਲੈਂਦੇ ਹਾਂ। ਉਨ੍ਹਾਂ ਸਮੁੱਚੀ ਸਿੱਖ ਕੌਮ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਨਾਨਕਸ਼ਾਹੀ ਕੈਲੰਡਰ ਨੂੰ ਮੁੜ ਹਿੰਦੂ ਧਰਮ ਦੇ ਬਿਕਰਮੀ ਕੈਲੰਡਰ ਵਿਚ ਰਲਗੱਡ ਕਰਨ ਦੇ ਯਤਨਾਂ ਦਾ ਵਿਰੋਧ ਕਰਨ।
ਪੰਥਕ ਇਕੱਠ ਵੱਲੋਂ ਪਾਸ ਕੀਤੇ ਗਏ ਮਤੇ ਰਾਹੀਂ ਪੰਥਕ ਆਗੂਆਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ, ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ, ਬੀਬੀ ਰਵਿੰਦਰ ਕੌਰ ਅਜਰਾਣਾ ਵਲੋਂ ਕੈਲੰਡਰ ਵਿਚ ਸੋਧਾਂ ਦੇ ਵਿਰੁਧ ਲਏ ਸਟੈਂਡ ਦੀ ਸ਼ਲਾਘਾ ਵੀ ਕੀਤੀ।
ਕਨਵੈਂਸ਼ਨ ਵਿੱਚ ਸ਼ਾਮਿਲ ਸਖਸ਼ੀਅਤਾਂ:
ਉਪਰੋਕਤ ਪੰਥਕ ਕਨਵੈਨਸ਼ਨ ਨੂੰ ਭਾਈ ਕੁਲਬੀਰ ਸਿੰਘ ਬੜਾ ਪਿੰਡ (ਪੰਚ ਪ੍ਰਧਾਨੀ), ਭਾਈ ਰਜਿੰਦਰ ਸਿੰਘ (ਸ਼੍ਰੋਮਣੀ ਖਾਲਸਾ ਪੰਚਾਇਤ), ਮੱਖਣ ਸਿੰਘ ਗੰਢੂਆਂ (ਸਿੱਖ ਸਟੂਡੈਂਟਸ ਫੈਡਰੇਸ਼ਨ), ਤਰਸੇਮ ਸਿੰਘ (ਦਿੱਲੀ ਕਮੇਟੀ), ਭਾਈ ਨਰਾਇਣ ਸਿੰਘ (ਅਕਾਲ ਫੈਡਰੇਸ਼ਨ), ਪ੍ਰਭਜੋਤ ਸਿੰਘ ਨਵਾਂ ਸ਼ਹਿਰ (ਸਿੱਖ ਯੂਥ ਆਫ ਪੰਜਾਬ), ਜਰਨੈਲ ਸਿੰਘ ਲੁਧਿਆਣਾ (ਸ਼੍ਰੋਮਣੀ ਤੱਤ ਖਾਲਸਾ), ਜਥੇਦਾਰ ਜਸਵਿੰਦਰ ਸਿੰਘ ਬਲੀਏਵਾਲ, ਹਰਦਿਆਲ ਸਿੰਘ ਅਮਨ, ਸਰਬਜੀਤ ਸਿੰਘ ਘੁਮਾਣ, ਭਾਈ ਕਮਿੱਕਰ ਸਿੰਘ ਮੁਕੰਦਪੁਰ, ਜਥੇਦਾਰ ਸੂਰਤ ਸਿੰਘ ਖਾਲਸਾ ਆਦਿ ਨੇ ਵੀ ਸੰਬੋਧਨ ਕੀਤਾ ਅਤੇ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਉਹ ਅਪਣੇ ਹੋਰ ਛੋਟੇ-ਮੋਟੇ ਰਾਜਸੀ ਮੱਤਭੇਦ ਛੱਡ ਕੇ ਕੌਮ ਦੇ ਇਸ ਸਾਂਝੇ ਕਾਰਜ ਲਈ ਇਕਮੁਠ ਹੋਣ।
ਅਮਲਾਂ ਨਾਲ ਹੋਣਗੇ ਨਿਬੇੜੇ:
ਬਿਨਾ ਸ਼ੱਕ ਸਿੱਖ ਮਸਲਿਆਂ ਨੂੰ ਸੰਜੀਦਾ ਵਿਚਾਰ ਚਰਚਾ ਰਾਹੀ ਹੱਲ ਕਰਨ ਵਾਸਤੇ ਪੰਥਕ ਜਥੇਬੰਦੀਆਂ ਵੱਲੋਂ ਲਈ ਗਈ ਪਹਿਲਕਦਮੀ ਸਵਾਗਤਯੋਗ ਹੈ ਪਰ ਇਸ ਦੀ ਸਫਲਤਾ ਤਾਂ ਅਮਲ ਉੱਤੇ ਹੀ ਨਿਰਭਰ ਕਰੇਗੀ।