August 21, 2023 | By ਸਿੱਖ ਸਿਆਸਤ ਬਿਊਰੋ
ਮੋਗਾ: ਲੰਘੀ 15 ਜੂਨ ਨੂੰ ਇੰਗਲੈਂਡ ਦੇ ਇਕ ਹਸਪਤਾਲ ਵਿਚ ਭੇਦ ਭਰੇ ਹਾਲਾਤ ਵਿਚ ਚਲਾਣਾ ਕਰ ਗਏ ਭਾਈ ਅਵਤਾਰ ਸਿੰਘ ਖੰਡਾ ਨਮਿਤ ਅੰਤਿਮ ਅਰਦਾਸ ਸਮਾਗਮ ਬੀਤੇ (20 ਅਗਸਤ ਨੂੰ) ਦਿਨ ਗੁਰਦੁਆਰਾ ਪਾਤਿਸ਼ਾਹੀ ਛੇਵੀਂ, ਬੁੱਕਣਵਾਲਾ ਮਾਰਗ, ਮੋਗਾ ਵਿਖੇ ਹੋਇਆ ਜਿਸ ਵਿਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ। ਇਹ ਸਮਾਗਮ ਭਾਈ ਅਵਤਾਰ ਸਿੰਘ ਖੰਡਾ ਦੇ ਪਰਿਵਾਰ ਵੱਲੋਂ ਕਰਵਾਇਆ ਗਿਆ। ਇਸ ਸਮਾਮਗ ਵਿਚ ਵੱਖ-ਵੱਖ ਸਿੱਖ ਸੰਸਥਾਵਾਂ, ਪਾਰਟੀਆਂ ਤੇ ਜਥਿਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਤੇ ਸ਼ਹੀਦ ਅਵਤਾਰ ਸਿੰਘ ਖੰਡਾ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਸਮਾਗਮ ਦੌਰਾਨ ਭਾਈ ਖੰਡਾ ਦੇ ਮਾਤਾ ਜੀ ਬੀਬੀ ਚਰਨਜੀਤ ਕੌਰ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਰਤਾਨੀਆ ਤੇ ਇੰਡੀਆ ਦੀ ਹਕੂਮਤ ਨੇ ਨਾ ਸਾਨੂੰ ਸੰਸਕਾਰ ਲਈ ਇੰਗਲੈਂਡ ਜਾਣ ਦਿੱਤਾ ਤੇ ਨਾ ਹੀ ਦੇਹ ਪੰਜਾਬ ਲਿਆਉਣ ਦਿੱਤੀ। ਉਹਨਾ ਨੂੰ ਡਰ ਸੀ ਕਿ ਜੇ ਇਹ ਓਥੇ ਗਏ ਤਾਂ ਜਾਂਚ ਕਰਵਾਉਣਗੇ ਤੇ ਜੇ ਇਥੇ ਦੇਹ ਲਿਆਂਦੀ ਤਾਂ ਇਹ ਏਕਤਾ ਪਰਗਟ ਕਰਨਗੇ। ਸੱਚੇ ਪਾਤਿਸ਼ਾਹ ਦੀ ਮਿਹਰ ਨਾਲ ਸੰਗਤ ਤੇ ਪੰਥ ਨੇ ਓਥੇ ਵੀ ਤੇ ਏਥੇ ਵੀ ਏਕਤਾ ਤੇ ਵੱਡੇ ਇਕੱਠ ਪਰਗਟ ਕੀਤੇ ਹਨ। ਉਹਨਾ ਕਿਹਾ ਕਿ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਏਕਤਾ ਬਣਾ ਕੇ ਇਕ ਦੂਜੇ ਦਾ ਸਤਿਕਾਰ ਕਰਦਿਆਂ ਸ਼ਹੀਦ ਨੂੰ ਸ਼ਰਧਾਂਜਲੀ ਦਿਓ।
ਇਸ ਦੌਰਾਨ ਸੰਗਤ ਨੂੰ ਸੰਬੋਧਨ ਕਰਨ ਵਾਲੀਆਂ ਪ੍ਰਮੁੱਖ ਸਖਸ਼ੀਅਤਾਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ. ਕਰਨੈਲ ਸਿੰਘ ਪੰਜੌਲੀ, ਪੰਥ ਸੇਵਕ ਭਾਈ ਦਲਜੀਤ ਸਿੰਘ ਬਿੱਟੂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ, ਬਾਬਾ ਬਖਸ਼ੀਸ਼ ਸਿੰਘ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਜਸਬੀਰ ਸਿੰਘ ਰੋਡੇ, ਸ. ਮਹਿੰਦਰਪਾਲ ਸਿੰਘ ਪਟਿਆਲਾ, ਸ. ਜਸਕਰਨ ਸਿੰਘ ਕਾਹਨਸਿੰਘਵਾਲਾ, ਸ. ਅੰਮ੍ਰਿਤਪਾਲ ਸਿੰਘ ਛੰਦੜਾ, ਢਾਡੀ ਤਸਰੇਸ ਸਿੰਘ ਮੋਰਾਂਵਾਲੀ, ਭਾਈ ਸੁਖਜੀਤ ਸਿੰਘ ਖੋਸਾ, ਸ. ਸੁਖਰਾਜ ਸਿੰਘ ਨਿਆਮੀਵਾਲਾ, ਕੈਪਟਨ ਹਰਚਰਨ ਸਿੰਘ ਰੋਡੇ, ਦਲ ਖਾਲਸਾ ਦੇ ਬੁਲਾਰੇ ਸ. ਪਰਮਜੀਤ ਸਿੰਘ ਮੰਡ, ਸ. ਗੁਰਦੀਪ ਸਿੰਘ ਬਠਿੰਡਾ ਅਤੇ ਬਾਬਾ ਕੁਲਦੀਪ ਸਿੰਘ ਸੰਗਰਾਵਾਂ ਸ਼ਾਮਿਲ ਸਨ।
ਦੱਸ ਦੇਈਏ ਕਿ ਭਾਈ ਅਵਤਾਰ ਸਿੰਘ ਖੰਡਾ ਸ਼ਹੀਦ ਭਾਈ ਕੁਲਵੰਤ ਸਿੰਘ ਖੁਖਰਾਣਾ ਦਾ ਸਪੁੱਤਰ ਸੀ ਅਤੇ ਉਹਨਾ ਦੇ ਪਰਿਵਾਰ ਵਿਚ ਪਿੱਛੇ ਮਾਤਾ ਚਰਨਜੀਤ ਕੌਰ ਅਤੇ ਭੈਣ ਹੀ ਹਨ। ਪਰਿਵਾਰਕ ਜੀਅ ਭਾਈ ਅਵਤਾਰ ਸਿੰਘ ਖੰਡਾ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਨਹੀਂ ਹੋ ਸਕੇ ਸਨ ਕਿਉਂਕਿ ਬਰਤਾਨੀਆ ਦੀ ਹਕੂਮਤ ਨੇ ਉਹਨਾ ਨੂੰ ਅੰਤਿਮ ਅਰਦਾਸ ਵਿਚ ਸ਼ਾਮਿਲ ਹਣੋ ਲਈ ਇੰਗਲੈਂਡ ਦਾ ਵੀਜ਼ਾ ਨਹੀਂ ਦਿੱਤਾ ਅਤੇ ਇੰਡੀਆ ਦੀ ਹਕੂਮਤ ਨੇ ਭਾਈ ਖੰਡਾ ਦੀ ਮ੍ਰਿਤਕ ਦੇਹ ਪੰਜਾਬ ਨਹੀਂ ਲਿਆਉਣ ਦਿੱਤੀ। ਸੋ, ਇੰਗਲੈਂਡ ਦੀ ਗੁਰ-ਸੰਗਤ ਤੇ ਭਾਈ ਖੰਡਾ ਦੇ ਨਜ਼ਦੀਕੀਆਂ ਨੇ 12 ਅਗਸਤ ਨੂੰ ਉਹਨਾ ਦਾ ਅੰਤਿਮ ਸੰਸਕਾਰ ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਿਖੇ ਕਰ ਦਿੱਤਾ ਸੀ। ਸੰਸਕਾਰ ਉਪਰੰਤ ਭਾਈ ਖੰਡਾ ਨਮਿਤ ਅੰਤਿਮ ਅਰਦਾਸ ਸਮਾਗਮ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ, ਸਮੈਦਿਕ ਵਿਖੇ ਹੋਇਆ ਸੀ। ਅੰਤਿਮ ਅਰਦਾਸ ਸਮਾਗਮ ਦੌਰਾਨ ਇੰਗਲੈਂਡ ਦੇ ਸਿੱਖ ਨੌਜਵਾਨਾਂ ਵੱਲੋਂ ਭਾਈ ਅਵਤਾਰ ਸਿੰਘ ਦੇ ਚਲਾਣੇ ਬਾਰੇ ਜੁੜੇ ਤੱਥਾਂ ਦੀ ਪੜਚੋਲ ਕਰਦੀ ਰਿਪੋਰਟ ਜਾਰੀ ਕੀਤੀ ਗਈ ਜਿਸ ਵਿਚ ਸਮੁੱਚੇ ਹਾਲਾਤ ਦੇ ਮੱਦੇਨਜ਼ਰ ਉਹਨਾ ਦੇ ਚਲਾਣੇ ਦਾ ਕਾਰਨ ਇੰਡੀਆ ਦੀਆਂ ਏਜੰਸੀਆਂ ਵੱਲੋਂ ਅਜ਼ਾਦੀ ਪੱਖੀ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਹੀ ਮਿੱਥਿਆ ਗਿਆ। ਰਿਪੋਰਟ ਵਿਚ ਸਾਹਮਣੇ ਆਏ ਤੱਥਾਂ ਦੇ ਅਧਾਰ ਦੀ ਰੌਸ਼ਨੀ ਵਿਚ ਹਾਜ਼ਰ ਸੰਗਤ ਨੇ ਭਾਈ ਅਵਤਾਰ ਸਿੰਘ ਖੰਡਾ ਦੇ ਚਲਾਣੇ ਨੂੰ ਸ਼ਹਾਦਤ ਪ੍ਰਵਾਣ ਕੀਤਾ।
Related Topics: Baba Bakhseesh Singh, Bhai Amreek Singh Ajnala, Bhai Avtar Singh Khanda, Bhai Daljit Singh Bittu, Dal Khalsa, Dhadi Tarsem Singh Moranwali, Karnail Singh Panjoli, Panth Sewak, Paramjeet singh mand, Shaheedi Samagam, Simranjeet Singh Mann