ਖਾਸ ਖਬਰਾਂ » ਸਿੱਖ ਖਬਰਾਂ

ਹਰਦੀਪ ਸਿੰਘ ਨਿੱਝਰ ਨੂੰ ਸ਼ਹੀਦ ਕਰਨਾ ਸਿੱਖਾਂ ਦੀ ਅਵਾਜ਼ ਦਬਾਉਣ ਦਾ ਯਤਨ: ਪੰਥ ਸੇਵਕ

June 20, 2023 | By

ਚੰਡੀਗੜ੍ਹ – ਪੰਥ ਸੇਵਕ ਜੁਝਾਰੂ ਸ਼ਖ਼ਸੀਅਤਾਂ ਨੇ ਜਾਰੀ ਇਕ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਕਨੇਡਾ ਦੇ ਸ਼ਹਿਰ ਸਰੀ ਵਿਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁਖੀ ਭਾਈ ਹਰਦੀਪ ਸਿੰਘ ਨਿੱਝਰ ਨੂੰ ਹਥਿਆਰਬੰਦ ਹਮਲਾਵਰਾਂ ਨੇ ਸ਼ਹੀਦ ਕਰਕੇ ਸਿੱਖਾਂ ਦੀ ਹੱਕ, ਸੱਚ ਤੇ ਆਜ਼ਾਦੀ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਕੀਤਾ ਹੈ।

ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਮਨਜੀਤ ਸਿੰਘ ਫਗਵਾੜਾ ਅਤੇ ਭਾਈ ਸੁਖਦੇਵ ਸਿੰਘ ਡੋਡ ਨੇ ਇਸ ਬਿਆਨ ਵਿਚ ਕਿਹਾ ਹੈ ਕਿ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਸਤਿਗੁਰਾਂ ਅੱਗੇ ਅਰਦਾਸ ਕਰੇ ਕਿ ਸੱਚੇ ਪਾਤਿਸ਼ਾਹ ਭਾਈ ਹਰਦੀਪ ਸਿੰਘ ਨੂੰ ਚਰਨਾਂ ਵਿਚ ਨਿਵਾਸ ਬਖਸ਼ਣ ਤੇ ਖਾਲਸਾ ਪੰਥ ਨੂੰ ਸੰਘਰਸ਼ ਤੇ ਰਸਤੇ ਉੱਤੇ ਦ੍ਰਿੜ੍ਹਤਾ ਨਾਲ ਚੱਲਦੇ ਰਹਿਣ ਦਾ ਬਲ ਬਖਸ਼ਣ।

ਪੰਥ ਸੇਵਕ ਜੁਝਾਰੂ ਸ਼ਖ਼ਸੀਅਤਾਂ ਨੇ ਕਿਹਾ ਹੈ ਕਿ ਭਾਈ ਹਰਦੀਪ ਸਿੰਘ ਨਿੱਝਰ ਵੱਲੋਂ ਗੁਰੂਘਰ ਦੀ ਸੇਵਾ ਵਿਚ ਵਿਚਰਦਿਆਂ ਸਿੱਖਾਂ ਦੀ ਅਜ਼ਾਦੀ ਦੇ ਸੰਘਰਸ਼ ਦੀ ਕੀਤੀ ਜਾਂਦੀ ਹਿਮਾਇਤ ਤੇ ਪ੍ਰਚਾਰ ਤੋਂ ਦਿੱਲੀ ਦਰਬਾਰ (ਇੰਡੀਅਨ ਸਟੇਟ) ਡਾਹਡਾ ਔਖ ਮਹਿਸੂਸ ਕਰਦਾ ਸੀ। ਇਸ ਵੇਲੇ ਦਿੱਲੀ ਦਰਬਾਰ ਸਿੱਖ ਮਸਲੇ ਨੂੰ ਆਪਣੇ ਅਨੁਸਾਰ ਨਜਿੱਠਣ ਦੀ ਕਵਾਇਦ ਸ਼ੁਰੂ ਕਰ ਚੁੱਕਾ ਹੈ। ਅਜਿਹੇ ਹਾਲਾਤ ਵਿਚ ਇਸ ਵਾਰਦਾਤ ਨੂੰ ਦੁਸ਼ਮਣ ਦੇ ਵੱਡੇ ਤੇ ਗੰਭੀਰ ਹਮਲੇ ਵੱਜੋਂ ਹੀ ਵੇਖਿਆ ਜਾਣਾ ਚਾਹੀਦਾ ਹੈ।

ਉਹਨਾ ਕਿਹਾ ਕਿ ਦੁਸ਼ਮਣ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਜਿਹੇ ਹਮਲਿਆਂ ਨਾਲ ਸੱਚਾਈ ਨਹੀਂ ਬਦਲੀ ਜਾ ਸਕਦੀ ਅਤੇ ਖਾਲਸਾ ਪੰਥ ਦਾ ਸੰਘਰਸ਼ ਗੁਰੂ ਓਟ ਸਦਕਾ ਜਾਰੀ ਰਹਿਣਾ ਹੈ।

ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਕਨੇਡਾ ਤੇ ਹੋਰਨਾਂ ਮੁਲਕਾਂ ਵਿਚ ਵੱਸਦੇ ਸਿੱਖਾਂ ਨੂੰ ਸਭ ਆਪਸੀ ਵਖਰੇਵੇਂ ਪਾਸੇ ਰੱਖ ਕੇ ਇਕਮੁੱਠ ਹੋਣਾ ਚਾਹੀਦਾ ਹੈ ਅਤੇ ਮੁਕਾਮੀ ਹਾਲਾਤ ਮੁਤਾਬਿਕ ਢੁਕਵੀਂ ਕਾਰਵਾਈ ਕਰਨ ਚਾਹੀਦੀ ਹੈ ਤਾਂ ਕਿ ਇਸ ਘਟਨਾ ਦੀ ਤਹਿ ਤੱਕ ਜਾ ਕੇ ਇਸ ਹਮਲੇ ਪਿੱਛੇ ਕੰਮ ਕਰਦੀ ਵੈਰੀ ਦੀ ਵਿਓਂਤਬੰਦੀ ਨੂੰ ਸੰਸਾਰ ਸਾਹਮਣੇ ਲਿਆਂਦਾ ਜਾ ਸਕੇ।

ਉਹਨਾ ਕਿਹਾ ਕਿ ਅੱਜ ਦੇ ਸਮੇਂ ਸੰਸਾਰ, ਦੱਖਣੀ ਏਸ਼ੀਆ ਤੇ ਇੰਡੀਅਨ ਉਪਮਹਾਂਦੀਪ ਹਾਲਾਤ ਅਸਥਿਰਤਾ ਵਾਲੇ ਬਣੇ ਹੋਏ ਹਨ। ਇਥੇ ਹੋ ਰਹੀ ਉਥਲ-ਪੁਥਲ ਦਾ ਅਸਰ ਸਿੱਖਾਂ ਉੱਤੇ ਵੀ ਪੈ ਰਿਹਾ ਹੈ। ਦਿੱਲੀ ਦਰਬਾਰ ਸਿੱਖਾਂ ਦੇ ਪਵਿੱਤਰ ਸੰਕਲਪਾਂ, ਸੰਸਥਾਵਾਂ ਤੇ ਸਿੱਖ ਅਗਵਾਈ (ਲੀਡਰਸ਼ਿੱਪ) ਨੂੰ ਨਿਸ਼ਾਨੇ ਉੱਤੇ ਲੈ ਰਿਹਾ ਹੈ। ਅਜਿਹੇ ਵਿਚ ਗੁਰ-ਸੰਗਤ ਅਤੇ ਖਾਲਸਾ ਪੰਥ ਨੂੰ ਅੰਦਰੂਨੀ ਕਤਾਰਬੰਦੀ ਕਾਇਦਾਬੱਧ ਕਰਨ ਤੇ ਆਪਸ ਵਿਚ ਇਤਫਾਕ ਕਾਇਮ ਕਰਨ ਦੀ ਸਖਤ ਜਰੂਰਤ ਹੈ। ਵੈਰੀ ਦੀ ਇਹ ਵਿਓਂਤਬੰਦੀ ਤੇ ਸਿੱਖਾਂ ਦੀ ਕੀਤੀ ਜਾ ਰਹੀ ਘੇਰਾਬੰਦੀ ਆਪਸੀ ਇਤਫਾਕ ਨਾਲ ਹੀ ਨਜਿੱਠੀ ਜਾ ਸਕਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,