July 29, 2024 | By ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ
ਚੰਡੀਗੜ੍ਹ: ਬੀਤੇ ਦਿਨੀਂ ਲੁਧਿਆਣਾ ਦੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਵਿਖੇ ਪੰਜਾਬ ਦਾ ਜਲ ਸੰਕਟ ਵਿਸ਼ੇ ਤੇ ਵਿਚਾਰ ਗੋਸ਼ਟੀ ਕਰਵਾਈ ਗਈ। ਵਿਚਾਰ ਗੋਸ਼ਟੀ ਦੌਰਾਨ ਪੰਜਾਬ ਦੇ ਜਲ ਸੰਕਟ ਦੇ ਤਿੰਨ ਵੱਖ ਵੱਖ ਪਹਿਲੂਆਂ – ਜਮੀਨੀ ਪਾਣੀਆਂ ਦੇ ਮੌਜੂਦਾ ਹਾਲਾਤ, ਦਰਿਆਈ ਪਾਣੀਆਂ ਦਾ ਮਸਲਾ ਅਤੇ ਪਾਣੀਆਂ ਦੇ ਪਲੀਤ ਹੋਣ ਦੇ ਮਸਲੇ ਨੂੰ ਵਿਚਾਰਿਆ ਗਿਆ।
ਇਸ ਮੋਕੇ ਸ.ਪਰਮਜੀਤ ਸਿੰਘ ਗਾਜ਼ੀ ਨੇ ਜਮੀਨੀ ਪਾਣੀਆਂ ਦੇ ਪੱਧਰ ਦੇ ਡਿੱਗਣ ਦੀ ਗੱਲ ਦੇ ਨਾਲ ਨਾਲ ਜਮੀਨੀ ਪਾਣੀਆਂ ਦੇ ਪਲੀਤ ਹੋਣ ਦੀ ਗੱਲ ਨੂੰ ਸ੍ਰੋਤਿਆਂ ਸਾਹਮਣੇ ਰੱਖਿਆ।
ਇਸ ਦੌਰਾਨ ਅਜੇਪਾਲ ਸਿੰਘ ਬਰਾੜ ਵੱਲੋਂ ਪੰਜਾਬ ਦੇ ਦਰਿਆਈ ਅਤੇ ਨਹਿਰੀ ਪਾਣੀਆਂ ਦੇ ਮਸਲੇ ਨੂੰ ਸਰੋਤਿਆਂ ਨਾਲ ਵਿਚਾਰਿਆ ਗਿਆ।
ਨਰੋਆ ਪੰਜਾਬ ਮੰਚ ਅਤੇ ਪੀ.ਏ.ਸੀ ਦੇ ਸਾਂਝੇ ਬੁਲਾਰੇ ਜਸਕੀਰਤ ਸਿੰਘ ਨੇ ਪੰਜਾਬ ਦੇ ਪਾਣੀਆਂ ਦੇ ਪਲੀਤ ਹੋਣ ਤੇ ਆਪਣੀ ਗੱਲ ਰੱਖੀ। ਉਹਨਾਂ ਪੰਜਾਬ ਵਾਸੀਆਂ ਵੱਲੋਂ ਆਉਣ ਵਾਲੇ ਦਿਨਾਂ ਚ ਬੁੱਢੇ ਦਰਿਆ ਨੂੰ ਮਾਰੇ ਜਾਣ ਵਾਲੇ ਬੰਨ ਬਾਰੇ ਵੀ ਗੱਲਬਾਤ ਰੱਖੀ।
ਬੀਤੇ ਸਮੇਂ ਚ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵੱਲੋਂ ਪਾਣੀ ਜਾਰੀ ਕਰਨ ਦੇ ਅੰਕੜੇ ਲੁਕਾਉਣ ਕਰਕੇ ਅਗਲੇਰੇ ਸਮੇਂ ‘ਚ ਹੜ੍ਹਾਂ ਦੇ ਸੰਭਾਵੀ ਖ਼ਤਰੇ ਦਾ ਖ਼ਦਸ਼ਾ ਵੀ ਪ੍ਰਗਟਾਇਆ ਗਿਆ। ਪ੍ਰੋ. ਹਰਬੀਰ ਕੌਰ ਨੇ ਪਾਣੀ ਦੇ ਸੰਕਟ ‘ਚੋਂ ਨਿਕਲਣ ਦੇ ਨੁਕਤਿਆਂ ਤੇ ਵਿਸਥਾਰ ਚ ਰਾਇ ਰੱਖੀ। ਪ੍ਰੋ. ਜਸਵੀਰ ਸਿੰਘ ਨੇ ਕਾਲਜ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ‘ਚ ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ ਨਾਲ ਰਲ ਕੇ ਅਜਿਹੇ ਪ੍ਰੋਗਰਾਮ ਕਰਨ ਦੀ ਗੱਲ ਆਖੀ। ਪ੍ਰੋਗਰਾਮ ਦੇ ਅੰਤ ਚ ਵਾਤਾਵਰਨ ਸਾਂਭ ਸੰਭਾਲ ਲਈ ਉਦਮ ਕਰਨ ਵਾਲੇ ਵੀਰਾਂ ਦਾ ਸਨਮਾਨ ਕੀਤਾ ਗਿਆ।
Related Topics: Agriculture And Environment Awareness Center, Ajaypal Singh Brar, Jaskirat Singh, Parmjeet Singh Gazi, Punjab Water Crisis, Punjab Water Pollutions, Vichar Goshti