March 23, 2010 | By ਸਿੱਖ ਸਿਆਸਤ ਬਿਊਰੋ
ਫਰੀਦਕੋਟ (21 ਮਾਰਚ, 2010 – ਗੁਰਭੇਜ ਸਿੰਘ ਚੌਹਾਨ): ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਮੀਤ ਪ੍ਰਧਾਨ ਪੰਜਾਬ ਸ: ਗੁਰਮੀਤ ਸਿੰਘ ਗੋਲੇਵਾਲਾ ਅਤੇ ਪ੍ਰੈਸ ਸਕੱਤਰ ਸ: ਸਿਮਰਜੀਤ ਸਿੰਘ ਘੁੱਦੂਵਾਲਾ ਨੇ ਆਪਣੇ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਜਦ ਤੋਂ ਕਿਸਾਨਾ ਨੇ ਕਣਕ ਦੀ ਬਿਜਾਈ ਕੀਤੀ ਹੈ ਬਿਜਲੀ ਮਹਿਕਮੇ ਨੇ ਇਕ ਦਿਨ ਵੀ ਨੀਯਤ ਸਮੇਂ ਤੇ ਖੇਤੀ ਸੈਕਟਰ ਨੂੰ ਬਿਜਲੀ ਨਹੀਂ ਦਿੱਤੀ। ਜਿਸ ਕਰਕੇ ਕਿਸਾਨਾ ਨੇ ਬੜੀ ਮੁਸ਼ਕਿਲ ਨਾਲ ਜਨਰੇਟਰਾਂ ਤੇ ਡੀਜ਼ਲ ਬਾਲਕੇ ਕਣਕਾਂ ਮਸਾਂ ਨੇਪਰੇ ਚੜ੍ਹਾਈਆਂ ਹਨ ਅਤੇ ਹੁਣ ਨਹਿਰੀ ਵਿਭਾਗ ਨੇ ਕੱਸੀਆਂ ਬੰਦ ਕਰਕੇ ਰਹਿੰਦੀ ਕਸਰ ਕੱਢ ਦਿੱਤੀ ਹੈ। ਜਦੋਂ ਕਿ ਇਕ ਦਮ ਗਰਮੀ ਵਧ ਜਾਣ ਕਾਰਨ ਫਸਲ ਨੂੰ ਸਖਤ ਪਾਣੀ ਦੀ ਜਰੂਰਤ ਹੈ ਪਰ ਕੱਸੀਆਂ ਬੰਦ ਹੋਣ ਨਾਲ ਦੋਧੇ ਤੇ ਆਈ ਕਣਕ ਨੂੰ ਪਾਣੀ ਦੀ ਘਾਟ ਪੈ ਜਾਣ ਕਾਰਨ ਵੱਡਾ ਨੁਕਸਾਨ ਪੁੱਜੇਗਾ ਅਤੇ ਝਾੜ ਤੇ ਬੁਰਾ ਪ੍ਰਭਾਵ ਪਵੇਗਾ।
ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਮਹਿਕਮੇ ਨੂੰ ਕਿਸਾਨਾ ਦੀ ਫਸਲ ਦਾ ਫਿਕਰ ਨਹੀਂ,ਉਨ੍ਹਾ ਨੂੰ ਤਾਂ 31 ਮਾਰਚ ਤੱਕ ਆਏ ਫੰਡ ਖਰਚਣ ਦੀ ਕਾਹਲ ਹੈ ਜਦੋਂ ਕਿ ਸਰਦੀਆਂ ਵਿਚ ਵੀ ਬੰਦੀਆਂ ਆਈਆਂ ਹਨ ਪਰ ਉਸ ਸਮੇਂ ਸੰਬੰਧਤ ਮਹਿਕਮੇਂ ਨੇ ਕਾਹਲ ਨਾਲ ਕੰਮ ਨਹੀਂ ਨਿਪਟਾਇਆ। ਉਨ੍ਹਾ ਪੰਜਾਬ ਸਰਕਾਰ ਨੂੰ ਸੰਬੋਧਨ ਹੁੰਦਿਆਂ ਕਿਹਾ ਹੈ ਕਿ ਤੁਹਾਡੇ ਰਾਜ ਨੇ ਲੋਕਾਂ ਤੋਂ ਕੈਪਟਨ ਸਰਕਾਰ ਨੂੰ ਚੰਗਾ ਅਖਵਾ ਦਿੱਤਾ ਹੈ। ਉਸ ਸਮੇਂ ਜਦੋਂ ਕਿਸਾਨ ਨੂੰ ਲੋੜ ਹੁੰਦੀ ਸੀ ਤਾਂ ਪੂਰੀ ਬਿਜਲੀ ਤੇ ਪੂਰਾ ਪਾਣੀ ਮਿਲਦਾ ਸੀ ਪਰ ਹੁਣ ਜਦੋਂ ਦੀ ਬਾਦਲ ਸਰਕਾਰ ਬਣੀ ਹੈ ਕਿਸਾਨ ਬਿਜਲੀ ਪਾਣੀ ਨੂੰ ਤਰਸ ਰਹੇ ਹਨ ਪਰ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਅਤੇ ਅਫਸਰਸ਼ਾਹੀ ਆਪਣੀਆਂ ਮਨਮਾਨੀਆਂ ਨਾਲ ਕੰਮ ਕਰ ਰਹੀ ਹੈ। ਉਨ੍ਹਾ ਸਲਾਹ ਦਿੱਤੀ ਕਿ ਰਹਿੰਦਾ ਕੰਮ ਉਦੋਂ ਕੀਤਾ ਜਾਵੇ ਜਦੋਂ ਕਿਸਾਨ ਹਾੜ੍ਹੀ ਦੀ ਕਟਾਈ ਕਰਨ ਅਤੇ ਹੁਣ ਤੁਰੰਤ ਕੱਸੀਆਂ ਨਹਿਰਾਂ ਵਿਚ ਪਾਣੀ ਛੱਡਿਆ ਜਾਵੇ ਨਹੀਂ ਤਾਂ ਕਿਸਾਨ ਯੂਨੀਅਨ ਇਸ ਜਿਆਦਤੀ ਦਾ ਢੁਕਵਾਂ ਜਵਾਬ ਦੇਵੇਗੀ।
Related Topics: Farmers' Issues and Agrarian Crisis in Punjab