January 9, 2024 | By ਸਿੱਖ ਸਿਆਸਤ ਬਿਊਰੋ
ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਦੀ ਯਾਦ ਵਿੱਚ ਇਸ ਮਹੀਨੇ ਦੇ ਅਖੀਰ ਵਿੱਚ ਹੋਣ ਜਾ ਰਹੇ ਜੋੜ ਮੇਲੇ ਸਬੰਧੀ ਸੰਗਤ ਅਤੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਜੋੜ ਮੇਲਾ ਗੁਰਮਰਿਯਾਦਾ ਅਨੁਸਾਰ ਮਨਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਮਸਤੂਆਣਾ ਸਾਹਿਬ ਦੇ ਨੇੜਲੇ 50 ਤੋਂ ਵੱਧ ਨਗਰਾਂ ਦੀ ਸੰਗਤ ਵੱਲੋਂ ਪਹਿਲਕਦਮੀ ਕਰਦਿਆਂ ਸਲਾਨਾ ਜੋੜ ਮੇਲੇ ਦਾ ਮਹੌਲ ਗੁਰਮਤਿ ਅਨੁਸਾਰੀ ਕਰਨ ਲਈ ਮਤੇ ਪਾਏ ਗਏ ਜਿਸ ਵਿੱਚ ਕਿਹਾ ਗਿਆ ਕਿ ਗੁਰਮਤਿ ਤੋਂ ਉਲਟ ਦੁਕਾਨਾਂ, ਝੂਲੇ/ਚੰਡੋਲ, ਟ੍ਰੈਕਟਰਾਂ ’ਤੇ ਡੈੱਕ, ਲੰਗਰਾਂ ’ਚ ਸਪੀਕਰ ਆਦਿ ਹੋਰ ਬਹੁਤ ਕੁਝ ਜੋ ਮਨ ਭਟਕਾਉਣ ਅਤੇ ਇਕਾਗਰਤਾ ਭੰਗ ਕਰਨ ਦਾ ਸਬੱਬ ਬਣਦਾ, ਉਹ ਸਭ ਗੁਰਦੁਆਰਾ ਸਾਹਿਬਾਨ ਦੀ ਹਦੂਦ ਅੰਦਰ ਨਹੀਂ ਹੋਣਾ ਚਾਹੀਦਾ। ਉਸ ਤੋਂ ਬਾਅਦ ਮਸਤੂਆਣਾ ਸਾਹਿਬ ਦੇ ਪ੍ਰਬੰਧਕਾਂ ਨੇ ਵੀ ਸੰਗਤ ਦਾ ਇਸ ਕਾਰਜ ਵਿੱਚ ਸਹਿਯੋਗ ਕਰਦਿਆਂ ਕਾਫੀ ਅਹਿਮ ਫੈਸਲੇ ਲਏ ਅਤੇ ਮਸਤੂਆਣਾ ਸਾਹਿਬ ਵਿਖੇ ਓਨਾ ਫੈਸਲਿਆਂ ਤੋਂ ਸੰਗਤ ਨੂੰ ਜਾਣੂ ਕਰਵਾਉਣ ਲਈ ਫਲੈਕਸ ਬੋਰਡ ਵੀ ਲਗਵਾਏ। ਇਸ ਮਹੀਨੇ ਹੋਣ ਜਾ ਰਹੇ ਜੋੜ ਮੇਲੇ ਦੌਰਾਨ ਗੁਰਦੁਆਰਾ ਸਾਹਿਬਾਨ ਦੀ ਹਦੂਦ ਅੰਦਰ ਕੁਝ ਵੀ ਅਜਿਹਾ ਨਹੀਂ ਹੋਵੇਗਾ ਜੋ ਆਈ ਸੰਗਤ ਦੀ ਇਕਾਗਰਤਾ ਵਿੱਚ ਵਿਘਨ ਪਾਵੇ। ਗੁਰਮਤਿ ਅਨੁਸਾਰ ਦੁਕਾਨਾਂ/ਪ੍ਰਦਰਸ਼ਨੀਆਂ, ਦਸਤਾਰ ਕੈਂਪ, ਗੁਰਬਾਣੀ ਸੰਥਿਆ, ਸਿੱਖ ਜਥਿਆਂ ਦੇ ਪੜਾਅ ਆਦਿ ਪ੍ਰਚਾਰ ਅਤੇ ਗੁਰਮਤਿ ਅਨੁਸਾਰੀ ਕਾਰਜਾਂ ਲਈ ਹਰ ਇਕ ਨੂੰ ਜੀ ਆਇਆਂ ਹੈ। ਜੋੜ ਮੇਲਿਆਂ ਅਤੇ ਆਮ ਦੁਨਿਆਵੀ ਮੇਲਿਆਂ ਦੇ ਮਹੌਲ ਵਿੱਚ ਹੋਈ ਰਲਗੱਡ ਨੂੰ ਦੂਰ ਕਰਦਿਆਂ ਸੰਗਤ ਅਤੇ ਪ੍ਰਬੰਧਕਾਂ ਦੀ ਇਹ ਕਾਰਵਾਈ ਮਿਸਾਲੀ ਹੈ।
ਮਸਤੂਆਣਾ ਸਾਹਿਬ ਜੋੜ ਮੇਲੇ ਸਬੰਧੀ ਇਸ ਚੰਗੀ ਪਹਿਲਕਦਮੀ ਸਦਕਾ ਬਾਕੀ ਥਾਵਾਂ ‘ਤੇ ਹੁੰਦੇ ਜੋੜ ਮੇਲਿਆਂ ਸਬੰਧੀ ਅਜਿਹੇ ਉੱਦਮ ਕਰਨ ਲਈ ਰਾਹ ਖੁੱਲ੍ਹਿਆ ਹੈ ਜਿਸ ਸਦਕਾ ਇਸ ਉੱਦਮ ਤੋਂ ਸੇਧ ਲੈਂਦਿਆਂ ਬਾਕੀ ਥਾਵਾਂ ਦੀਆਂ ਸੰਗਤਾਂ ਅਤੇ ਪ੍ਰਬੰਧਕ ਵੀ ਜੋੜ ਮੇਲਿਆਂ ਦੀ ਪਵਿੱਤਰਤਾ ਬਹਾਲ ਕਰਨ ਲਈ ਯਤਨ ਕਰ ਸਕਣਗੇ।
Related Topics: Mastuana Sahib Jor Mela, Sant Atar Singh Mastuana, Sikh Jatha Malwa