November 23, 2019 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: 1984 ‘ਚ ਸਿੱਖਾਂ ਦੀ ਸੋਚੀ-ਸਮਝੀ ਨਸਲਕੁਸ਼ੀ ਦੌਰਾਨ ਹਰਿਆਣਾ ਦੇ ਪਿੰਡ ਹੋਂਦ-ਚਿੱਲੜ (ਰਿਵਾੜੀ) ਅਤੇ ਗੁੜਗਾਓ-ਪਟੌਦੀ ‘ਚ ਕੀਤੇ ਗਏ ਕਤਲੇਆਮ ਬਾਰੇ ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਸ਼ੁੱਕਰਵਾਰ (22 ਨਵੰਬਰ ਨੂੰ) ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਮੁਲਾਕਾਤ ਕੀਤੀ। ਵਫਦ ਨੇ ਜਸਟਿਸ ਟੀ.ਪੀ. ਗਰਗ ਦੇ ਜਾਂਚ ਲੇਖੇ ਦੀ ਨਕਲ ਸੌਂਪਦੇ ਹੋਏ ਇਨਸਾਫ਼ ਲਈ ਹਰਿਆਣਾ ਸਰਕਾਰ ਕੋਲ ਇਹ ਮਸਲੇ ਚੁੱਕਣ ਦੀ ਮੰਗ ਕੀਤੀ।
ਆਮ ਆਦਮੀ ਪਾਰਟੀ ਨੇ ਇਕ ਲਿਖਤੀ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਕਿ ਹਰਪਾਲ ਸਿੰਘ ਚੀਮਾ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਇਹ ਮਾਮਲਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਸਪੀਕਰ ਗਿਆਨ ਚੰਦ ਗੁਪਤਾ ਨਾਲ ਚੁੱਕਣਗੇ।
ਮਨਵਿੰਦਰ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਹੋਂਦ-ਚਿੱਲੜ ‘ਚ 32 ਅਤੇ ਗੁੜਗਾਓ ਅਤੇ ਪਟੌਦੀ ‘ਚ 47 ਸਿੱਖਾਂ ਨੂੰ ਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ, ਹੋਂਦ-ਚਿੱਲੜ ਪਿੰਡ ਦੇ ਖੰਡਰ ਅੱਜ ਵੀ ਉਸ ਕਰੂਰਤਾ ਦੀ ਗਵਾਹੀ ਭਰਦੇ ਹਨ। ਉਨ੍ਹਾਂ ਦੱਸਿਆ ਕਿ ਭਾਰੀ ਜੱਦੋਜਹਿਦ ਤੋਂ ਬਾਅਦ ਇਸ ਕਤਲੇਆਮ ਦੀ ਜਾਂਚ ਲਈ ਬਣਾਏ ਗਏ ਜਸਟਿਸ ਟੀ.ਪੀ. ਗਰਗ (ਰਿਟਾ.) ਕਮਿਸ਼ਨ ਵੱਲੋਂ 6 ਸਾਲ ਦੀ ਜਾਂਚ ਉਪਰੰਤ 4 ਪੁਲਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਕੁਤਾਹੀ ਦੇ ਦੋਸ਼ੀ ਪਾਉਂਦੇ ਹੋਏ ਇਨ੍ਹਾਂ ਵਿਰੁੱਧ ਕਾਰਵਾਈ ਦੀ ਸਿਫ਼ਾਰਿਸ਼ ਕੀਤੀ ਅਤੇ 10.6 ਕਰੋੜ ਹੋਂਦ-ਚਿੱਲੜ ਅਤੇ 13 ਕਰੋੜ ਰੁਪਏ ਗੁੜਗਾਓ-ਪਟੌਦੀ ਦੇ ਪੀੜਿਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਮੁਆਵਜ਼ਾ ਤਾਂ ਦੇ ਦਿੱਤਾ ਪਰ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਇੱਥੋਂ ਤੱਕ ਕਿ ਗੁੜਗਾਓ-ਪਟੌਦੀ ਦੇ ਕਤਲੇਆਮ ਨੂੰ ਹਾਦਸਾ ਕਰਾਰ ਦਿੱਤਾ ਅਤੇ ਇੱਕ ਵੀ ਦੋਸ਼ੀ ਸਾਹਮਣੇ ਨਹੀਂ ਲਿਆਂਦਾ ਗਿਆ।
Related Topics: 1984 Sikh Genocide, Denial of Jusitce, Hondh Chillar Massacre, Indian Politics, Manwinder Singh Giaspura, Pataudi Carnage, Punjab Politics, Sikhs in Haryana, The Gurgaon Carnage 1984