
March 21, 2022 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਚੋਣਾਂ 2022 ਵਿਚ ਆਮ ਆਦਮੀ ਪਾਰਟੀ (ਆਪ) ਨੇ ਭਾਰੀ ਜਿੱਤ ਦਰਜ਼ ਕੀਤੀ ਹੈ। ਦਿੱਲੀ ਸਥਿਤ ਪਾਰਟੀ ਦੀ ਕੇਂਦਰੀ ਲੀਡਰਸ਼ਿੱਪ ਵਲੋਂ ਨਿਰਦੇਸ਼ਿਤ ਹੁੰਦੀ ਇਹ ਪਾਰਟੀ ਪੰਜਾਬ ਵਿਚ 117 ਵਿਚੋਂ 92 ਸੀਟਾਂ ਲ ੈਕੇ ਵੱਡੇ ਬਹੁਮਤ ਨਾਲ ਸੱਤਾ ਵਿਚ ਆਈ ਹੈ। ਹਾਲੀ ਕੁਝ ਹੀ ਦਿਨ ਪਹਿਲਾਂ ਪੰਜਾਬ ਦੇ ਨਵੇਂ ਮੰਤਰੀ ਮੰਡਲ ਨੇ ਸਹੁੰ ਚੁੱਕੀ ਹੈ ਤੇ ਹੁਣ ਇਹ ਪਾਰਟੀ ਪੰਜਾਬ ਵਿਚੋਂ ਰਾਜ ਸਭਾ ਲਈ ਮੈਂਬਰ ਚੁਣਨ ਦੇ ਮਾਮਲੇ ਉੱਤੇ ਸਰਗਰਮ ਹਨ।
ਅੱਜ ਅਖਬਾਰਾਂ ਵਿਚ ਇਹ ਗੱਲ ਨਸ਼ਰ ਹੋਈ ਹੈ ਕਿ ਇੰਡੀਆ ਦੀ ਪਾਰਲੀਮੈਂਟ ਦੇ ਉੱਪਰਲੇ ਸਦਨ, ਭਾਵ ਰਾਜ ਸਭਾ ਵਿਚ ਪੰਜਾਬ ਦੀ ਨੁਮਾਇੰਦਗੀ ਕਰਨ ਲਈ ਆਮ ਆਦਮੀ ਪਾਰਟੀ ਵਲੋਂ ਦਿੱਲੀ ਦੇ ਦੋ ਆਗੂਆਂ ਨੇ ਨਾਮ ਵਿਚਾਰੇ ਜਾ ਰਹੇ ਹਨ। ਆਪ ਦਿੱਲੀ ਤੋਂ ਵਿਧਾਇਕ ਰਾਘਵ ਚੱਡਾ ਅਤੇ ਦਿੱਲੀ ਤੋਂ ਹੀ ਇਸ ਪਾਰਟੀ ਲਈ ਨੀਤੀਘਾੜੇ ਦੀਆਂ ਸੇਵਾਵਾਂ ਨਿਭਾਉਣ ਵਾਲੇ ਦਿੱਲੀ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਸੰਦੀਪ ਪਾਠਕ ਨੂੰ ਰਾਜ ਸਭਾ ਵਿਚ ਪੰਜਾਬ ਦੀ ਨੁਮਾਇੰਦਗੀ ਕਰਨ ਲਈ ਭੇਜਣਾ ਚਾਹੁੰਦੀ ਹੈ ਹਾਲਾਂਕਿ ਦੋਵੇਂ ਪੰਜਾਬ ਦੇ ਬਾਸ਼ਿੰਦੇ ਵੀ ਨਹੀਂ ਹਨ ਅਤੇ ਨਾ ਹੀ ਇਹਨਾ ਦਾ ਪਛੋਕੜ ਪੰਜਾਬ ਤੋਂ ਹੈ।
ਰਾਘਵ ਚੱਡਾ (ਖੱਬੇ) ਅਤੇ ਸੰਦੀਪ ਪਾਠਕ (ਸੱਜੇ)
ਜ਼ਿਕਰਯੋਗ ਹੈ ਕਿ ਇੰਡੀਆ ਦੇ ਸੰਵਿਧਾਨ ਵਿਚ ਪਾਰਲੀਮੈਂਟ ਦੇ ਦੋ ਸਦਨ ਹਨ, ਇਕ ਨੂੰ ਲੋਕ ਸਭਾ ਕਿਹਾ ਜਾਂਦਾ ਹੈ ਜਿਸ ਦੀ ਚੋਣ ਲੋਕਾਂ ਵਲੋਂ ਸਿੱਧੀਆਂ ਵੋਟਾਂ ਰਾਹੀਂ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਇਹ ਸਦਨ ਲੋਕਾਂ ਦੀ ਨੁਮਾਇੰਦਗੀ ਕਰਦਾ ਹੈ। ਦੂਜਾ ਸਦਨ ਸੂਬਿਆਂ ਦੀ ਨੁਮਾਇੰਦਗੀ ਦਾ ਸਦਨ ਹੈ ਜਿਸ ਨੂੰ ਰਾਜ ਸਭਾ ਕਿਹਾ ਜਾਂਦਾ ਹੈ। ਇਸ ਦੇ ਮੈਂਬਰਾਂ ਦੀ ਚੋਣ ਸਿੱਧੀ ਲੋਕਾਂ ਵਲੋਂ ਨਹੀਂ ਹੁੰਦੀ ਬਲਕਿ ਇਹ ਚੋਣ ਉਸ ਸੂਬੇ ਦੇ ਚੁਣੇ ਹੋਏ ਵਿਧਾਇਕ ਅਤੇ ਐਮ.ਪੀ. ਕਰਦੇ ਹਨ।
ਇਹ ਵੀ ਦੱਸਣਾ ਬਣਦਾ ਹੈ ਕਿ ਜਦੋਂ ਇੰਡੀਆ ਦਾ ਸੰਵਿਧਾਨ ਲਾਗੂ ਹੋਇਆ ਸੀ ਤਾਂ ਉਸ ਵੇਲੇ ਰਾਜ ਸਭਾ ਦੇ ਮੈਂਬਰ ਚੁਣੇ ਜਾਣ ਲਈ ਇਹ ਜਰੂਰੀ ਸੀ ਕਿ ਉਹ ਸੰਬੰਧਤ ਸੂਬੇ ਦਾ ਰਹਿਣ ਵਾਲਾ ਹੋਵੇ। ਪਰ 1963 ਵਿਚ ਕੀਤੀ 16ਵੀਂ ਤਬਦੀਲੀ ਵਿਚ ਸੂਬੇ ਦੀ ਨੁਮਾਇੰਦਗੀ ਨੂੰ ਯਕੀਨੀ ਬਣਾਉਂਦੀ ਇਹ ਸ਼ਰਤ ਹਟਾ ਦਿੱਤੀ ਗਈ। ਨਤੀਜਾ ਇਹ ਹੈ ਕਿ ਹੁਣ ਪਾਰਟੀਆਂ ਆਪਣੀ ਮਨ-ਮਰਜੀ ਨਾਲ ਕਿਸੇ ਵੀ ਦੂਜੇ ਸੂਬੇ ਦੇ ਬਾਸ਼ਿੰਦੇ ਨੂੰ ਕਿਸੇ ਦੂਜੇ ਸੂਬੇ ਵਿਚੋਂ ਰਾਜ ਸਭਾ ਵਿਚ ਚੁਣ ਕੇ ਭੇਜ ਦਿੰਦੀਆਂ ਹਨ।
ਪੰਜਾਬ ਵਿਚੋਂ ਰਾਜ ਸਭਾ ਦੇ ਕੁੱਲ ਸੱਤ ਮੈਂਬਰ ਚੁਣੇ ਜਾਂਦੇ ਹਨ ਜਿਹਨਾ ਵਿਚੋਂ ਪੰਜ ਮੈਂਬਰਾਂ ਦੀ ਚੋਣ 31 ਮਾਰਚ ਨੂੰ ਹੋਣ ਜਾ ਰਹੀ ਹੈ। ਵਿਧਾਨ ਸਭਾ ਵਿਚ ਨੁਮਾਇੰਦਗੀ ਦੇ ਅਧਾਰ ਉੱਤੇ ਆਪ ਵਲੋਂ ਪੰਜੇ ਮੈਂਬਰ ਅਸਾਨੀ ਨਾਲ ਬਣਾ ਲਏ ਜਾਣਗੇ। ਖਬਰਾਂ ਮੁਤਾਬਿਕ ਆਪ ਵਲੋਂ ਵਿਚਾਰੇ ਜਾ ਰਹੇ ਨਾਵਾਂ ਵਿਚ ਪੰਜਾਬ ਤੋਂ ਸਾਬਕਾ ਕ੍ਰਿਕੇਟ ਖਿਡਾਰੀ ਹਰਭਜਨ ਸਿੰਘ, ਇਕ ਵੱਡੇ ਕਾਰੋਬਾਰੀ ਤੇ ਇਕ ਵੱਡੇ ਕਾਰਖਾਨੇਦਾਰ ਦਾ ਨਾਂ ਸ਼ਾਮਿਲ ਕੀਤਾ ਜਾ ਰਿਹਾ ਹੈ।
ਆਮ ਆਦਮੀ ਪਾਰਟੀ ਵਿਚ ਕੇਂਦਰੀ ਲੀਡਰਸ਼ਿੱਪ ਦੇ ਦਬਦਬ ਕਾਰਨ ਲੱਗਦਾ ਹੈ ਕਿ ਪੰਜਾਬ ਦੇ ਚੁਣੇ ਹੋਏ ਵਿਧਾਇਕ ਸੂਬੇ ਤੋਂ ਬਾਹਰੀ ਆਗੂਆਂ ਨੂੰ ਪੰਜਾਬ ਦੇ ਨੁਮਾਇੰਦੇ ਵਜੋਂ ਰਾਜ ਸਭਾ ਵਿਚ ਭੇਜਣਗੇ। ਭਾਵੇਂ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਜਿੱਤ ਨੂੰ ਬਦਲਾਅ ਦਾ ਨਾਮ ਦਿੱਤਾ ਜਾ ਰਿਹਾ ਹੈ ਪਰ ਲੱਗਦਾ ਹੈ ਕਿ ਇਹ ਬਦਲਾਅ ਨਾਲ ਵੀ ਪੰਜਾਬ ਦੇ ਹਿੱਤਾਂ ਨਾਲ ਧੱਕੇਸ਼ਾਹੀ ਤੇ ਇਹਨਾ ਦੀ ਲੁੱਟ ਵਿਚ ਕੋਈ ਤਬਦੀਲੀ ਨਹੀਂ ਆਈ।
Related Topics: Aam Aadmi Party, Aam Aadmi Party Government in Punjab, Indian Politics, Punjab Politics, Raghav Chadha (AAP), Sandeep Pathak (AAP)