September 21, 2024 | By ਸਿੱਖ ਸਿਆਸਤ ਬਿਊਰੋ
ਲੰਡਨ/ਡਰਬੀ: ਇੰਗਲੈਂਡ ਦੇ ਸ਼ਹਿਰ ਡਰਬੀ ਦੀ ਸਿਟੀ ਕੌਂਸਲ ਵੱਲੋਂ 1984 ਦੇ ਜੂਨ ਅਤੇ ਨਵੰਬਰ ਵਿਚ ਭਾਰਤ ਵਿਚ ਸਿੱਖਾਂ ਉੱਤੇ ਕੀਤੇ ਗਏ ਹਮਲਿਆਂ ਬਾਰੇ ਮਤਾ ਪ੍ਰਵਾਣ ਕੀਤਾ ਗਿਆ ਹੈ।
ਇਹ ਮਤਾ 18 ਸਤੰਬਰ 2024 ਨੂੰ ਹੋਈ ਇਕੱਤਰਤਾ ਵਿਚ ਸਰਬ-ਸੰਮਤੀ ਨਾਲ ਕੀਤਾ ਗਿਆ।
ਕੌਂਸਲਰ ਐਮਿਲੀ ਲੌਂਸਡੇਲ ਪੇਸ਼ ਕੀਤੇ ਗਏ ਇਸ ਮਤੇ ਨੂੰ ਕੌਂਸਲਰ ਅਜੀਤ ਸਿੰਘ ਅਠਵਾਲ ਦੇ ਹਿਮਾਇਤ ਦਿੱਤੀ ਸੀ ਜਿਸ ਤੋਂ ਬਾਅਦ ਵਿਚ ਇਹ ਮਤਾ ਕੌਂਸਲ ਵਿਚ ਪੇਸ਼ ਕੀਤਾ ਗਿਆ।
ਇਸ ਮਤੇ ਵਿਚ ਜੂਨ 1984 ਦੇ ਘੱਲੂਘਾਰੇ ਵਿਚ ਬਰਤਾਨੀਆ ਦੀ ਸ਼ਮੂਲੀਅਤ ਬਾਰੇ ਜਾਂਚ ਕਰਨ ਲਈ ਇੰਗਲੈਂਡ ਦੇ ਉੱਪ-ਪ੍ਰਧਾਨ ਮੰਤਰੀ ਨੂੰ ਕਿਹਾ ਗਿਆ ਹੈ।
ਭਾਵੇਂ ਕਿ ਇਹ ਮਤੇ ਉੱਤੇ ਸਹਿਮਤੀ ਬਣਾਉਣ ਮੌਕੇ ਮਤੇ ਵਿਚ ਮੌਜੂਦ “ਨਸਲਕੁਸ਼ੀ” ਸ਼ਬਦ ਨੂੰ ਹਟਾ ਦਿੱਤਾ ਗਿਆ ਪਰ ਫਿਰ ਵੀ ਇਸ ਮਤੇ ਨੂੰ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਇੰਗਲੈਂਡ ਵਿਚ ਇਸ ਵਿਸ਼ੇ ਬਾਰੇ ਕਿਸੇ ਵੀ ਸਿਟੀ ਕੌਂਸਲ ਵੱਲੋਂ ਪੈਣ ਵਾਲਾ ਇਹ ਪਹਿਲਾ ਮਤਾ ਹੈ ਤੇ ਇਸ ਵਿਚ ਨਵੰਬਰ 1984 ਬਾਰੇ ਭਾਰਤ ਸਰਕਾਰ ਤੇ ਭਾਰਤੀ ਮੀਡੀਏ ਵੱਲੋਂ ਪ੍ਰਚਾਰੇ ਜਾਂਦੀ “ਦੰਗਿਆ” ਦੀ ਸੰਗਿਆ ਨਹੀਂ ਵਰਤੀ ਗਈ।
ਸਿੱਖ ਫੈਡਰੇਸ਼ਨ ਯੂ.ਕੇ. ਅਤੇ ਵਰਲਡ ਸਿੱਖ ਪਾਰਲੀਮੈਂਟ ਨੇ ਇਸ ਮਤੇ ਦਾ ਸਵਾਗਤ ਕੀਤਾ ਹੈ। ਸਿੱਖ ਜਥੇਬੰਦੀਆਂ ਨੇ ਕਿਹਾ ਹੈ ਕਿ ਜੂਨ 1984 ਘੱਲੂਘਾਰੇ ਵਿਚ ਬਰਤਾਨੀਆ ਦੀ ਸਮੂਲੀਅਤ ਦੀ ਨਿਰਪੱਖ ਤੇ ਵਿਆਪਕ ਜਾਂਚ ਕੀਤੀ ਜਾਵੇ।
⊕ ਅੰਗ੍ਰੇਜ਼ੀ ਵਿੱਚ ਪੜ੍ਹੋ – Derby City Council Passes Resolution on 1984 Attacks on Sikhs in India
Related Topics: 1984, 1984 Sikh Genocide, Bhai Amrik Singh Gill, Ghallughara June 1984, Sikh Diaspora, Sikh Diaspora (UK), Sikh Federation UK, Sikh News, Sikh News UK, World Sikh Parliament