ਖਾਸ ਖਬਰਾਂ » ਸਿੱਖ ਖਬਰਾਂ

ਭਾਈ ਨਿੱਝਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਲਈ ਕੈਨੇਡਾ ਦਾ ਧੰਨਵਾਦ – ਦਲ ਖ਼ਾਲਸਾ

May 6, 2024 | By

ਅੰਮ੍ਰਿਤਸਰ- ਖ਼ਾਲਿਸਤਾਨ ਕਮਾਂਡੋ ਫ਼ੋਰਸ ਦੇ ਮੁਖੀ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਦੇ ਇਕ ਸਾਲ ਪੂਰੇ ਹੋਣ ਤੇ ਦਲ ਖ਼ਾਲਸਾ ਵੱਲੋਂ ਉਹਨਾਂ ਨੂੰ ਸਰਧਾਂਜਲੀ ਅਰਪਿਤ ਕਰਦਿਆਂ ਪਾਕਿਸਤਾਨ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਗਈ ਕਿ ਉਹ ਭਾਈ ਪੰਜਵੜ ਦੇ ਕਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਜ਼ਾ ਦੇਵੇ।

ਦਲ ਖ਼ਾਲਸਾ ਆਗੂਆਂ ਨੇ ਦੱਸਿਆ ਕਿ ਭਾਈ ਪਰਮਜੀਤ ਸਿੰਘ ਦੀ ਯਾਦ ਵਿੱਚ ਉਹਨਾਂ ਦੇ ਜੱਦੀ ਪਿੰਡ ਪੰਜਵੜ ਵਿਖੇ ਉਹਨਾਂ ਦੇ ਪਰਿਵਾਰ ਵੱਲੋਂ ਭਲਕੇ ਸੋਮਵਾਰ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ, ਜਿੱਥੇ ਪੰਥਕ ਆਗੂ ਭਾਈ ਸਾਹਿਬ ਨੂੰ ਸ਼ਰਧਾਂਜਲੀ ਭੇਟ ਕਰਨਗੇ।

ਭਾਈ ਪਰਮਜੀਤ ਸਿੰਘ ਪੰਜਵੜ

ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਕੰਵਰਪਾਲ ਸਿੰਘ ਨੇ ਕਿਹਾ ਕਿ ਭਾਈ ਪੰਜਵੜ ਸਿੱਖ ਸੰਘਰਸ਼ ਦੇ ਉੱਘੇ ਜੁਝਾਰੂ ਯੋਧੇ ਸਨ ਜਿਨ੍ਹਾਂ ਨੂੰ ਪੰਥ ਦੇ ਦੁਸ਼ਮਣਾਂ ਨੇ ਪਿਛਲੇ ਵਰ੍ਹੇ 6 ਮਈ ਨੂੰ ਲਾਹੌਰ ਦੇ ਇੱਕ ਪਾਰਕ ਵਿੱਚ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ।

ਉਹਨਾਂ ਸਪਸ਼ਟ ਕੀਤਾ ਕਿ ਇਸ ਨਾਮਵਰ ਜੁਝਾਰੂ ਦੇ ਸਰਹੱਦ ਪਾਰ ਹੋਏ ਕਤਲ ਪਿੱਛੇ ਦਿਮਾਗ ਭਾਰਤ ਦੀ ਡੀਪ ਸਟੇਟ ਦਾ ਹੈ।

ਕੈਨੇਡਾ ਸਰਕਾਰ ਵੱਲੋਂ ਭਾਈ ਹਰਦੀਪ ਸਿੰਘ ਨਿੱਝਰ ਦੇ ਤਿੰਨ ਕਾਤਲਾਂ ਨੂੰ ਗ੍ਰਿਫਤਾਰ ਕਰਨ ਲਈ ਦਲ ਖ਼ਾਲਸਾ ਆਗੂਆਂ ਨੇ ਜਸਟਿਨ ਟਰੂਡੋ ਸਰਕਾਰ ਦਾ ਧੰਨਵਾਦ ਕੀਤਾ ਅਤੇ ਨਾਲ ਹੀ, ਪਾਕਿਸਤਾਨ ਸਰਕਾਰ ਨੂੰ ਵੀ ਭਾਈ ਪੰਜਵੜ ਦੇ ਕਤਲ ਦੇ ਪਿੱਛੇ ਕੰਮ ਕਰਦੀਆਂ ਸ਼ਕਤੀਆਂ ਨੂੰ ਨਸ਼ਰ ਕਰਨ ਦੀ ਅਪੀਲ ਕੀਤੀ।

ਭਾਈ ਹਰਦੀਪ ਸਿੰਘ ਨਿੱਝਰ

ਉਹਨਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਿਛਲੇ ਸਾਲ ਸਤੰਬਰ ਵਿੱਚ ਭਾਈ ਨਿੱਝਰ ਦੇ ਕਤਲ ਲਈ ਭਾਰਤ ਸਰਕਾਰ ਦੇ ਏਜੰਟਾਂ ਦੇ ਰੋਲ ਬਾਰੇ ਖੁਲਾਸਾ ਕਰਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿੱਖ ਕੌਮ ਨੂੰ ਉਮੀਦ ਹੈ ਕਿ ਕੈਨੇਡਾ ਸਰਕਾਰ ਗ੍ਰਿਫਤਾਰ ਨੌਜਵਾਨਾਂ ਦੀ ਸਖ਼ਤੀ ਨਾਲ ਪੁੱਛ-ਗਿੱਛ ਕਰਕੇ ਸੱਚ ਦੁਨੀਆ ਸਾਹਮਣੇ ਰੱਖੇਗੀ। ਉਹਨਾਂ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਇਹਨਾਂ ਗ੍ਰਿਫ਼ਤਾਰੀਆਂ ਉਪਰੰਤ ਜਾਰੀ ਸਪਸ਼ਟੀਕਰਨ ਅਤੇ ਭਾਰਤੀ ਮੀਡੀਆ ਦੀ ਪੇਸ਼ਕਾਰੀ ਨੂੰ ਸੱਚ ਤੋਂ ਭਗੌੜੇ ਹੋਣਾ ਦੱਸਦਿਆਂ ਕਿਹਾ ਕਿ ਭਾਈ ਪੰਜਵੜ ਅਤੇ ਭਾਈ ਨਿੱਝਰ ਦੇ ਖੂਨ ਦੇ ਛਿੱਟੇ ਭਾਰਤ ਦੇ ਹੁਕਮਰਾਨਾਂ ਦੇ ਦਾਮਨ ਤੇ ਪੱਕੇ ਲੱਗ ਚੁੱਕੇ ਹਨ ਅਤੇ ਦੁਨੀਆਂ ਦੇ ਸ਼ਕਤੀਸ਼ਾਲੀ ਮੁਲਕ ਭਾਰਤ ਦੀ ਲੁਕਵੇਂ ਏਜੰਡੇ ਨੂੰ ਜਾਣ ਗਏ ਹਨ ।

ਕੈਨੇਡਾ ਅੰਦਰ ਗ੍ਰਿਫਤਾਰ ਨੌਜਵਾਨਾਂ ਨੂੰ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੋੜਣ ਬਾਰੇ ਅਣ-ਅਧਿਕਾਰਤ ਖਬਰਾਂ ਉੱਤੇ ਬੋਲਦਿਆਂ ਦਲ ਖ਼ਾਲਸਾ ਆਗੂਆਂ ਨੇ ਕਿਹਾ ਕਿ ਕੈਨੇਡਾ ਦੇ ਜਾਂਚ ਅਫ਼ਸਰਾਂ ਨੇ ਅਜਿਹਾ ਕੋਈ ਇਸ਼ਾਰਾ ਨਹੀ ਦਿੱਤਾ ਪਰ ਜੇਕਰ ਅਜਿਹਾ ਕੋਈ ਤੱਥ ਸਾਹਮਣੇ ਆਉਂਦਾ ਹੈ ਤਾਂ ਕੋਈ ਹੈਰਾਨੀ ਨਹੀਂ ਹੋਵੇਗੀ ਕਿਉਂਕਿ ਭਾਰਤ ਸਰਕਾਰ ਆਪਣੇ ਦੁਸ਼ਮਣਾਂ ਨੂੰ ਜਿਸਮਾਨੀ ਤੌਰ ਤੇ ਖਤਮ ਕਰਨ ਲਈ ਮੁੱਢ ਤੋਂ ਹੀ ਇਹਨਾਂ ਗੈਗਸਟਰਾਂ ਦਾ ਇਸਤੇਮਾਲ ਕਰਦੀ ਆ ਰਹੀ ਹੈ। ਉਹਨਾਂ ਬੰਬਈ ਦੇ ਮਸ਼ਹੂਰ ਗੈਗਸਟਰ ਛੋਟਾ ਰਾਜਨ ਦਾ ਜ਼ਿਕਰ ਕੀਤਾ ਜੋ ਭਾਰਤ ਦੀਆਂ ਏਜੰਸੀਆਂ ਦਾ ਹਿੱਟ-ਮੈਨ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,