ਖਾਸ ਖਬਰਾਂ » ਸਿੱਖ ਖਬਰਾਂ

ਅਕਾਲ ਤਖਤ ਸਕਤਰੇਤ ਅੱਜ ਤੱਕ ‘ਬਿਜਲ ਪਤੇ’ ਤੋਂ ਵਿਹੂਣਾ ਹੈ

October 25, 2018 | By

– ਨਰਿੰਦਰਪਾਲ ਸਿੰਘ

ਗੁਰੂ ਦੋਖੀ ਡੇਰਾ ਸਿਰਸਾ ਮੁਖੀ ਨੂੰ ਪਹਿਲਾਂ ਬਿਨਮੰਗੀ ਮੁਆਫੀ ਦੇਣ ਅਤੇ ਫਿਰ ਕੌਮੀ ਰੋਹ ਤੇ ਰੋਸ ਅੱਗੇ ਗੋਡੇ ਟੇਕਦਿਆਂ ਉਹ ਫੈਸਲਾ ਰੱਦ ਕਰਨ ਕਾਰਣ ਦੁਨੀਆ ਭਰ ਦੇ ਸਿੱਖਾਂ ਦੀ ਦੁਰਕਾਰ ਦਾ ਪਾਤਰ ਬਣੇ ਗਿਆਨੀ ਗੁਰਬਚਨ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਰੇ ਮਨ ਨਾਲ ਨੌਕਰੀ ਤੋਂ ਫਾਰਗ ਕਰ ਚੁਕੀ ਹੈ। ਸਿੱਖ ਕੌਮ ਦੀ ਅਜਾਦ ਪ੍ਰਭੂਸੱਤਾ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਕਾਰਜਕਾਰੀ ਜਥੇਦਾਰ (ਮੁਖ ਸੇਵਾਦਾਰ) ਦਾ ਐਲਾਨ ਵੀ ਹੋ ਚੱੁਕਾ ਹੈ। ਨਵੇਂ ਜਥੇਦਾਰ ਨੂੰ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਸਿੱਖਾਂ ਦੇ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਹ ਜਥੇਦਾਰ ਵੀ ਅਜੇਹੀ ਸੰਸਥਾ ਵਲੋਂ ਥਾਪਿਆ ਗਿਆ ਹੈ ਜਿਸਦੇ ਸਿਆਸੀ ਮਾਲਕਾਂ ਨੇ ਸਿੱਖਾਂ ਦੇ ਕੌਮੀ ਤਖਤ ਦੀ ਮਾਣ ਮਰਿਆਦਾ ਅਤੇ ਇਸਦੇ ਜਥੇਦਾਰ ਦੇ ਰਤੁਬੇ ਦਾ ਸਿਆਸੀਕਰਣ ਕਰਦਿਆਂ ਇਸਦੇ ਸਿਧਾਂਤਾਂ ਨੂੰ ਵੀ ਢਾਹ ਲਾਉਣ ਦਾ ਧ੍ਰੋਹ ਕਮਾਇਆ ਹੈ। ਸ਼੍ਰੋਮਣੀ ਕਮੇਟੀ ਅਜੇਹੇ ਲੱਗ ਰਹੇ ਸਾਰੇ ਹੀ ਦੋਸ਼ਾਂ ਨੂੰ ਨਕਾਰਨ ਦੀ ਰਾਹ ਤੇ ਸੀ ਤੇ ਅੱਜ ਵੀ ਹੈ। ਅਸਲ ਕਾਰਣ ਤਾਂ ਇਸ ਕਮੇਟੀ ਦੇ ਅਹੁਦੇਦਾਰ ਤੇ ਅਧਿਕਾਰੀ ਵੀ ਜਾਣਦੇ ਹਨ ਪਰ ਉਹ ਇਹ ਮੰਨਣ ਨੂੰ ਅੱਜ ਵੀ ਤਿਆਰ ਨਹੀਂ ਕਿ ਸ਼੍ਰੋ.ਗੁ.ਪ੍ਰ.ਕ ਦੇ ਪ੍ਰਬੰਧ ਹੇਠਲੇ ਤਖਤਾਂ ਦੇ ਜਥੇਦਾਰਾਂ ਦਾ ਰੁਤਬਾ ਵੀ ਪਿਛਲੇ ਦੋ ਦਹਾਕਿਆਂ ਤੋਂ ਜਥੇਦਾਰ ਦੇ ਆਹੁਦੇ ਤੇ ਲੰਗਣ ਵਾਲੇ ਵਿਅਕਤੀ ਦੀ ਜਗੀਰ ਬਣਾ ਦਿੱਤਾ ਜਾਂਦਾ ਹੈ ਤੇ ਉਹ ਇਹ ਵੀ ਨਹੀ ਦੱਸ ਸਕਦੇ ਕਿ ਇਸ ਕਾਰੇ ਦੇ ਦੋਸ਼ੀ ਉਹ ਕਿਉਂ ਨਹੀ?

ਅਕਾਲ ਤਖਤ ਸਾਹਿਬ

ਸਿੱਖ ਹਲਕਿਆਂ ਵਿੱਚ ਇਹ ਖਬਰ ਵਧੇਰੇ ਚਿੰਤਾ ਦੇ ਵਿਸ਼ੇ ਵਜੋਂ ਪੜ੍ਹੀ ਜਾਵੇਗੀ ਕਿ ਜਿਸ ਅਕਾਲ ਤਖਤ ਸਾਹਿਬ ਵਲੋਂ ਜਾਰੀ ਹੋਏ ਆਦੇਸ਼, ਸੰਦੇਸ਼ ਤੇ ਹੁਕਮਨਾਮਿਆਂ ਨੂੰ ਸਿੱਖ ਸਿਰ ਨਿਵਾ ਕੇ ਪ੍ਰਵਾਨ ਕਰਦੇ ਰਹੇ ਹਨ ਉਸ ਅਕਾਲ ਤਖਤ ਸਾਹਿਬ ਦੇ ਪ੍ਰਬੰਧਕੀ ਸਕਤਰੇਤ ਦੀ ਆਪਣਾ ਕੋਈ ‘ਬਿਜਲ ਪਤਾ’ (ਈ-ਮੇਲ ਪਤਾ) ਹੀ ਨਹੀਂ ਹੈ। ਜੋ ਕੁਝ ਦੇਸ਼ ਵਿਦੇਸ਼ ਵਿਚ ਤੇ ਵੱਖ ਵੱਖ ਸੰਸਥਾਵਾਂ ਨਾਲ ਰਾਬਤਾ ਕਰਨ ਲਈ ਜਾਂ ਸ਼ਿਕਾਇਤਾਂ ਵਸੂਲਣ ਲਈ ਬਿਜਲ ਪਤੇ ਵਰਤੇ ਜਾਂਦੇ ਹਨ ਉਹ ਜਥੇਦਾਰਾਂ ਦੇ ਸਪੁੱਤਰਾਂ ਜਾਂ ਮੁਲਾਜਮਾਂ ਦੇ ਨਿੱਜੀ ਬਿਜਲ ਪਤੇ ਹਨ। ਗਿਆਨੀ ਗੁਰਬਚਨ ਸਿੰਘ ਦੀ ਰੁਖਸਤੀ ਦੇ ਨਾਲ ਹੀ ਅਕਾਲ ਤਖਤ ਸਾਹਿਬ ਦਾ ਸਕਤਰੇਤ, ਕਿਸੇ ਸਿੱਧੇ ਸੰਪਰਕ ਤੋਂ ਵਾਂਝਾ ਹੋ ਗਿਆ ਹੈ। ਜਿਕਰ ਕਰਨਾ ਪਵੇਗਾ ਕਿ ਸਾਲ 1999 ਵਿੱਚ ਗਿਆਨੀ ਪੂਰਨ ਸਿੰਘ ਵਲੋਂ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਸੰਭਾਲਣ ਮੌਕੇ ਅਕਾਲ ਤਖਤ ਸਾਹਿਬ ਨਾਲ ਸਬੰਧਤ ਡਾਕ ਸ਼੍ਰੋਮਣੀ ਕਮੇਟੀ ਦੇ ਬਿਜਲ ਪਤੇ ਰਾਹੀਂ ਹੀ ਜਥੇਦਾਰ ਪਾਸ ਪੁਜਦੀ ਸੀ। ਜਿਉਂ ਹੀ 28 ਮਾਰਚ 2000 ਨੂੰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਜਥੇਦਾਰੀ ਸੰਭਾਲੀ ਤਾਂ ਕਮੇਟੀ ਪ੍ਰਬੰਧ ਵਿੱਚ ਪਹਿਲਾਂ ਤੋਂ ਮੁਲਾਜਮ ਪੁਤਰ ਜਗਬੀਰ ਸਿੰਘ ਦੇ ਨਾਮ ਤੇ ਬਿਜਲ ਪਤੇ (ਪੀਏਜਗਬੀਰ, ਪੀਏਖਾਲਸਾ) ਤੇ ਇੱਕ ਹੋਰ ਕਰੀਬੀ ਰਿਸ਼ਤੇਦਾਰ ਦੇ ਬਿਜਲ ਪਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਤਾਲਮੇਲ ਦਾ ਸਾਧਨ ਬਣ ਗਏ। ਇਹ ਦੋਨੋਂ ਹੀ ਜਥੇਦਾਰ ਸਾਹਿਬ ਦੇ ਨਿੱਜੀ ਸਹਾਇਕ ਸਨ। ਜਿਉਂ ਹੀ ਗਿਆਨੀ ਵੇਦਾਂਤੀ ਦੀ ਰੁਖਸਤੀ ਉਪਰੰਤ ਗਿਆਨੀ ਗੁਰਬਚਨ ਸਿੰਘ ਨੇ ਅਹੁਦਾ ਸੰਭਾਲਿਆ ਤਾਂ ਉਨ੍ਹਾਂ ਦੇ ਸਪੁਤਰ ਜਸਵਿੰਦਰ ਪਾਲ ਸਿੰਘ ਨੇ ਨਿੱਜੀ ਸਹਾਇਕ ਦਾ ਅਹੁਦਾ ਸੰਭਾਲਿਆ ਤੇ ਨਾਲ ਹੀ ਉਸਦੀ ਨਿੱਜੀ ਬਿਜਲ ਪਤੇ (ਪੀਏਜੇਪੀਸਿੰਘ) ਅਕਾਲ ਤਖਤ ਸਕਤਰੇਤ ਨਾਲ ਸੰਗਤਾਂ ਦੇ ਸੰਪਰਕ ਦਾ ਸਾਧਨ ਬਣ ਗਿਆ। ਪਿਛਲੇ ਕੁਝ ਸਮੇਂ ਤੋਂ ਗਿਆਨੀ ਗੁਰਬਚਨ ਸਿੰਘ ਦੇ ਕਰੀਬੀ ਰਿਸ਼ਤੇਦਾਰ (ਦਾਮਾਦ) ਜਥੇਦਾਰ ਦੇ ਨਿੱਜੀ ਸਹਾਇਕ ਵਜੋਂ ਵਿਚਰ ਰਹੇ ਸਨ ਲੇਕਿਨ ਬਿਜਲ ਪਤਾ ਫਿਰ ਵੀ ਗਿਆਨੀ ਗੁਰਬਚਨ ਸਿੰਘ ਦੇ ਪੁਤਰ ਦੇ ਨਾਂ ਵਾਲਾ ਹੀ ਵਰਤਿਆ ਜਾ ਰਿਹਾ ਸੀ। ਹਾਲਾਤ ਅਜਿਹੇ ਵੀ ਬਣੇ ਕਿ ਸ਼੍ਰੋਮਣੀ ਕਮੇਟੀ ਵਲੋਂ ਅਕਾਲ ਤਖਤ ਸਾਹਿਬ ਸਕਤਰੇਤ ਦੇ ਸੁਚਾਰੂ ਪ੍ਰਬੰਧ ਦੇ ਨਾਮ ਹੇਠ ਇੰਚਾਰਜ ਤੇ ਮੀਤ ਸਕੱਤਰ ਪੱਧਰ ਦੇ ਅਧਿਕਾਰੀ ਸਕਤਰੇਤ ਦੇ ਮੁਹਤਬਰ ਵੀ ਲਾਏ ਗਏ ਪਰ ਜਥੇਦਾਰ ਸਾਹਿਬ ਨੂੰ ਪੁੱਜੇ ਕਿਸੇ ਵੀ ਬਿਜਲ ਸੁਨੇਹੇ ਦੀ ਜਾਣਕਾਰੀ ਜਾਂ ਵਾਪਸੀ ਸੁਨੇਹਾ ਭੇਜਣ ਲਈ ਨਿੱਜੀ ਸਹਾਇਕ (ਪੀ.ਏ) ਦੇ ਬਿਜਲ ਪਤੇ ਵੱਲ ਝਾਕਣਾ ਪੈਂਦਾ ਸੀ। ਪਿਛਲੇ 18 ਸਾਲ ਦੌਰਾਨ ਅਕਾਲ ਤਖਤ ਸਾਹਿਬ ਦੇ ਇਨ੍ਹਾਂ ਦੋ ਜਥੇਦਾਰਾਂ (ਗਿਆਨੀ ਵੇਦਾਂਤੀ ਤੇ ਗਿਆਨੀ ਗੁਰਬਚਨ ਸਿੰਘ) ਨਾਲ ਰਾਬਤੇ ਦਾ ਸਾਧਨ ਬਣੇ ਬਿਜਲ ਪਤੇ ਵਿੱਚ ਬਹੁਤ ਕੁਝ ਅਜੇਹਾ ਜਰੂਰ ਹੈ ਜੋ ਅੱਜ ਵੀ ਭੇਦ ਬਣਿਆ ਹੋਇਆ ਹੈ। 22 ਅਕਤੂਬਰ 2018 ਨੂੰ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਣੀ ਨੇ ਗਿਆਨੀ ਗੁਰਬਚਨ ਸਿੰਘ ਦਾ ਅਸਤੀਫਾ ਪ੍ਰਵਾਨ ਕਰ ਲਿਆ। ਉਨ੍ਹਾਂ ਦੇ ਨਿੱਜੀ ਸਹਾਇਕ ਰਹੇ ਪੁਤਰ ਜਸਵਿੰਦਰ ਪਾਲ ਸਿੰਘ ਕਾਫੀ ਸਮੇਂ ਤੋਂ ਅਕਾਲ ਤਖਤ ਸਕਤਰੇਤ ਵਿਖੇ ਵੇਖੇ ਨਹੀਂ ਗਏ, ਦੂਸਰੇ ਨਿੱਜੀ ਸਹਾਇਕ ਦੀ ਤਬਦੀਲੀ ਹੋਣੀ ਸੁਭਾਵਿਕ ਹੈ। ਸਕਤਰੇਤ ਦਾ ਬਾਕੀ ਅਮਲਾ ਬਰਕਰਾਰ ਰਹੇਗਾ। ਪਰ ਅਕਾਲ ਤਖਤ ਸਕਤਰੇਤ ਨਾਲ ਰਾਬਤੇ ਲਈ ਸਕਤਰੇਤ ਦਾ ਕੋਈ ਵੱਖਰਾ ਬਿਜਲ ਪਤਾ ਹਾਲੀ ਤੱਕ ਵੀ ਨਹੀਂ ਹੈ। ਜਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਉਪਰ ਸਿੱਧੀ ਬਹਿਸ ਦੇ ਚਲਦਿਆਂ ਜਦੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਡੇਰਾ ਸਿਰਸਾ ਮੁਖੀ ਮੁਆਫੀ ਅਤੇ ਬਾਕੀ ਹੁਕਨਾਮਿਆਂ ਨੂੰ ਜਥੇਦਾਰ ਦੀ ਵਿੱਤੋਂ ਬਾਹਰੀ ਜਾਇਦਾਦ ਨਾਲ ਜੋੜਕੇ ਅੰਕੜੇ ਪੇਸ਼ ਕੀਤੇ ਤਾਂ ਯਕੀਨਨ ਉਨ੍ਹਾਂ ਦਾ ਨਿਸ਼ਾਨਾ ਜਥੇਦਾਰਾਂ ਨਾਲ ਰਾਬਤੇ ਲਈ ਬਣੇ ਨਿੱਜੀ ਬਿਜਲ ਪਤੇ ਵੀ ਸਨ। ਇਹ ਵੀ ਜਿਕਰਯੋਗ ਹੈ ਕਿ ਗਿਆਨੀ ਗੁਰਬਚਨ ਸਿੰਘ ਦੇ ਅਸਤੀਫੇ ਤੇ ਵਿਚਾਰ ਕਰਦਿਆਂ 22 ਅਕਤੂਬਰ ਦੀ ਕਾਰਜਕਾਰਣੀ ਵਿਚ ਮੈਂਬਰ ਅਮਰੀਕ ਸਿੰਘ ਸ਼ਾਹਪੁਰ ਨੇ ਇਹ ਮੱੁਦਾ ਵੀ ਚੁੱਕਿਆ ਸੀ ਕਿ ਗਿਆਨੀ ਗੁਰਬਚਨ ਸਿੰਘ ਦੇ ਕਾਰਜਕਾਲ ਦੌਰਾਨ ਲਏ ਵਿਵਾਦਤ ਫੈਸਲਿਆਂ ਦੀ ਜਾਂਚ ਜਰੂਰ ਕਰਵਾਈ ਜਾਏ। ਅਜੇਹੇ ਵਿੱਚ ਅਕਾਲ ਤਖਤ ਸਾਹਿਬ ਦੇ ਸਕਤਰੇੇਤ ਦੇ ਬਿਜਲ ਪਤੇ ਦੀ ਗੈਰ ਮੌਜੂਦਗੀ ਵਿਚ ਗਿਆਨੀ ਗੁਰਬਚਨ ਸਿੰਘ ਦੇ ਨਿੱਜੀ ਸਹਾਇਕ ਦਾ ਨਿੱਜੀ ਬਿਜਲ ਪਤਾ ਜਰੂਰ ਕਈ ਅਹਿਮ ਰਾਜ਼ ਖੋਹਲ ਸਕਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: