March 12, 2011 | By ਸਿੱਖ ਸਿਆਸਤ ਬਿਊਰੋ
ਲੁਧਿਆਣਾ (12 ਮਾਰਚ, 2011): ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਨੇ ਦੋਸ਼ ਲਾਇਆ ਹੈ ਕਿ ਗੁਰਦੁਆਰਾ ਚੋਣ ਕਮਿਸ਼ਨ ਵਲੋਂ ਆਉਂਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਜਾਰੀ ਕੀਤੀਆਂ ਵੋਟਰ ਸੂਚੀਆਂ ਵਿਚ ਵੱਡੇ ਪੱਧਰ ਤੇ ਧਾਂਦਲੀਆਂ ਹੋਈਆ ਹਨ ਅਤੇ ਵੋਟਰ ਸੂਚੀਆਂ ਵਿਚ ਦਰਜ ਅਯੋਗ ਵੋਟਰਾਂ ਦੀ ਗਿਣਤੀ ਹਜ਼ਾਰਾਂ ਤੋਂ ਵੀ ਉਪਰ ਹੋ ਸਕਦੀ ਹੈ।
ਪਾਰਟੀ ਦੇ ਮੁਖ ਦਫਤਰ ਲੁਧਿਆਣਾ ਤੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਪਾਰਟੀ ਦੇ ਕੌਮੀ ਪੰਚ ਕਮਿੱਕਰ ਸਿੰਘ,ਕੁਲਬੀਰ ਸਿੰਘ ਬੜ੍ਹਾਪਿੰਡ,ਜਨਰਲ ਸਕੱਤਰ ਅਮਰੀਕ ਸਿੰਘ ਈਸੜੂ,ਜਿਲਾ ਲੁਧਿਆਣਾ ਇਕਾਈ ਦੇ ਪ੍ਰਧਾਨ ਸੁਲਤਾਨ ਸਿੰਘ ਸੋਢੀ ਤੇ ਜਥੇਬੰਦਕ ਸਕੱਤਰ ਜਸਵੀਰ ਸਿੰਘ ਖੰਡੂਰ ਨੇ ਕਿਹਾ ਹੈ ਕਿ ਪੰਜਾਬ ਦੇ ਵੱਖ ਵੱਖ ਹਲਕਿਆਂ ਦੀਆਂ ਕੁਝਕੁ ਵੋਟਰ ਸੂਚੀਆਂ ਦੀ ਛਾਣ-ਬੀਣ ਤੋਂ ਪਤਾ ਲੱਗਿਆ ਹੈ ਕਿ ਲਗਭਗ ਹਰੇਕ ਪਿੰਡ ਜਾਂ ਮੁਹੱਲੇ ਵਿਚ ਸੈਂਕੜੇ ਅਜਿਹੇ ਵਿਅਕਤੀਆਂ ਦੇ ਨਾਅ ਵੋਟਰ ਸੂਚੀਆਂ ਵਿਚ ਵੋਟਰਾਂ ਵਜੋਂ ਦਰਜ ਕੀਤੇ ਗਏ ਹਨ ਜਿਹੜੇ ਕਨੂੰਨਨ ਵੋਟਰ ਬਣਨ ਦੀਆਂ ਸ਼ਰਤਾਂ ਪੂਰੀਆਂ ਨਾਂਹ ਹੋਣ ਕਾਰਣ ਵੋਟਰ ਬਣਨ ਦੇ ਯੋਗ ਨਹੀਂ । ਜੇ ਸਾਰੇ ਪੰਜਾਬ ਦੀਆਂ ਵੋਟਰ ਸੂਚੀਆਂ ਦੀ ਜਾਂਚ ਕੀਤੀ ਜਾਵੇ ਤਾਂ ਅਜਿਹੀਆਂ ਗਲਤ ਵੋਟਾਂ ਦੀ ਗਿਣਤੀ ਲੱਖਾਂ ਤਕ ਪਹੁੰਚ ਸਕਦੀ ਹੈ। ਇਹ ਸਭ ਕੁਝ ਪੰਜਾਬ ਦੀ ਸੱਤਾ ਉਪਰ ਕਾਬਜ ਸਿਆਸੀ ਪਾਰਟੀਆਂ ਦੀ ਮਰਜੀ ,ਇਸ਼ਾਰੇ ਤੇ ਅਫਸਰਸ਼ਾਹੀ ਦੀ ਮਿਲੀਭੁਗਤ ਨਾਲ ਹੋਇਆ ਹੈ। ਇਸ ਵਿਚ ਉਹ ਸਰਕਾਰੀ ਕਰਮਚਾਰੀ ਤੇ ਅਧਿਕਾਰੀ ਵੀ ਪੂਰੀ ਤਰ੍ਹਾਂ ਦੋਸ਼ੀ ਹਨ ਜਿੰਨ੍ਹਾਂ ਨੇ ਸਾਰੇ ਨਿਯਮਾਂ ਨੂੰ ਛਿੱਕੇ ਟੰਗਦੇ ਹੋਏ ਸਿਆਸੀ ਦਬਾਅ ਹੇਠ ਇਹ ਗਲਤ ਵੋਟਾਂ ਬਣਾਈਆਂ ਅਤੇ ਇੰਨ੍ਹਾਂ ਦੇ ਠੀਕ ਹੋਣਾ ਤਸਦੀਕ ਕੀਤਾ ਹੈ।
ਉਨ੍ਹਾਂ ਅਗੇ ਕਿਹਾ ਕਿ ਜੇ ਸ਼੍ਰੋਮਣੀ ਕਮੇਟੀ ਚੋਣਾਂ ਇੰਨ੍ਹਾਂ ਸੂਚੀਆਂ ਦੇ ਅਧਾਰ ਤੇ ਹੁੰਦੀਆਂ ਹਨ ਤਾਂ ਸ਼੍ਰੋਮਣੀ ਕਮੇਟੀ ਦਾ ਸਰੂਪ ਹੀ ਬਦਲ ਜਾਵੇਗਾ ਅਤੇ ਇਹ ਚੋਣਾਂ ਅਰਥਹੀਣ ਹੋਕੇ ਰਹਿ ਜਾਣਗੀਆਂ । ਇਸ ਸਾਰੇ ਵਰਤਾਰੇ ਪਿਛੇ ਸਿੱਖ ਵਿਰੋਧੀ ਸ਼ਕਤੀਆਂ ਦੀ ਡੂੰਘੀ ਸ਼ਾਜਿਸ ਸਾਫ ਦਿਖਾਈ ਦਿੰਦੀ ਹੈ ਜਿਹੜੀਆਂ ਸਿੱਖ ਧਾਰਮਿਕ ਸੰਸਥਾਵਾਂ ਵਿਚ ਘੁਸਪੈਠ ਕਰਕੇ ਜਾਂ ਕਰਵਾਕੇ ਸਿੱਖ ਧਰਮ ਤੇ ਕੌਮ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੀਆਂ ਹਨ ਅਤੇ ਇੰਨ੍ਹਾਂ ਸੰਸਥਾਵਾਂ ਨੂੰ ਬਦਨਾਮ ਤੇ ਕਮਜੋਰ ਕਰਨਾ ਚਾਹੁੰਦੀਆਂ ਹਨ।ਉਨ੍ਹਾਂ ਕਿਹਾ ਕਿ ਜੇ ਚੋਣ ਸੁਧਾਰਾਂ ਦੀ ਲੋੜ ਨੂੰ ਮੁਖ ਰੱਖਕੇ ਪੂਰੇ ਦੋੇਸ ਲਈ ਕਰੋੜਾਂ ਵੋਟਾਂ ਫੋਟੋ ਦੇ ਅਧਾਰ ਤੇ ਬਣਾਈਆਂ ਜਾ ਸਕਦੀਆਂ ਹਨ ਜਾਂ ਘਰ ਘਰ ਜਾਕੇ ਵੋਟਾਂ ਬਣਾਈਆਂ ਜਾਂਦੀਆਂ ਹਨ ਤਾਂ ਇਸ ਚੋਣ ਲਈ ਲੱਖਾਂ ਵੋਟਾਂ ਦੀ ਖਾਤਰ ਇਹ ਸਭ ਕੁਝ ਕਿਉਂ ਨਹੀਂ ਕੀਤਾ ਜਾ ਰਿਹਾ ।ਵੋਟਾਂ ਬਣਾਉਣ ਦੀਆਂ ਆਖਰੀ ਤਰੀਕਾਂ ਵਿਚ ਲੱਖਾਂ ਗਲਤ ਵੋਟਾਂ ਦਾ ਬਣਨਾ ਇੰਨ੍ਹਾਂ ਧਾਦਲੀਆਂ ਵੱਲ ਸਾਫ ਤੇ ਸਪੱਸਟ ਇਸਾਰਾ ਕਰਦਾ ਹੈ। ਅੰਤਮ ਸੂਚੀਆਂ ਜਾਰੀ ਕਰਨ ਤੋਂ ਪਹਿਲਾਂ ਮੰਗੇ ਗਏ ਇਤਰਾਜ ਇਥੇ ਕੋਈ ਮਾਅਨੇ ਨਹੀਂ ਰੱਖਦੇ ਕਿਉਂਕਿ ਇਤਰਾਜ ਇਕ ਅੱਧ ਵੋਟ ਤੇ ਕੀਤਾ ਜਾ ਸਕਦਾ ਹੈ ਅਤੇ ਉਸਦੇ ਲਈ ਵੀ ਅਧਿਕਾਰੀਆਂ ਜਾਂ ਕਰਮਚਾਰੀਆਂ ਦੇ ਦਫਤਰਾਂ ਦੇ ਅਨੇਕ ਗੇੜੇ ਮਾਰਨੇ ਪੈਂਦੇ ਹਨ । ਇਥੇ ਤਾਂ ਮਾਮਲਾ ਲੱਖਾਂ ਵੋਟਾਂ ਦਾ ਹੈ।
ਉਨ੍ਹਾਂ ਨੇ ਮੰਗ ਕੀਤੀ ਕਿ ਕੇਂਦਰੀ ਮ੍ਰਹਿ ਮੰਤਰਾਲਾ ਤੇ ਗੁਰਦੁਆਰਾ ਚੋਣ ਕਮਿਸ਼ਨ ਇਸ ਬਹੁਤ ਵੱਡੇ ‘ਵੋਟ ਸਕੈਂਡਲ’ ਦੀ ਉੱਚ ਪੱਧਰੀ ਜਾਂਚ ਕਰਵਾਏ ਤਾਂ ਜੋ ਇਹ ਚੋਣਾਂ ਉਸ ਭਾਵਨਾ ਨਾਲ ਹੋਣ ਤੇ ਉਨ੍ਹਾਂ ਵਿਅਕਤੀਆਂ ਨੂੰ ਚੁਣਨ ਜਿਸ ਭਾਵਨਾ ਨੂੰ ਲੈਕੇ ਗੁਰਦੁਆਰਾ ਐਕਟ ਬਣਾਇਆ ਗਿਆ ਸੀ।
ਉਨ੍ਹਾਂ ਕਿਹਾ ਕਿ ਨਿਰਪੱਖ ਚੋਣਾਂ ਲਈ ਪਹਿਲਾ ਤੇ ਮੁਖ ਕਦਮ ਇਹ ਹੀ ਹੈ ਕਿ ਉਨ੍ਹਾਂ ਵਿਅਕਤੀਆਂ ਦੀਆਂ ਵੋਟਾਂ ਹੀ ਬਣਾਈਆਂ ਜਾਣ ਜਿਹੜੇ ਨਿਰਧਾਰਤ ਯੋਗਤਾ ਤੇ ਸ਼ਰਤਾਂ ਪੂਰੀਆਂ ਕਰਦੇ ਹਨ ਅਤੇ ਅਜਿਹਾ ਯਕੀਨੀ ਬਣਾਉਣਾ ਗੁਰਦੁਆਰਾ ਚੋਣ ਕਮਿਸ਼ਨ ਦੀ ਸੰਵਿਧਾਨਕ ਜਿੰਮੇਵਾਰੀ ਹੈ ।ਇਸ ਲਈ ਵੋਟਾਂ ਬਣਾਉਣ ਵਾਲੇ ਕਰਮਚਾਰੀਆਂ ਤੇ ਤਸਦੀਕ ਕਰਨ ਵਾਲੇ ਜਿਲ੍ਹਾ ਅਧਿਕਾਰੀਆਂ ਵਾਰੇ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਨੇ ਇੰਨ੍ਹੀ ਵੱਡੀ ਘਪਲੇਬਾਜ਼ੀ ਕਿਉਂ ਤੇ ਕਿਸਦੇ ਇਸ਼ਾਰੇ ਤੇ ਕੀਤੀ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਇਸ ਜਾਂਚ ਵਿਚ ਪੂਰਾ ਸਹਿਯੋਗ ਦੇਣ ਲਈ ਤਿਆਰ ਹੈ।
ਉਨ੍ਹਾਂ ਨੇ ਸਿੱਖ ਸੰਗਤ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਪੰਥ ਵਿਰੋਧੀ ਸ਼ਕਤੀਆਂ ਦੇ ਇੰਨ੍ਹਾਂ ਕੋਝੇ ਤਰੀਕਿਆਂ ਨੂੰ ਨਾਕਾਮ ਕਰਨ ਲਈ ਸਿੱਖ ਅਵਾਜ਼ ਬੁਲੰਦ ਹੋਣੀ ਚਾਹੀਦੀ ਹੈ।
Related Topics: Akali Dal Panch Pardhani, Shiromani Gurdwara Parbandhak Committee (SGPC)