ਵੈਸਾਖ ਦਾ ਮਹੀਨਾ ਉਸ ਬੰਜਰ, ਬੇ-ਆਬਾਦ, ਤੇ ਨੀਰ-ਤਰਸਦੀ ਧਰਤੀ ਉੱਤੇ ਕਹਿਰ ਦੀ ਅੱਗ ਬਰਸਾ ਰਿਹਾ ਸੀ। ਗੁਰੂ ਜੀ ਨੇ ਖਦਰਾਣੇ ਦੀ ਢਾਬ ਦਾ ਰੁਖ਼ ਕੀਤਾ। ਉਹਨਾਂ ਨਾਲ ਪੰਜ ਸੌ ਸ਼ਰਧਾਵਨ ਸਨ। ਤੇਗ਼ਾਂ, ਤੀਰ-ਕਮਾਨਾਂ ਅਤੇ ਬੰਦੂਕਾਂ ਸਮੇਤ ਸਭ ਘੋੜਿਆਂ 'ਤੇ ਅਸਵਾਰ ਸਨ। ਖਦਰਾਣੇ ਦੀ ਢਾਬ ਉੱਤੇ ਪਹੁੰਚ ਕੇ ਉਹਨਾਂ ਨੇ ਛੋਟੀਆਂ ਛੋਟੀਆਂ ਟਿੱਬੀਆਂ ਅਤੇ ਮਿੱਟੀ ਦੀਆਂ ਢੇਰੀਆਂ ਉੱਤੇ ਖੜੇ ਝਾੜਾਂ ਪਿੱਛੇ ਓਟਾਂ ਬਣਾ ਲਈਆਂ, ਅਤੇ ਦੁਸ਼ਮਣ ਦੀ ਉਡੀਕ ਕਰਨ ਲੱਗੇ। ਵਜ਼ੀਰ ਖ਼ਾਂ ਦੀ ਫ਼ੌਜ ਜੰਗਲ ਦੇ ਇਲਾਕੇ ਦੀ ਬਹੁਤ ਘੱਟ ਭੇਤੀ ਸੀ। ਉਸ ਨੇ ਰਾਹ ਦੱਸਣ ਲਈ ਚੌਧਰੀ ਕਪੂਰੇ ਨੂੰ ਆਪਣੇ ਨਾਲ ਲੈ ਲਿਆ।