ਦਰਬਾਰ ਸਾਹਿਬ 'ਤੇ ਭਾਰਤੀ ਫੌਜ ਵਲੋਂ ਕੀਤੇ ਗਏ ਹਮਲੇ ਨੂੰ ਐਤਕੀਂ 33 ਵਰ੍ਹੇ ਹੋ ਗਏ ਨੇ। ਭਾਰਤੀ ਫੌਜ ਨੇ ਦਰਬਾਰ ਸਾਹਿਬ ਕੰਪਲੈਕਸ 'ਤੇ ਕਬਜ਼ਾ ਕਰਨ ਮਗਰੋਂ ਜਿਸ ਕਿਸਮ ਦਾ ਰੌਂਗਟੇ ਖੜ੍ਹੇ ਕਰਨ ਵਾਲਾ ਵਿਹਾਰ ਆਮ ਸ਼ਰਧਾਲੂਆਂ ਅਤੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨਾਲ ਕੀਤਾ ਉਸ ਬਾਰੇ ਬਹੁਤ ਸਾਰੀਆਂ ਗੱਲਾਂ ਅਖ਼ਬਾਰਾਂ, ਰਸਾਲਿਆਂ ਅਤੇ ਕਿਤਾਬਾਂ ਵਿੱਚ ਲਿਖੀਆਂ ਜਾ ਚੁੱਕੀਆਂ ਨੇ ਪਰ ਇੱਕ ਘਟਨਾ ਜੋ ਕਿ ਫੋਰਟ ਵਿਲੀਅਮ ਕਿਲ੍ਹੇ ਦੇ ਬਲੈਕ ਹੋਲ ਵਾਲੇ ਵਾਅਕੇ ਨਾਲ ਮੇਲ ਖਾਂਦੀ ਹੈ ਉਹ ਅਜੇ ਤੱਕ ਕਿਸੇ ਲਿਖਤ ਵਿੱਚ ਸਾਹਮਣੇ ਨਹੀਂ ਆਈ। 1756 ਦੀ 20 ਜੂਨ ਨੂੰ ਵਾਪਰਿਆ ਇਹ ਸਾਕਾ ਅੰਗਰੇਜ਼ ਇਤਿਹਾਸ ਦਾ ਇੱਕ ਅਹਿਮ ਕਾਂਡ ਹੈ।