ਲਾਸ ਏਂਜਲਸ: ਗੁਰੂਜਸ ਕੌਰ, ਹਰੀ ਜੀਵਨ ਸਿੰਘ ਖ਼ਾਲਸਾ ਅਤੇ ਐਡਮ ਬੈਰੀ ਦੀ ਸ਼ਮੂਲੀਅਤ ਵਾਲੇ ਸੈਂਟਾ ਮੋਨਿਕਾ ਆਧਾਰਤ ਬੈਂਡ ‘ਵ੍ਹਾਈਟ ਸਨ’ ਨੂੰ ਉਨ੍ਹਾਂ ਦੀ ਐਲਬਮ ‘ਵ੍ਹਾਈਟ ਸਨ 2’ ਲਈ ‘ਨਵੀਂ ਪੀੜ੍ਹੀ ਦੀ ਬਿਹਤਰੀਨ ਐਲਬਮ ਦਾ ਗ੍ਰੈਮੀ ਐਵਾਰਡ’ ਮਿਲਿਆ ਹੈ।

ਲਾਸ ਏਂਜਲਸ ਟਾਈਮਜ਼ ਦੀ ਰਿਪੋਰਟ ਅਨੁਸਾਰ ਇਨ੍ਹਾਂ ਤਿੰਨਾਂ ਦਾ ਆਪਣੇ ਪਹਿਲੇ ਗ੍ਰੈਮੀ ਪੁਰਸਕਾਰ ਲਈ ਮੁਕਾਬਲਾ ਆਇਰਲੈਂਡ ਦੀ ਗਾਇਕ-ਗੀਤਕਾਰ ਐਨਿਆ ਅਤੇ ਪਿਆਨੋਵਾਦਕ ਜੌਹਨ ਬਰਕੇ ਨਾਲ ਸੀ। ਇਹ ਪੁਰਸਕਾਰ ਗੁਰੂਜਸ ਨੇ ਸਵੀਕਾਰ ਕੀਤਾ, ਜਦੋਂ ਕਿ ਬੈਰੀ ਤੇ ਸਾਜ਼ੀ ਹਰਜੀਵਨ ਨਾਲ ਖੜ੍ਹੇ ਸਨ। ਪੁਰਸਕਾਰ ਲੈਣ ਮੌਕੇ ਗੁਰੂਜਸ ਕੌਰ ਨੇ ਕਿਹਾ ਕਿ “ਅਸੀਂ ਸਿਰਫ਼ ਆਪਣੇ ਸੰਗੀਤ ਨੂੰ ਬਿਹਤਰ ਬਣਾਉਣਾ ਚਾਹੁੰਦੇ ਹਾਂ। ਸਾਡਾ ਸੁਪਨਾ ਇਸ ਸੰਸਾਰ ਨੂੰ ਵੱਧ ਸੁੰਦਰ ਥਾਂ ਬਣੀ ਦੇਖਣ ਦਾ ਹੈ। ਜਿਹੜੇ ਹੋਰ ਲੋਕ ਵੀ ਅਜਿਹਾ ਸੁਪਨਾ ਦੇਖਦੇ ਹਨ, ਉਨ੍ਹਾਂ ਦਾ ਧੰਨਵਾਦ। ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਅਤੇ ਹੋਰ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ।” ‘ਵ੍ਹਾਈਟ ਸਨ 2’ ਵਿੱਚ ਗ੍ਰੈਮੀ ਐਵਾਰਡ ਜੇਤੂ ਕੋਰਾ ਵਾਦਕ ਮਮਾਦਾਓ ਡਾਇਬੇਟ, ‘ਦਿ ਪੰਚ ਬ੍ਰਦਰਜ਼’ ਦੇ ਵਾਇਲਨ ਵਾਦਕ ਵੇਬ ਵਿਚਰ ਅਤੇ ਹੈਦਰਾਬਾਦ ਦੇ ਤਬਲਾ ਵਾਦਕ ਅਭਿਮਨ ਕੌਸ਼ਲ ਸ਼ਾਮਲ ਹਨ। ਸਾਲ 2016 ਵਿੱਚ ਆਈ ਇਹ ਐਲਬਮ ‘ਐਪਲ’ ਤੇ ‘ਆਈ ਟਿਊਨਜ਼’ ਦੋਵਾਂ ਦੀ ਸੂਚੀ ਵਿੱਚ ਸਿਖਰ ਉਤੇ ਹੈ।