ਨਿਊਯਾਰਕ: ਸਾਕਾ ਨਕੋਦਰ ਦੇ ਸ਼ਹੀਦਾਂ ਦੀ ਯਾਦ ‘ਚ ਨਿਊਯਾਰਕ ਦੇ ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਰਿਚਮੰਡ ਹਿੱਲ ਵਿਖੇ ਦੋ ਵੱਖ-ਵੱਖ ਸਮਾਗਮਾਂ ਦੌਰਾਨ ਮਨਾਈ ਗਈ, ਜਿੱਥੇ ਵੱਡੀ ਗਿਣਤੀ ‘ਚ ਸੰਗਤ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ਼ਹੀਦ ਪਰਿਵਾਰਾਂ ਦਾ ਸਨਮਾਨ ਕੀਤਾ।
ਗੁਰਦਵਾਰਾ ਪ੍ਰਬੰਧਕ ਕਮੇਟੀ, ਦੁਆਬਾ ਸਿੱਖ ਅਸੋਸੀਏਸ਼ਨ, ਸਿੱਖਜ ਫਾਰ ਜਸਟਿਸ, ਪੰਥਕ ਸਿੱਖ ਸੁਸਾਇਟੀ, ਸਿੱਖ ਯੂਥ ਆਫ ਅਮਰੀਕਾ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਅਤੇ ਸੰਤ ਪ੍ਰੇਮ ਸਿੰਘ ਕਲਚਰਲ ਸੁਸਾਇਟੀ ਵਲੋਂ ਸਾਂਝੇ ਤੌਰ ‘ਤੇ ਸਾਕਾ ਨਕੋਦਰ ਦੇ ਸ਼ਹੀਦਾਂ ਦੀ 31ਵੀਂ ਬਰਸੀ ਮੌਕੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਲਗਾਤਾਰ ਹੋ ਰਹੀ ਬੇਅਦਬੀ ਵਿਸ਼ੇ ‘ਤੇ ਸੈਮੀਨਾਰ 18 ਮਾਰਚ 2017 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਸ਼ਹੀਦ ਭਾਈ ਰਵਿੰਦਰ ਸਿੰਘ ਜੀ ਦੇ ਛੋਟੇ ਵੀਰ ਡਾ. ਹਰਿੰਦਰ ਸਿੰਘ ਸਟੈਨਫੋਰਡ ਯੂਨੀਵਰਸਿਟੀ ਵਲੋਂ ਸਾਕਾ ਨਕੋਦਰ ਦੌਰਾਨ ਹੋਈ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਹੋਏ ਸਿੱਖ ਪ੍ਰਤੀਕਰਮ ਬਾਰੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਤੱਥਾਂ ਅਤੇ ਸਬੂਤਾਂ ਸਮੇਤ ਪੇਸ਼ ਕੀਤੀ ਗਈ।

ਡਾ. ਹਰਿੰਦਰ ਸਿੰਘ ਨੇ ਸ਼ਹੀਦ ਸਿੰਘਾਂ ਭਾਈ ਹਰਮਿੰਦਰ ਸਿੰਘ ਚਲੂਪੁਰ ਅਤੇ ਭਾਈ ਬਲਧੀਰ ਸਿੰਘ ਜੀ ਦੀਆਂ ਪੋਸਟ ਮਾਰਟਮ ਰਿਪੋਰਟਾਂ ਪੇਸ਼ ਕੀਤੀਆਂ, ਜਿਨ੍ਹਾਂ ‘ਤੇ ਇਨ੍ਹਾਂ ਸਿੰਘਾਂ ਦੇ ਅਤੇ ਸਿੰਘਾਂ ਦੇ ਪਿਤਾ ਜੀ ਦੇ ਨਾਮ ਦਰਜ ਹਨ ਅਤੇ ਉਨ੍ਹਾਂ ਦੇ ਪਤੇ ਵੀ ਦਰਜ ਹਨ। ਕੌਮਾਂਤਰੀ ਮਨੁੱਖੀ ਅਧਿਕਾਰ ਸਭਾ ਦੀ ਰਿਪੋਰਟ ਵੀ ਪੇਸ਼ ਕੀਤੀ ਗਈ, ਜਿਸ ਵਿੱਚ ਮੌਕੇ ਦੇ ਐੱਸ.ਡੀ.ਐੱਮ. ਨੇ ਮੰਨਿਆ ਹੈ ਕਿ 3 ਸ਼ਹੀਦ ਸਿੰਘਾਂ ਦੀ ਪਹਿਚਾਣ 4 ਫਰਵਰੀ ਦੀ ਸ਼ਾਮ ਨੂੰ ਹੋ ਗਈ ਸੀ। ਇਸ ਰਿਪੋਰਟ ਵਿੱਚ ਇਹ ਵੀ ਲਿਖਿਆ ਹੈ ਕਿ ਭਾਈ ਹਰਮਿੰਦਰ ਸਿੰਘ ਚਲੂਪੁਰ ਨੂੰ ਪੁਲਿਸ ਅਧਿਕਾਰੀਆਂ ਵਲੋਂ ਫੜ ਕੇ ਕਤਲ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਪੁਲਿਸ ਵਲੋਂ ਉਸ ਮੌਕੇ ਇਨ੍ਹਾਂ ਸਿੰਘਾਂ ਨੂੰ ਅਣਪਛਾਤੇ ਅਤੇ ਲਾਵਾਰਿਸ ਕਹਿ ਕੇ ਸਾੜ ਦਿੱਤਾ ਗਿਆ ਸੀ। ਡਾ. ਹਰਿੰਦਰ ਸਿੰਘ ਵਲੋਂ ਇਹ ਪੋਸਟ ਮਾਰਟਮ ਰਿਪੋਰਟਾਂ ਪੇਸ਼ ਕਰਕੇ ਇਹ ਸਾਬਤ ਕੀਤਾ ਕਿ ਪੁਲਿਸ ਨੇ ਇਨ੍ਹਾਂ ਸਿੰਘਾਂ ਦੀ ਪਛਾਣ ਨਾ ਹੋਣ ਬਾਰੇ ਝੂਠ ਬੋਲਿਆ। ਸ਼ਹੀਦ ਭਾਈ ਰਵਿੰਦਰ ਸਿੰਘ ਜੀ ਦੇ ਪਿਤਾ ਜੀ ਉਸ ਸਮੇਂ ਮੌਕੇ ‘ਤੇ ਹਾਜ਼ਰ ਸਨ ਅਤੇ ਉਨ੍ਹਾਂ ਵਲੋਂ ਆਪਣੇ ਪੁੱਤਰ ਦੀ ਪਹਿਚਾਣ ਕਰਕੇ ਪੁਲਿਸ ਤੋਂ ਆਪਣੇ ਪੁੱਤਰ ਦਾ ਮ੍ਰਿਤਕ ਸਰੀਰ ਲੈਣ ਲਈ ਮੰਗ ਕੀਤੀ ਸੀ, ਜੋ ਇਹ ਸਾਬਿਤ ਕਰਦਾ ਹੈ ਕਿ ਪੁਲਿਸ ਵਲੋਂ ਇਨ੍ਹਾਂ ਸਿੰਘਾਂ ਨੂੰ ਜਾਣ ਬੁੱਝਕੇ ਲਾਵਾਰਿਸ ਕਰਾਰ ਦਿੱਤਾ ਗਿਆ। ਡਾ. ਹਰਿੰਦਰ ਸਿੰਘ ਵਲੋਂ ਪੇਸ਼ ਕੀਤੀਆਂ ਚਾਰੇ ਪੋਸਟ ਮਾਰਟਮ ਰਿਪੋਰਟਾਂ ਵਿੱਚ ਲਿਖਿਆ ਹੈ ਕਿ ਪੁਲਿਸ ਵਲੋਂ ਤਿੰਨ ਸਿੰਘਾਂ ਦੀਆਂ ਛਾਤੀਆਂ ਵਿੱਚ ਗੋਲੀਆਂ ਮਾਰੀਆਂ ਸਨ ਅਤੇ ਇੱਕ ਸਿੰਘ ਦੇ ਮੂੰਹ ਵਿੱਚ ਗੋਲੀਆਂ ਮਾਰੀਆਂ ਸਨ।

ਇਸ ਸੈਮੀਨਾਰ ਦੇ ਦੂਸਰੇ ਬੁਲਾਰੇ ਡਾ. ਅਮਰਜੀਤ ਸਿੰਘ ਵਲੋਂ 1986 ਦੇ ਇਸ ਸਾਕੇ ਤੋਂ ਲੈਕੇ ਹੁਣ ਤੱਕ ਹੋਈਆਂ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਸਾਕਾ ਨਕੋਦਰ ਦੀ ਸਿੱਖ ਇਤਿਹਾਸ ਵਿੱਚ ਮਹੱਤਤਾ ਬਾਰੇ ਵੀ ਬਹੁਤ ਹੀ ਸਾਰਥਕ ਜਾਣਕਾਰੀ ਦਿੱਤੀ ਗਈ। ਇਸ ਸੈਮੀਨਾਰ ਦਾ ਟੀ.ਵੀ. ’84 ਵਲੋਂ ਸਿੱਧਾ ਪ੍ਰਸਾਰਣ ਕੀਤਾ ਗਿਆ।

19 ਮਾਰਚ 2017 ਦਿਨ ਐਤਵਾਰ ਦਾ ਦੀਵਾਨ ਵੀ ਸਾਕਾ ਨਕੋਦਰ ਦੇ ਸ਼ਹੀਦਾਂ ਨੂੰ ਸ਼ਹੀਦੀ ਕਾਨਫਰੰਸ ਕਰਕੇ ਸਮਰਪਿਤ ਕੀਤਾ ਗਿਆ। ਜਿੱਥੇ ਸੰਗਤਾਂ ਦੇ ਵੱਡੇ ਇਕੱਠ ਵਿੱਚ ਡਾ. ਹਰਿੰਦਰ ਸਿੰਘ ਨੇ ਸ਼ਹੀਦਾਂ ਦੇ ਜੀਵਨ, ਪਰਿਵਾਰਾਂ ਦੇ ਸੰਘਰਸ਼ ਅਤੇ ਮੌਜੂਦਾ ਹਾਲਾਤ ਬਾਰੇ ਚਾਨਣਾ ਪਾਇਆ। ਗਿਆਨੀ ਭੁਪਿੰਦਰ ਸਿੰਘ ਨੇ ਬਹੁਤ ਹੀ ਸੰਖੇਪ ਵਿੱਚ ਸਾਕਾ ਨਕੋਦਰ ਬਾਰੇ, ਭਾਈ ਬਲਧੀਰ ਸਿੰਘ ਜੀ ਬਾਰੇ ਤੇ ਆਪਣੇ ਪ੍ਰੀਵਾਰ ਤੇ ਹੋਏ ਸੰਤਾਪ ਦੀ ਜਾਣਕਾਰੀ ਦਿੱਤੀ। ਡਾ. ਅਮਰਜੀਤ ਸਿੰਘ ਨੇ ਸਾਕਾ ਨਕੋਦਰ ਤੋਂ ਲੈ ਕੇ ਹੁਣ ਤੱਕ ਹੋਈ ਸਿੱਖਾਂ ਦੀ ਖੱਜਲ-ਖੁਆਰੀ ਨੂੰ ਆਪਣੀ ਤਕਰੀਰ ਵਿੱਚ ਪੇਸ਼ ਕੀਤਾ। ਨਿਊਜਰਸੀ ਤੋਂ ਭਾਈ ਜੋਗਾ ਸਿੰਘ ਨੇ ਬਹੁਤ ਹੀ ਪਰਭਾਵੀ ਕਵਿਤਾ ਰਾਹੀਂ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਕੁਲਵੰਤ ਸਿੰਘ ਪੰਡੋਰੀ ਢਾਡੀ ਜਥੇ ਨੇਂ ਢਾਡੀ ਵਾਰਾਂ ਗਾਕੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ । ਇਸ ਸਮਾਗਮ ਵਿੱਚ ਸਾਕਾ ਨਕੋਦਰ ਦੇ ਪੰਜਾਂ ਪਿਆਰਿਆਂ ਵਿੱਚੋਂ ਬਚੇ ਇੱਕੋ ਇੱਕ ਪਿਆਰਾ ਪਰਵਿੰਦਰ ਸਿੰਘ ਸ਼ਰੀਂਹ ਵੀ ਹਾਜ਼ਰ ਸੀ। ਪ੍ਰਬੰਧਕ ਕਮੇਟੀ ਵਲੋਂ ਸਾਕਾ ਨਕੋਦਰ ਦੇ ਸ਼ਹੀਦਾਂ ਦੀਆਂ ਤਸਵੀਰਾਂ ਲੰਗਰ ਹਾਲ ਵਿੱਚ ਲਗਾਉਣ ਦੇ ਨਾਲ ਸ਼ਹੀਦ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਗਿਆ। ਸੰਗਤ ਵਲੋਂ ਸ਼ਹੀਦ ਪਰਿਵਾਰਾਂ ਨਾਲ ਬੇਹੱਦ ਅਪਣੱਤ ਦਾ ਇਜ਼ਹਾਰ ਕੀਤਾ ਗਿਆ ਅਤੇ ਸਿੰਘਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਪਰਿਵਾਰਾਂ ਦੇ ਹੌਂਸਲੇ ਦੀ ਦਾਦ ਦਿੱਤੀ ਗਈ।