ਨਵੀਂ ਦਿੱਲੀ: ਕਰੀਬ 23 ਸਾਲ ਪਹਿਲਾਂ ਉਸ ਵੇਲੇ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਕੋਟਲੀ ਵੱਲੋਂ ਫਰਾਂਸ ਦੀ ਨਾਗਰਿਕ ਕੇਤੀਆ ਡਾਰਨੰਡ ਨੂੰ ਅਗਵਾ ਕਰਨ ਅਤੇ ਛੇੜਖਾਨੀ ਦੇ ਮਾਮਲੇ ਨੂੰ ਕੌਮੀ ਔਰਤ ਕਮਿਸ਼ਨ ਨੇ ਸ਼ੁੱਕਰਵਾਰ (15 ਸਤੰਬਰ) ਦੁਬਾਰਾ ਖੋਲ੍ਹਦਿਆਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਕੌਮੀ ਔਰਤ ਕਮਿਸ਼ਨ ਦੀ ਚੇਅਰਪਰਸਨ ਲਲਿਤਾ ਕੁਮਾਰ ਮੰਗਲਮ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਕੇਤੀਆ ਨੂੰ ਇਨਸਾਫ਼ ਦਿਵਾਉਣਗੇ।

ਦਿੱਲੀ ਦੀ ਕੌਂਸਲਰ ਗੁਰਜੀਤ ਕੌਰ ਨੇ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਵਫ਼ਦ ’ਚ ਬਾਦਲ ਦਲ ਦੇ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ, ਭਾਜਪਾ ਦੇ ਵਿਧਾਇਕ ਅਤੇ ਦਿੱਲੀ ਕਮੇਟੀ ਦੇ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਪਰਮਿੰਦਰ ਸਿੰਘ ਬਰਾੜ ਵੀ ਹਾਜ਼ਰ ਸਨ। ਸ਼ਿਕਾਇਤਕਰਤਾ ਗੁਰਜੀਤ ਕੌਰ ਨੇ ਕਮਿਸ਼ਨ ਨੂੰ ਦੱਸਿਆ ਕਿ ਗੁਰਕੀਰਤ ਕੋਟਲੀ ਖ਼ਿਲਾਫ਼ ਢੁਕਵੀਆਂ ਧਾਰਾਵਾਂ ਸ਼ਾਮਲ ਨਹੀਂ ਕੀਤੀਆਂ ਗਈਆਂ ਸਨ। ਉਸ ਨੇ ਦੱਸਿਆ ਕਿ ਪਟੀਸ਼ਨ ਦੀ ਤਿਆਰੀ 14 ਅਗਸਤ ਨੂੰ ਇਕ ਪੰਜਾਬੀ ਅਖ਼ਬਾਰ ‘ਚ ਛਪੇ ਲੇਖ ਨੂੰ ਪੜ੍ਹਨ ਮਗਰੋਂ ਕੀਤੀ ਜੋ ਖੁੱਲ੍ਹੀ ਚਿੱਠੀ ਦੇ ਰੂਪ ਵਿੱਚ ਕੇਤੀਆ ਡਾਰਨੰਡ ਨੇ ਲਿਖਿਆ ਸੀ। ਕੇਤੀਆ ਨੇ ਉਸ ਚਿੱਠੀ ਵਿੱਚ ਕਿਹਾ ਸੀ ਕਿ ਉਸ ਨੇ ਸ਼ਨਾਖ਼ਤੀ ਪਰੇਡ ਦੌਰਾਨ ਗੁਰਕੀਰਤ ਕੋਟਲੀ ਦੀ ਪਛਾਣ ਕਰ ਲਈ ਸੀ।

ਉਸ ਨੇ ਮੈਜਿਸਟਰੇਟ ਅੱਗੇ ਸੈਕਸ਼ਨ 164 ਤਹਿਤ ਬਿਆਨ ਵੀ ਦਰਜ ਕਰਵਾਇਆ ਸੀ ਪਰ ਇਸ ਦੇ ਬਾਵਜੂਦ ਉਸ ਨੂੰ ਇਨਸਾਫ਼ ਨਹੀਂ ਮਿਲਿਆ। ਉਸ ਨੇ ਦੱਸਿਆ ਕਿ ਉਸ ਵੇਲੇ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਦਬਾਅ ਕਰਕੇ ਅਦਾਲਤ ਵਿੱਚ ਇਸ ਮਾਮਲੇ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਪੇਸ਼ ਨਹੀਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕੇਤੀਆ ਦੀ ਖੁੱਲ੍ਹੀ ਚਿੱਠੀ ਮਗਰੋਂ ਇਹ ਕੇਸ ਦੁਬਾਰਾ ਜਾਂਚ ਲਈ ਪੂਰੀ ਤਰ੍ਹਾਂ ਨਾਲ ਢੁਕਵਾਂ ਹੈ।