ਅਹਿਮਦਗੜ੍ਹ (ਲੁਧਿਆਣਾ): ਸ਼ਨੀਵਾਰ ਸ਼ਾਮ ਪਿੰਡ ਜਗੇੜਾ ਸਥਿਤ ਡੇਰਾ ਸਿਰਸਾ ਦੀ ਸ਼ਾਖਾ ਦੀ ਕੰਟੀਨ ’ਚ ਕਤਲ ਕੀਤੇ ਡੇਰਾ ਪ੍ਰੇਮੀ ਸਤਪਾਲ ਤੇ ਉਸ ਦੇ ਲੜਕੇ ਰਮੇਸ਼ ਦੇ ਸਸਕਾਰ ਲਈ ਐਤਵਾਰ ਪੁਲਿਸ ਸਾਰਾ ਦਿਨ ਸਰਗਰਮ ਰਹੀ। ਇਸ ਦੌਰਾਨ ਲੁਧਿਆਣਾ-ਮਲੇਰਕੋਟਲਾ ਮਾਰਗ ’ਤੇ ਸਥਿਤ ਡੇਰਾ ਸਿਰਸਾ ਦੀ ਸ਼ਾਖਾ ਪਿੰਡ ਜਗੇੜਾ ਦੇ ਨੇੜੇ ਖੰਨਾ, ਸੰਗਰੂਰ ਤੇ ਲੁਧਿਆਣਾ ਪੁਲਿਸ ਵੱਲੋਂ ਨਾਕੇ ਲਾ ਕੇ ਰੱਖੇ ਗਏ।

ਪੁਲਿਸ ਅਧਿਕਾਰੀ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਡੇਰਾ ਸਿਰਸਾ ਦੇ ਆਗੂਆਂ ਨੂੰ ਸਸਕਾਰ ਲਈ ਮਨਾਉਣ ’ਚ ਲੱਗੇ ਰਹੇ ਪਰ ਗੱਲ ਕਿਸੇ ਤਣ ਪੱਤਣ ਨਹੀਂ ਲੱਗੀ। ਡੇਰਾ ਆਗੂਆਂ ਨੇ ਪ੍ਰਸ਼ਾਸਨ ਨਾਲ ਚੱਲ ਰਹੀ ਗੱਲਬਾਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਸੂਤਰਾਂ ਮੁਤਾਬਕ ਮ੍ਰਿਤਕਾਂ ਦੇ ਪਰਿਵਾਰ ਦੇ ਦੋ ਮੈਂਬਰਾਂ ਨੂੰ ਸਰਕਾਰੀ ਨੌਕਰੀ ਅਤੇ ਮਾਲੀ ਮਦਦ ਲਈ ਡੇਰਾ ਸਿਰਸਾ ਦੇ ਹੈੱਡਕੁਆਰਟਰ ਅਤੇ ਉੱਚ ਪ੍ਰਸ਼ਾਸਨਕ ਅਧਿਕਾਰੀਆਂ ਦਰਮਿਆਨ ਲਗਾਤਾਰ ਗੱਲਬਾਤ ਚੱਲ ਰਹੀ ਹੈ। ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚੋਂ ਪੋਸਟਮਾਰਟਰਮ ਤੋਂ ਬਾਅਦ ਲਾਸ਼ਾਂ ਡੇਰਾ ਸਿਰਸਾ ਦੀ ਸ਼ਾਖਾ ਜਗੇੜਾ ਵਿਖੇ ਲਿਆਂਦੀਆਂ ਗਈਆਂ ਪਰ ਡੇਰਾ ਪ੍ਰੇਮੀ ਮੰਗਾਂ ਮੰਨੇ ਜਾਣ ਤਕ ਸਸਕਾਰ ਨਾ ਕਰਨ ਲਈ ਅੜੇ ਰਹੇ।

ਪ੍ਰੇਮੀਆਂ ਵੱਲੋਂ ਥੋੜ੍ਹੇ ਥੋੜ੍ਹੇ ਸਮੇਂ ਲਈ ਸੜਕ ’ਤੇ ਜਾਮ ਲਾਇਆ। ਪੁਲਿਸ ਨੇ ਜੰਡਾਲੀ ਟੀ-ਪੁਆਇੰਟ ਅਤੇ ਜਗੇੜਾ ਪੁਲ ਤੋਂ ਟਰੈਫਿਕ ਨੂੰ ਬਦਲਵੇਂ ਰੂਟਾਂ ਰਾਹੀਂ ਭੇਜਿਆ। ਖ਼ਬਰ ਲਿਖੇ ਜਾਣ ਤਕ ਡੇਰਾ ਪ੍ਰੇਮੀਆਂ ਅਤੇ ਪ੍ਰਸ਼ਾਸਨ ਦਰਮਿਆਨ ਕੋਈ ਸਮਝੌਤਾ ਨਹੀਂ ਹੋਇਆ ਸੀ ਅਤੇ ਨਾ ਹੀ ਸਸਕਾਰ ਬਾਰੇ ਕੋਈ ਫੈ਼ਸਲਾ ਲਿਆ ਗਿਆ ਸੀ।
ਸਬੰਧਤ ਖ਼ਬਰ:
ਲੁਧਿਆਣਾ-ਮਲਕੇਰਕੋਟਲਾ ਸੜਕ ‘ਤੇ ਸਥਿਤ ਡੇਰੇ ’ਚ ਡੇਰਾ ਪ੍ਰੇਮੀ ਪਿਉ-ਪੁੱਤ ਦਾ ਕਤਲ …