ਖਾਸ ਲੇਖੇ/ਰਿਪੋਰਟਾਂ

ਕੀ ਹੈ ਪੱਛਮੀ ਗੜਬੜ ?

May 9, 2023 | By

ਪੱਛਮੀ ਮੌਸਮੀ ਗੜਬੜ – ਉੱਤਰੀ-ਪੱਛਮ ਭਾਰਤ ਵਿਚ ਮੀਂਹ, ਹਨੇਰੀ, ਝੱਖੜ, ਗੜੇ ਅਤੇ ਬਰਫਬਾਰੀ ਦਾ ਕਾਰਨ ਪੱਛਮੀ ਮੌਸਮੀ ਗੜਬੜ ਹੈ।

ਕੀ ਹੈ ਪੱਛਮੀ ਗੜਬੜ- ਪੱਛਮੀ ਮੌਸਮੀ ਗੜਬੜ ਭੂਮੱਧ (ਮੈਡੀਟੇਰਾਨੀਅਨ) ਸਾਗਰ ਵਿੱਚ ਉੱਠੇ ਤੁਫ਼ਾਨਾਂ ਕਰਕੇ ਪੈਦਾ ਹੁੰਦੀ ਹੈ।

ਭੂਮੱਧ (ਮੈਡੀਟੇਰਾਨੀਅਨ) ਸਾਗਰ ਵਿੱਚ ਤੁਫਾਨ ਕਿਉਂ ਪੈਦਾ ਹੁੰਦੇ ਹਨ?
ਧਰਤੀ ਦੇ ਧਰੂਵੀ ਹੱਸਿਆ ਵੱਲੋਂ ਠੰਢੀਆਂ ਹਵਾਵਾਂ ਅਤੇ ਭੂ-ਮੱਧ ਖੇਤਰ ਤੋਂ ਗਰਮ ਹਵਾਵਾਂ ਜਦੋਂ ਉਪ-ਊਸ਼ਨ (ਸਬ-ਟਰੋਪੀਕਲ) ਖੇਤਰ ਵਿੱਚ ਟਕਰਾਉਂਦੀਆਂ ਹਨ ਤਾਂ ਇਹ ਤੂਫਾਨਾਂ ਦਾ ਰੂਪ ਲੈਂਦੀਆਂ ਹਨ। ਭੂ-ਮੱਧ (ਮੈਡੀਟੇਰਾਨੀਅਨ) ਸਾਗਰ ਉਪ-ਊਸ਼ਨ (ਸਬ-ਟਰੋਪੀਕਲ) ਖੇਤਰ ਵਿੱਚ ਪੈਂਦਾ ਹੈ। ਇਹਨਾਂ ਤੂਫਾਨਾਂ ਨੂੰ ਉਪ-ਊਸ਼ਨ (ਸਬ-ਟਰੋਪੀਕਲ) ਖੇਤਰ ਵਿਚ ਧਰਤੀ ਤੋਂ ਤਕਰੀਬਨ 10 ਤੋਂ 16 ਕਿਲੋਮੀਟਰ ਉੱਪਰ ਝੱਲਣ ਵਾਲੀਆਂ ਹਵਾਵਾਂ ਦੀਆਂ ਨਦੀਆਂ ਭਾਵ ਕਿ ਉਪ-ਊਸ਼ਨ ਤੇਜ਼ ਧਾਰਾਵਾਂ (ਸਬ-ਟਰੋਪੀਕਲ ਜੈਟ ਸਟਰੀਮ) ਆਪਣੇ ਨਾਲ ਵਹਾ ਕੇ ਪੱਛਮ ਵੱਲ ਨੂੰ ਲੈ ਜਾਂਦੀਆਂ ਹਨ। ਇਹ ਕੈਸਪੀਅਨ ਸਾਗਰ, ਕਾਲਾ (ਬਲੈਕ) ਸਾਗਰ ਅਤੇ ਭੂ-ਮੱਧ (ਮੈਡੀਟੇਰਾਨੀਅਨ) ਸਾਗਰ ਤੋਂ ਨਮੀਂ ਲੈ ਕੇ ਤੁਰਕੀ ਸੀਰੀਆ, ਇਰਾਨ, ਇਰਾਕ, ਅਫ਼ਗ਼ਾਨਿਸਤਾਨ, ਪਾਕਿਸਤਾਨ ਹੁੰਦੇ ਹੋਏ ਭਾਰਤ ਵਿੱਚ ਦਾਖਲ ਹੋ ਜਾਂਦੀਆਂ ਹਨ। ਭਾਰਤ ਵਿੱਚ ਦਾਖਲ ਹੋਣ ਤੋਂ ਪਹਿਲਾਂ ਇਹ (ਪਛਮੀ ਹਵਾਵਾਂ) ਦੋ ਹਿੱਸਿਆਂ ਵਿਚ ਵੰਡੀਆਂ ਜਾਂਦੀਆਂ ਹਨ ਇਕ ਹਿੱਸਾ ਹਿਮਾਲਿਆ ਦੇ ਉਪਰੋਂ ਦੀ ਹੋ ਕੇ ਤਿੱਬਤ ਵੱਲ ਨੂੰ ਚਲਾ ਜਾਂਦਾ ਹੈ ਅਤੇ ਦੂਜਾ ਹਿੱਸਾ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਬਾਕੀ ਉੱਤਰ-ਪੂਰਬੀ ਹਿੱਸੇ ਵਲ ਨੂੰ ਆ ਜਾਂਦਾ ਹੈ।

ਪੰਜਾਬ ਅਤੇ ਉੱਤਰੀ ਭਾਰਤ ਵਿੱਚ ਪੱਛਮੀ ਗੜਬੜ ਦਾ ਕੀ ਪ੍ਰਭਾਵ ਪੈਂਦਾ ਹੈ?
ਪੱਛਮੀ ਗੜਬੜ ਉੱਤਰ-ਪੂਰਬੀ ਭਾਰਤ ਲਈ ਮੀਂਹ ਅਤੇ ਬਰਫਬਾਰੀ ਲੈ ਕੇ ਆਉਂਦੀਆਂ ਹਨ। ਇਨ੍ਹਾਂ ਦੀ ਬਾਰੰਬਾਰਤਾ ਅਤੇ ਸੁਭਾਅ ਇਸ ਖਿੱਤੇ ਦਾ ਵਾਤਾਵਰਣ, ਸਮਾਜਿਕ-ਆਰਥਿਕ, ਮਨੁੱਖੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ।

ਇਸ ਦੇ ਨਾਲ ਨਾਲ ਪੱਛਮੀ ਗੜਬੜ ਹੜ, ਜ਼ਮੀਨ ਖਿਸਕਣ, ਤੂਫਾਨ, ਹਨੇਰੀਆਂ ਲੈ ਕੇ ਆਉਂਦੇ ਹਨ। ਜਿੱਥੇ ਇਹ ਜ਼ਰੂਰੀ ਵੀ ਹਨ ਇਸਦੇ ਨਾਲ ਨਾਲ ਹੀ ਇਹ ਨੁਕਸਾਨ ਵੀ ਬਹੁਤ ਕਰਦੀਆਂ ਹਨ। ਜੇਕਰ ਪੱਛਮੀ ਗੜਬੜ ਕਮਜ਼ੋਰ ਹੁੰਦੀ ਹੈ ਤਾਂ ਬਰਫ਼ਬਾਰੀ ਘੱਟ ਹੋਵੇਗੀ ਅਤੇ ਮੀਂਹ ਵੀ ਘੱਟ ਪੈਣਗੇ ਜਿਸ ਨਾਲ ਉੱਤਰ ਭਾਰਤ ਵਿੱਚ ਪਾਣੀ ਦਾ ਸੰਕਟ ਆ ਸਕਦਾ ਹੈ। ਗਰਮੀਆਂ ਵਿੱਚ ਦਰਿਆਵਾਂ ਦਾ ਵਹਾਅ ਹੋਰ ਵੀ ਘਟ ਜਾਵੇਗਾ। ਹਿਮਾਲਿਆ ਦੀ ਪੁਰਾਤਨ ਬਰਫ ਖੁਰਨਾ ਸ਼ੁਰੂ ਹੋ ਜਾਵੇਗੀ। ਪੱਛਮੀ ਗੜਬੜ ਕਰਕੇ ਹਰ ਸਾਲ ਹੁੰਦੀ ਬਰਫਬਾਰੀ ਹਿਮਾਲਿਆ ਦੀ ਪੁਰਾਤਨ ਬਰਫ ਨੂੰ ਖੁਰਨ ਨਹੀਂ ਦਿੰਦੀ ਜਿਸ ਨਾਲ ਜਲਵਾਯੂ ਅਤੇ ਵਾਤਾਵਰਨ ਦਾ ਸੰਤੁਲਨ ਬਣਿਆ ਰਹਿੰਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: