ਚੋਣਵੀਆਂ ਲਿਖਤਾਂ » ਲੇਖ » ਸਿਆਸੀ ਖਬਰਾਂ

ਪਾਣੀ: ਸਭ ਤੋਂ ਵੱਧ ਪ੍ਰਭਾਵਤ ਹੋਣ ਵਾਲਾ ਕਿਸਾਨ ਵਰਗ ਕਿਊਸਕ, ਐਮ.ਏ.ਐਫ. ਦੇ ਮਾਇਨਿਆਂ ਤੋਂ ਨਾ-ਵਾਕਫ (ਲੇਖ)

August 11, 2017 | By

(ਲੇਖਕ: ਗੁਰਪ੍ਰੀਤ ਸਿੰਘ ਮੰਡਿਆਣੀ): ਪੰਜਾਬ-ਹਰਿਆਣਾ ਦਰਮਿਆਨ ਚੱਲ ਰਹੇ ਦਰਿਆਈ ਪਾਣੀਆਂ ਦੇ ਝਗੜੇ ‘ਚ ਸਭ ਤੋਂ ਵੱਧ ਵਰਤਿਆ ਜਾਣ ਵਾਲ ਲਫਜ਼ ਐਮ. ਏ. ਐਫ. ਅਤੇ ਕਿਉਸਕ ਦੀ ਜਾਣਕਾਰੀ ਸਕੂਲਾਂ ਕਾਲਜਾਂ ਦੀਆਂ ਕਿਤਾਬਾਂ ‘ਚੋਂ ਨਹੀਂ ਮਿਲਦੀ ਜਿਸ ਕਰਕੇ ਆਮ ਲੋਕ ਇਸ ਤੋਂ ਅਣਜਾਣ ਨੇ। ਪੰਜਾਬੀ ਲੋਕ ਪਾਣੀਆਂ ਦੇ ਝਗੜੇ ਦੀ ਗੁੰਝਲ ਨੂੰ ਸਮਝਣੋਂ ਵੀ ਨਾਕਾਮ ਹਨ। ਹੋਰਾਂ ਗੱਲਾਂ ਤੋਂ ਇਲਾਵਾ ਇਨ੍ਹਾਂ ਦੋ ਲਫਜ਼ਾਂ ਦੀ ਅਣਜਾਣਤਾ ਵੀ ਇੱਕ ਹੈ। ਬਰਸਾਤਾਂ ਦੇ ਦਿਨਾਂ ਦੌਰਾਨ ਪੰਜਾਬ ਦੇ ਦਰਿਆਵਾਂ ਵਿੱਚ ਛੱਡੇ ਜਾਂਦੇ ਪਾਣੀ ਦੀ ਮਿਕਦਾਰ ਕਿਊਸਕ ਵਿੱਚ ਦੱਸੀ ਜਾਂਦੀ ਹੈ। ਇਸ ਵਾਰ ਭਾਖੜਾ ਡੈਮ ਵਿੱਚ ਪਾਣੀ ਦੇ ਪੱਧਰ ਨੂੰ ਲੈ ਕੇ ਲਗਭਗ ਨਿੱਤ ਹੀ ਖਬਰ ਛਪਦੀ ਰਹਿੰਦੀ ਹੈ। ਇਸ ਵਿਚ ਇਹ ਦੱਸਿਆ ਹੁੰਦਾ ਹੈ ਕਿ ਡੈਮ ਵਿੱਚ ਇੰਨ੍ਹੇ ਕਿਊਸਕ ਪਾਣੀ ਦੀ ਆਮਦ ਹੋ ਰਹੀ ਹੈ ਅਤੇ ਇੰਨੇ ਕਿਊਸਕ ਪਾਣੀ ਇਥੋਂ ਛੱਡਿਆ ਜਾ ਰਿਹਾ ਹੈ। ਇਸੇ ਤਰ੍ਹਾਂ ਪੰਜਾਬ ਦੀਆਂ ਨਹਿਰਾਂ ਵਿਚ ਪਾਣੀ ਦੀ ਕਿੱਲਤ ਮੌਕੇ ਇਹ ਵੀ ਖ਼ਬਰਾਂ ਛਪਦੀਆਂ ਹਨ ਕਿ ਫਲਾਣੀ ਨਹਿਰ ਵਿੱਚ ਇੰਨੇ ਦੀ ਬਜਾਇ ਸਿਰਫ ਇੰਨੇ ਕਿਊਸਕ ਹੀ ਪਾਣੀ ਆ ਰਿਹਾ ਹੈ। ਇਸੇ ਤਰ੍ਹਾਂ ਪੰਜਾਬ ਦੇ ਗੁਆਂਢੀ ਸੂਬਿਆਂ ਨਾਲ ਪਾਣੀ ਦੀ ਵੰਡ ਨੂੰ ਲੈ ਕੇ ਛਪਦੀਆਂ ਖ਼ਬਰਾਂ ਵਿੱਚ ਪਾਣੀ ਦੀ ਮਿਕਦਾਰ ਨੂੰ ਐਮ.ਏ.ਐਫ. ਭਾਵ ਮਿਲੀਅਨ ਏਕੜ ਫੁੱਟ ਵਿਚ ਦਰਸਾਇਆ ਗਿਆ ਹੁੰਦਾ ਹੈ। ਪੰਜਾਬ ਹਰਿਆਣੇ ਦੇ ਪਾਣੀਆਂ ਵਾਲੇ ਝਗੜੇ ਵਿੱਚ ਐਮ. ਏ. ਐਫ. ਲਫਜ਼ ਦੀ ਬਹੁਤ ਵਰਤੋਂ ਹੁੰਦੀ ਹੈ ਪਰ ਇਹਦੇ ਮਾਇਨੇ ਆਮ ਪੰਜਾਬੀ ਨੂੰ ਪਤਾ ਨਹੀਂ।

ਲੇਖਕ: ਗੁਰਪ੍ਰੀਤ ਸਿੰਘ ਮੰਡਿਆਣੀ

ਲੇਖਕ: ਗੁਰਪ੍ਰੀਤ ਸਿੰਘ ਮੰਡਿਆਣੀ

ਇਸ ਮਸਲੇ ‘ਚ ਸਭ ਤੋਂ ਵੱਧ ਅਸਰ ਅੰਦਾਜ਼ ਹੋਣ ਵਾਲੇ ਕਿਸਾਨ ਵਰਗ ਦੀ ਸਮਝ ਵਿਚ ਇਹ ਦੋਵੇਂ ਲਫਜ਼ ਨਹੀਂ ਆਉਂਦੇ, ਇਥੋਂ ਤੱਕ ਬਹੁਤ ਸਾਰੇ ਪੜ੍ਹੇ ਲਿਖੇ ਲੋਕਾਂ ਦੀ ਸਮਝ ਵਿਚ ਵੀ ਨਹੀਂ। ਇਨ੍ਹਾਂ ਲਫਜ਼ਾਂ ਦਾ ਮਤਲਬ ਇੰਝ ਹੈ ਕਿ ਇੱਕ ਘਣ ਫੁੱਟ ਯਾਨੀ ਇੱਕ ਕਿਊਬਿਕ ਫੀਟ ਪਾਣੀ ਜੇ ਕਿਸੇ ਥਾਂ ਤੋ ਇਕ ਸੈਕਿੰਡ ਵਿਚ ਲੰਘੇ ਤਾਂ ਉਸਨੂੰ ਇੱਕ ਕਿਊਸਕ ਕਿਹਾ ਜਾਂਦਾ ਹੈ। ਇੱਕ ਫੁੱਟ ਲੰਮੇ, ਇੱਕ ਫੁੱਟ ਚੌੜੇ ਅਤੇ ਇੱਕ ਫੁੱਟ ਹੀ ਡੂੰਘੇ ਡੱਬੇ ਵਿੱਚ ਜਿੰਨਾ ਪਾਣੀ ਭਰਿਆ ਜਾ ਸਕਦਾ ਹੈ ਉਸਨੂੰ ਇਕ ਘਣ ਫੁੱਟ (ਅੰਗਰੇਜੀ ਵਿੱਚ ਕਿਊਬਿਕ ਫੀਟ) ਪਾਣੀ ਕਿਹਾ ਜਾਂਦਾ ਹੈ। ਜੇ ਕਿਸੇ ਥਾਂ ਤੋਂ ਇਕ ਘਣ ਫੁਟ ਪਾਣੀ ਦੀ ਧਾਰਾ ਇਕ ਸਕਿੰਟ ਤੱਕ ਵਗੇ ਤਾਂ ਇਹ ਸਾਢੇ 28 ਲੀਟਰ ਦੇ ਬਰਾਬਰ ਹੁੰਦੀ ਹੈ।

ਪ੍ਰਤੀਕਾਤਮਕ ਤਸਵੀਰ

ਪ੍ਰਤੀਕਾਤਮਕ ਤਸਵੀਰ

ਇਸੇ ਤਰਾਂ ਐਮ.ਏ.ਐਫ ਦਾ ਅੰਗਰੇਜ਼ੀ ਵਿਚ ਮਤਲਬ ਹੈ ਮਿਲੀਅਨ ਏਕੜ ਫੀਟ, ਭਾਵ 10 ਲੱਖ ਏਕੜ ਫੁੱਟ। ਜੇ 10 ਲੱਖ ਏਕੜ ਰਕਬੇ ਵਿਚ 1 ਫੁੱਟ ਡੂੰਘਾ ਪਾਣੀ ਖੜਾਇਆ ਜਾਵੇ ਤਾਂ ਉਹ ਇੱਕ ਮਿਲੀਅਨ (ਦਸ ਲੱਖ) ਏਕੜ ਫੁੱਟ ਪਾਣੀ ਅਖਵਾਉਦਾ ਹੈ। ਜੇ 1381 ਕਿਊਸਕ ਪਾਣੀ ਸਾਰਾ ਸਾਲ ਲਗਾਤਾਰ ਵਗੇ ਤਾਂ ਉਹ ਇੱਕ ਮਿਲੀਅਨ ਏਕੜ ਫੁੱਟ (ਐਮ.ਏ.ਐਫ.) ਦੇ ਬਰਾਬਰ ਹੁੰਦਾ ਹੈ। ਜੇ ਕਿਸੇ ਸੂਬੇ ਨੂੰ 2 ਐਮ.ਏ.ਐਫ. ਪਾਣੀ ਦੀ ਅਲਾਟਮੈਟ ਹੁੰਦੀ ਹੈ ਤਾਂ ਉਸਦਾ ਭਾਵ ਹੈ ਕਿ ਇੱਕ ਸਾਲ ਵਿਚ ਉਸਨੂੰ 20 ਲੱਖ ਏਕੜ ਫੁੱਟ ਪਾਣੀ ਮਿਲੇਗਾ। ਯਾਨੀ ਕੇ ਇਹ ਪਾਣੀ ਦੀ ਮਿਕਦਾਰ ਇੰਨੀ ਹੋਵੇਗੀ ਕਿ 20 ਲੱਖ ਏਕੜ ਰਕਬੇ ਵਿੱਚ ਇੱਕ ਫੁੱਟ ਉਚਾ ਪਾਣੀ ਖੜ ਸਕਦਾ ਹੈ।

ਸਬੰਧਤ ਖ਼ਬਰ:

ਪਾਣੀਆਂ ਦਾ ਮਸਲਾ: ਬਾਦਲ ਅਤੇ ਕੈਪਟਨ ਪੰਜਾਬ ਦੇ ਰਾਇਪੇਰੀਅਨ ਹੱਕਾਂ ਦਾ ਕਤਲ ਕਰਨ ਲਈ ਬਰਾਬਰ ਦੇ ਦੋਸ਼ੀ …

ਕਿਊਸਕ ਦੇ ਅੰਦਾਜ਼ੇ ਬਾਰੇ ਹੋਰ ਮੋਟੀ ਜਿਹੀ ਜਾਣਕਾਰੀ ਲਈ ਪੰਜਾਬ ਦੀਆਂ ਨਹਿਰਾਂ ਵਿਚ ਵਗ ਰਹੇ ਪਾਣੀ ਦੀ ਮਿਕਦਾਰ ਤੋਂ ਕਿਊਸਕ ਦਾ ਅੰਦਾਜ਼ਾ ਲਾ ਸਕਦੇ ਹਾਂ। ਰੋਪੜ ਹੈਡ ਵਰਕਸ ਤੋਂ ਨਿਕਲ ਕੇ, ਲੁਧਿਆਣਾ ਤੇ ਸਮਰਾਲਾ ਵਾਲੀ ਸੜਕ ਦੇ ਰਾਹ ਵਿੱਚ ਪੈਂਦੀ ਨੀਲੋਂ ਪੁਲ ਵਾਲੀ ਅਤੇ ਲੁਧਿਆਣਾ-ਖੰਨਾ ਸੜਕ ਤੇ ਦੋਰਾਹੇ ਦੇ ਪੁਲ ਵਾਲੀ ਸਰਹਿੰਦ ਨਹਿਰ ਜੇ ਆਪਣੇ ਜੋਬਨ ਤੇ ਵਗੇ ਤਾਂ ਇਸ ਵਿੱਚ 12 ਹਜ਼ਾਰ 600 ਕਿਊਸਕ ਪਾਣੀ ਹੁੰਦਾ ਹੈ । ਦੋਰਾਹੇ ਦੇ ਪੁਲ ਤੋਂ ਲਗਭਗ 1 ਕਿਲੋਮੀਟਰ ਅਗਾਂਹ ਜਾ ਕੇ ਮਾਨਪੁਰ ਹੈਡ ਵਰਕਸ ‘ਤੇ ਇਸਦੀਆਂ ਚਾਰ ਨਹਿਰਾਂ ਬਣ ਜਾਂਦੀਆਂ ਹਨ । ਜੇ ਇਹਨਾਂ ਨਹਿਰਾਂ ਨੂੰ ਪੂਰਾ ਪਾਣੀ ਮਿਲੇ ਤਾਂ ਇਨ੍ਹਾਂ ਵਿਚ ਚਲਦੇ ਪਾਣੀ ਦੀ ਮਿਕਦਾਰ ਇਸ ਤਰ੍ਹਾਂ ਹੁੰਦੀ ਹੈ। ਲੁਧਿਆਣੇ ਵੱਲ ਨੂੰ ਜਾਣ ਵਾਲੀ ਸਿੱਧਵਾਂ ਕੈਨਾਲ ਵਿਚ 1750 ਕਿਊਸਕ। ਸੁਧਾਰ ਵੱਲ ਨੂੰ ਜਾਣ ਵਾਲੀ ਅਬੋਹਰ ਬਰਾਂਚ 3070 ਕਿਊਸਕ। ਦੱਧਾਹੂਰ ਵੱਲ ਨੂੰ ਜਾਣ ਵਾਲੀ ਬਠਿੰਡਾ ਬਰਾਂਚ 3135 ਕਿਊਸਕ। ਜੌੜੇ ਪੁਲਾਂ ਵਾਲੀ ਪਟਿਆਲਾ ਬਰਾਂਚ 4010 ਕਿਊਸਕ। ਖੰਨੇ ਅਤੇ ਸਰਹੰਦ ਦੇ ਵਿਚਕਾਰ ਪੈਂਦੀ ਪੱਕੀ ਨਹਿਰ ਭਾਖੜਾ ਮੇਨ ਲਾਇਨ ਵਿੱਚ 12500 ਕਿਉਸਕ ਪਾਣੀ ਵਗਦਾ ਹੈ ਜੋ ਜ਼ਿਆਦਾਤਰ ਹਰਿਆਣਾ ਨੂੰ ਜਾਂਦਾ ਹੈ ਜੀਹਦੇ ਚੋਂ ਕੁੱਝ ਕੁੱਝ ਪਾਣੀ ਪੰਜਾਬ ਅਤੇ ਰਾਜਸਥਾਨ ਨੂੰ ਵੀ ਮਿਲਦਾ ਹੈ। ਲੁਧਿਆਣਾ ਤੋਂ ਫਿਰੋਜ਼ਪੁਰ ਵਾਲੀ ਸੜਕ ‘ਤੇ ਫਿਰੋਜ਼ਪੁਰ ਤੋਂ ਪਹਿਲਾਂ ਫੇਰੂ ਸ਼ਹਿਰ/ ਫਿਰੋਜ਼ਸ਼ਾਹ ਦੇ ਮੁਕਾਮ ‘ਤੇ ਆਉਂਦੀਆਂ ਦੋ ਨਹਿਰਾਂ ਵਿਚੋਂ ਜਿਹੜੀ ਚੌੜੀ ਨਹਿਰ ਰਾਜਸਥਾਨ ਫੀਡਰ ਵਾਲੀ ਆਖੀ ਜਾਂਦੀ ਹੈ, ਉਹਦੀ ਕਪੈਸਟੀ (ਸਮਰੱਥਾ) 18500 ਕਿਉਸਕ ਦੀ ਹੈ ਅਤੇ ਉਹਦੇ ‘ਚ ਆਮ ਤੌਰ ‘ਤੇ 15 ਹਜ਼ਾਰ ਕਿਉਸਕ ਪਾਣੀ ਛੱਡਿਆ ਜਾਂਦਾ ਹੈ। ਫਿਲੌਰ ਵਾਲੇ ਪੁਲ ਕੋਲੋਂ ਸਤਲੁਜ ਦਰਿਆ ਜੇ ਪੂਰੇ ਕੰਢਿਆਂ ਤੱਕ ਵਗੇ ਤਾਂ ਇਸ ਵਿਚ ਲਗਭਗ 2 ਲੱਖ ਕਿਊਸਕ ਪਾਣੀ ਆ ਸਕਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,