September 10, 2020 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਦਲ ਖਾਲਸਾ ਨੇ ਐਲਾਨ ਕੀਤਾ ਕਿ ਬਲਵੰਤ ਸਿੰਘ ਮੁਲਤਾਨੀ ਕਤਲ ਕੇਸ ਵਿੱਚ ਭਗੌੜੇ ਸਾਬਕਾ ਡੀ.ਜੀ.ਪੀ ਪੰਜਾਬ ਸੁਮੇਧ ਸੈਣੀ ਦੀ ਭਾਲ ਵਿੱਚ ਪੰਜਾਬ ਭਰ ਵਿੱਚ ਪੋਸਟਰ ਲਗਾਏ ਜਾਣਗੇ। ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਵਿੱਚ ਐਲਾਨ ਕੀਤਾ ਕਿ ਸੁਮੇਧ ਸੈਣੀ ਨੂੰ ਗ੍ਰਿਫਤਾਰ ਕਰਨ ਅਤੇ ਕਰਵਾਉਣ ਵਾਲਿਆ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਜਾਵੇਗਾ । ਉਹਨਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਦਾ ਰਾਜ ਬਹਾਲ ਕਰਨ ਲਈ ਜ਼ਰੂਰੀ ਹੈ ਕਿ “ਵਰਦੀ ਪਾ ਕੇ ਕਨੂੰਨ ਤੋੜਨ ਵਾਲਿਆ ਨੂੰ ਉਹਨਾ ਦੇ ਗੁਨਾਹਾਂ ਲਈ ਕਨੂੰਨ ਦੇ ਕਟਹਿਰੇ ਵਿੱਚ ਖੜਾ ਕੀਤਾ ਜਾਵੇ”।
ਇਸ਼ਤਿਹਾਰ ਲਾਏ
ਮੁਲਤਾਨੀ ਕਤਲ ਕੇਸ ਵਿੱਚ ਦੋਸ਼ੀ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਪਿਛਲੇ ਦਿਨਾ ਤੋ ਗ੍ਰਿਫਤਾਰੀ ਦੇ ਡਰ ਤੋਂ ਰੂਪੋਸ਼ ਹੈ।
ਸਤਿਨਾਮ ਸਿੰਘ ਪਾਉਂਟਾ ਸਾਹਿਬ ਨੇ ਕਿਹਾ ਕਿ ਕਿਸੇ ਸਮੇਂ ਲੋਕਾਂ ਨੂੰ ਪੰਜਾਬ ਪੁਲਿਸ ਵਿੱਚ ਵਿਸਵਾਸ਼ ਰੱਖਣ ਦਾ ਹੋਕਾ ਦੇਣ ਵਾਲਾ ਇਹ ਜ਼ਾਲਮ ਪੁਲਿਸ ਅਫਸਰ ਹੁਣ ਖੁਦ ਅਦਾਲਤ ਨੂੰ ਕਹਿ ਰਿਹਾ ਹੈ ਕਿ ਉਸਨੂੰ ਪੰਜਾਬ ਪੁਲਿਸ ਵਿੱਚ ਭਰੋਸਾ ਨਹੀ, ਅਤੇ ਉਸਦਾ ਕੇਸ ਪੰਜਾਬ ਤੋ ਬਾਹਰ ਕਿਹਾ ਕੇਂਦਰੀ ਏਜੰਸੀ ਨੂੰ ਤਬਦੀਲ ਕੀਤਾ ਜਾਵੇ। ਉਹਨਾਂ ਕਿਹਾ ਕਿ ਹਾਈ ਕੋਰਟ ਨੇ ਸੈਣੀ ਦੀ ਇਸ ਪਟੀਸ਼ਨ ਨੂੰ ਖਾਰਜ ਕਰ ਕੇ ਪੁਲਿਸ ਲਈ ਇਸਨੂੰ ਗ੍ਰਿਫਤਾਰ ਕਰਨ ਦਾ ਰਾਹ ਪਧਰਾ ਕਰ ਦਿੱਤਾ ਹੈ।
ਹਰਚਰਨਜੀਤ ਸਿੰਘ ਧਾਮੀ ਅਤੇ ਕੰਵਰਪਾਲ ਸਿੰਘ ਨੇ ਕਿਹਾ ਕਿ ਸੈਣੀ ਸਰਕਾਰ ਅਤੇ ਅਦਾਲਤਾਂ ਨਾਲ ਲੁਕਣ-ਮੀਟੀ ਖੇਡ ਰਿਹਾ ਹੈ। ਉਹਨਾਂ ਦਸਿਆ ਕਿ ਸੈਣੀ ਦਾ ਭਗੌੜੇ ਹੋਣ ਦਾ ਪੋਸਟਰ ਪੂਰੇ ਪੰਜਾਬ ਵਿੱਚ ਲਾਏ ਜਾਣਗੇ। ਉਹਨਾਂ ਇਕ ਸਵਾਲ ਦੇ ਜੁਆਬ ਵਿੱਚ ਕਿਹਾ ਕਿ ਪੁਲਿਸ ਅਤੇ ਸਰਕਾਰ ਉਸ ਨਾਲ ਦੋਸਤਾਨਾਂ ਮੈਚ ਖੇਡ ਰਹੀ ਹੈ। ਉਹਨਾਂ ਕਿਹਾ ਕਿ ਪੁਲਿਸ ਲੀਡਰਸ਼ਿਪ ਅਗਰ ਚਾਹੇ ਤੇ ਉਸਨੂੰ 24 ਘੰਟਿਆਂ ਵਿੱਚ ਗ੍ਰਿਫਤਾਰ ਕਰ ਸਕਦੀ ਹੈ। ਉਹਨਾਂ ਮੰਨਿਆ ਕਿ ਸੈਣੀ ਇੰਡੀਅਨ ਸਟੇਟ ਦਾ ਚਹੇਤਾ ਹੈ ਅਤੇ ਉਸਨੂੰ ਸਰਕਾਰੀ ਸ਼ਹਿ ‘ਤੇ ਅਸਰਰਸੂਖ ਵਾਲੇ ਲੋਕ ਪਨਾਹ ਦੇਈ ਬੈਠੇ ਹਨ। ਉਹਨਾਂ ਕਿਹਾ ਕਿ ਕਾਨੂੰਨ ਦੀ ਨਿਗਾਹ ਵਿੱਚ ਪਨਾਹ ਦੇਣ ਵਾਲਾ ਵੀ ਦੋਸ਼ੀ ਹੈ।
ਪੱਤਰਕਾਰਾਂ ਦੇ ਇੱਕ ਸੁਆਲ ਦੇ ਜੁਆਬ ਵਿੱਚ ਕਿ ਭਗੌੜਾ ਕਰਾਰ ਦੇਣ ਦਾ ਕੰਮ ਸਰਕਾਰ ਦਾ ਹੈ ਉਤੇ ਨਰੈਣ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੈਣੀ ਨੂੰ ਇਸ਼ਤਿਹਾਰੀ ਭਗੌੜਾ ਕਰਾਰ ਦੇਵੇ। ਉਹਨਾਂ ਕਿਹਾ ਕਿ ਅਸੀਂ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਸਰਕਾਰ ਉਤੇ ਦਬਾਅ ਪਾਉਣ ਲਈ ਪੋਸਟਰ ਮੁਹਿੰਮ ਵਿੱਢੀ ਹੈ। ਦਲ ਖਾਲਸਾ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਸੈਣੀ ਦੀ ਗ੍ਰਿਫਤਾਰੀ ਲਈ ਸੜਕਾਂ ‘ਤੇ ਵੀ ਉਤਰਨਗੇ।
Related Topics: Balwant Singh Multani, Congress Government in Punjab 2017-2022, Crimes against Humanity, Crimes Against Humanity in Punjab, Dal Khalsa, Kanwar Pal Singh Bittu, Paramjit Singh Mand, Punjab Police, satnam singh paunta sahib, Sikh Youth of Punjab, Sumedh Saini