June 22, 2012 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ (20 ਜੂਨ, 2012): ਹੋਂਦ ਚਿਲੜ ਦੇ ਪੀੜਤਾਂ ਨੇ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਅਤੇ ਸਿਖਸ ਫਾਰ ਜਸਟਿਸ ਦੇ ਨਾਲ ਮਿਲ ਕੇ ਮੰਗ ਕੀਤੀ ਹੈ ਕਿ ਜਸਟਿਸ ਟੀ. ਪੀ. ਗਰਗ ਨੂੰ ਹੋਂਦ ਚਿਲੜ ਵਾਲੀ ਨਸਲਕੁਸ਼ੀ ਥਾਂ ਦੇ ਮਲਬਿਆਂ ਦਾ ਦੌਰਾ ਕਰਨਾ ਚਾਹੀਦਾ ਹੈ। ਦਸਣਯੋਗ ਹੈ ਕਿ ਜ਼ਿਲਾ ਰਿਵਾੜੀ ਦੇ ਪਿੰਡ ਹੋਂਦ ਚਿਲੜ ਜਿਥੇ ਨਵੰਬਰ 1984 ਵਿਚ ਕਈ ਦਰਜਨ ਸਿਖਾਂ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਉਨ੍ਹਾਂ ਦੀ ਜਾਇਦਾਦ ਨੂੰ ਸਾੜ ਦਿੱਤਾ ਗਿਆ ਸੀ ਵਿਚ ਵਿਆਪਕ ਕਬਰਗਾਹ ਦੇ ਹੋਏ ਖੁਲਾਸੇ ਤੋਂ ਬਾਅਦ 05 ਮਾਰਚ 2011 ਨੂੰ ਹਰਿਆਣਾ ਸਰਕਾਰ ਨੇ ਇਕ ਮੈਂਬਰੀ ਕਮਿਸ਼ਨ ਦਾ ਗਠਨ ਕੀਤਾ ਜਿਸ ਦੀ ਅਗਵਾਈ ਜਸਟਿਸ ਟੀ ਪੀ ਗਰਗ ਕਰ ਰਹੇ ਹਨ।
ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਅਨੁਸਾਰ ਜਸਟਿਸ ਗਰਗ ਹੋਂਦ ਚਿਲੜ ਦੇ ਪੀੜਤਾਂ ਅਤੇ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨੂੰ ਨੋਟਿਸ ਜਾਰੀ ਕਰ ਰਹੇ ਹਨ ਪਰ 03 ਨਵੰਬਰ 1984 ਦੀ ਐਫ ਆਈ ਆਰ ਨੰਬਰ 91 ’ਤੇ ਕੋਈ ਕਾਰਵਾਈ ਨਹੀਂ ਕਰ ਰਹੇ ਜਿਸ ਵਿਚ ਦੋਸ਼ੀਆਂ ਦੀ ਸਪਸ਼ਟ ਪਛਾਣ ਕੀਤੀ ਗਈ ਹੈ। ਪੀਰ ਮੁਹੰਮਦ ਨੇ ਪੁੱਛਿਆ ਕਿ ਕੀ ਜਸਟਿਸ ਗਰਗ ਜਾਂਚ ਦੀ ਸੌਂਪੀ ਗਈ ਜ਼ਿੰਮੇਵਾਰੀ ਨੂੰ ਨਿਭਾਅ ਰਹੇ ਹਨ ਜਾਂ ਫਿਰ ਹੋਂਦ ਚਿਲੜ ਵਿਚ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਬਚਾਅ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਾਂਚ ਕਮਿਸ਼ਨ ਹੋਂਦ ਚਿਲੜ ਵਿਖੇ ਵਿਆਪਕ ਕਬਰਗਾਹ ਦੇ ਦੌਰੇ ਤੋਂ ਬਗੈਰ ਕਤਲਾਂ ਦੀ ਜਾਂਚ ਕਿਵੇਂ ਕਰ ਸਕਦਾ ਹੈ?
ਪਿੰਡ ਹੋਂਦ ਚਿਲੜ ’ਤੇ ਨਵੰਬਰ 1984 ਦੇ ਨਸਲਕੁਸ਼ੀ ਹਮਲੇ ਵਿਚ ਆਪਣੇ ਪਰਿਵਾਰ ਦੇ 12 ਜੀਆਂ ਨੂੰ ਗਵਾ ਚੁਕੀ ਸੁਰਜੀਤ ਕੌਰ ਨੇ ਕਿਹਾ ਕਿ ਅਸੀ ਪਿਛਲੇ 3 ਦਹਾਕਿਆਂ ਤੋਂ ਇਨਸਾਫ ਦੀ ਉਡੀਕ ਕਰ ਰਹੇ ਹਾਂ ਤੇ ਸਮੇਂ ਸਮੇ ਨਿਯੁਕਤ ਕੀਤੇ ਗਏ ਕਮਿਸ਼ਨ ਦੋਸ਼ੀਆਂ ਨੂੰ ਕਟਹਿਰੇ ਵਿਚ ਖੜਾ ਕਰਨ ਵਿਚ ਨਾਕਾਮ ਰਹੇ ਹਨ। ਅਸੀ ਮੰਗ ਕਰਦੇ ਹਾਂ ਕਿ ਜਸਟਿਸ ਗਰਗ ਨਸਲਕੁਸ਼ੀ ਦੇ ਹਮਲੇ ਵਾਲੀ ਥਾਂ ਦਾ ਦੌਰਾ ਕਰਨ ਤੇ ਸਿਖਾਂ ਦੇ ਯੋਜਨਾਬੱਧ ਤਰੀਕੇ ਨਾਲ ਕਤਲੇਆਮ ਦੇ ਪਿਛੇ ਕੌਣ ਸੀ ਇਸ ਦੀ ਜਾਂਚ ਕਰਨ।
ਗਰਗ ਕਮਿਸ਼ਨ ਅੱਗੇ 02 ਜੁਲਾਈ ਨੂੰ ਪੇਸ ਹੋਣ ਲਈ ਨਵੰਬਰ 1984 ਸਿਖ ਨਸਲਕੁਸ਼ੀ ਦੇ ਪੀੜਤਾਂ ਨੂੰ ਲਾਮਬੰਦ ਕਰਨ ਲਈ ਕਰਨੈਲ ਸਿੰਘ ਪੀਰ ਮੁਹੰਮਦ ਦੀ ਅਗਵਾਈ ਵਿਚ ਇਕ ਵਫਦ ਰਿਵਾੜੀ, ਪਟੌਦੀ ਤੇ ਗੁੜਗਾਓਂ ਦਾ ਦੌਰਾ ਕਰ ਰਿਹਾ ਹੈ। ਇਸ ਵਫਦ ਵਿਚ ਸੰਤੋਖ ਸਿੰਘ ਸਾਹਨੀ, ਰਮੇਸ਼ ਮਹਿੰਗੀ, ਸਤਨਾਮ ਸਿੰਘ, ਐਡਵੋਕੇਟ ਅਸ਼ੋਕ ਕੁਮਾਰ, ਗੁਰਜੀਤ ਸਿੰਘ, ਸੁਰਜੀਤ ਕੌਰ, ਗੋਪਾਲ ਮਲਿਕ ਤੇ ਬਾਬੂ ਸਿੰਘ ਦੁਖੀਆ ਪ੍ਰਧਾਨ ਨੈਸ਼ਨਲ 1984 ਵਿਕਟਿਮਸ ਜਸਟਿਸ ਐਂਡ ਵੈਲਫੇਅਰ ਸੁਸਾਇਟੀ ਸ਼ਾਮਿਲ ਹਨ।
ਨਵੰਬਰ 1984 ਸਿਖ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਜਦੋ ਜਹਿਦ ਕਰ ਰਹੀ ਕੌਮਾਂਤਰੀ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਨੇ ਐਲਾਨ ਕੀਤਾ ਹੈ ਕਿ ਗਰਗ ਕਮਿਸ਼ਨ ਅੱਗੇ ਪੇਸ਼ੀ ਲਈ ਪੀੜਤਾਂ ਦੀ ਕਾਨੂੰਨੀ ਪ੍ਰਤੀਨਿਧਤਾ ਵਾਸਤੇ ਉਹ ਸੀਨੀਅਰ ਐਡਵੋਕੇਟਾਂ ਨੂੰ ਹਾਇਰ ਕਰੇਗੀ।
Related Topics: Garg Commission, Hondh Massacre, ਸਿੱਖ ਨਸਲਕੁਸ਼ੀ 1984 (Sikh Genocide 1984)