Tag Archive "sukhmani"

ਸੁਖਮਨੀ (ਲੇਖਕ: ਸਿਰਦਾਰ ਕਪੂਰ ਸਿੰਘ )

‘ਮਹਿੰਜੋ-ਦੇਰੂ’ ਦੇ ਸੱਤ ਹਜ਼ਾਰ ਸਾਲ ਪੁਰਾਣੇ ਖੰਡਰਾਂ ਦੀ ਦੇਖ ਭਾਲ ਤੋਂ ਸਮਾਜਿਕ ਸਭਿਅਤਾ ਦੇ ਵਿਿਦਆਰਥੀ ਨੂੰ ਸਭ ਤੋਂ ਵੱਧ ਅਚੰਭਾ ਇਸ ਗੱਲ ’ਤੇ ਹੁੰਦਾ ਹੈ ਕਿ ਉਥੇ ਜੰਗੀ ਸ਼ਸਤਰਾਂ ਦੇ ਬਸਤੀਆਂ ਦੀ ਰੱਖਿਆ ਲਈ ਫਸੀਲਾਂ ਆਦਿਕ ਦਾ ਕੋਈ ਨਾਮ ਨਿਸ਼ਾਨ ਨਹੀਂ ਮਿਲਦਾ। ਉਸ, ਤਵਾਰੀਖ ਤੋਂ ਵੀ ਪਹਿਲੇ, ਦੂਰ ਦੁਰਾਡੇ ਸਮੇਂ ਵਿਚ ਕੀ ਕਾਰਨ ਹੋ ਸਕਦੇ ਹਨ ਕਿ ਮਨੁੱਖੀ ਸਮਾਜ ਤੇ ਬਸਤੀਆਂ ਸ਼ਸਤਰ ਵਿੱਦਿਆ ਤੇ ਯੁੱਧ ਪ੍ਰਕ੍ਰਿਤੀ ਤੋਂ ਇਸ ਹੱਦ ਤਕ ਬੇ ਨਿਆਜ਼ ਹੋ ਗਏ ਕਿ ਉਨ੍ਹਾਂ ਨੂੰ ਯੁੱਧ ਜੰਗ ਦੀ ਹੋਂਦ ਹੀ ਬੇਲੋੜੀ ਅਤੇ ਅਸੰਭਵ ਪ੍ਰਤੀਤ ਹੋਣ ਲੱਗ ਪਈ। ਮਨੁੱਖੀ ਸੱਭਿਅਤਾ ਦੀ ਤਾਰੀਖ ਵਿਚ ਕੋਈ ਸ਼ਹਾਦਤ ਇਸ ਯਕੀਨ ਦੀ ਪੁਸ਼ਟੀ ਵਿਚ ਨਹੀਂ ਮਿਲਦੀ ਕਿ ਸਭਿਅਤਾ ਤੇ ਤਹਿਜ਼ੀਬ ਦੀ ਉਨਤੀ ਯਾ ਸਾਇੰਸ ਦੇ ਵਿਕਾਸ ਨਾਲ ਮਨੁੱਖੀ ਸਮਾਜ ਦੀਆਂ ਮਾਰਨ ਖੰਡੀਆਂ ਤੇ ਚੰਡਿਕਾ ਰੁਚੀਆਂ ਵਿਚ ਕੋਈ ਬੁਨਿਆਦੀ ਤਬਦੀਲੀ ਆ ਜਾਂਦੀ ਹੈ; ਸਗੋਂ ਸ਼ਹਾਦਤ ਇਸ ਦੇ ਬਿਲਕੁਲ ਉਲਟ ਹੈ ਕਿ ਜਿਉਂ ਜਿਉਂ ਪ੍ਰਕ੍ਰਿਤੀ ਦਿਆਂ ਭੇਤਾਂ ਤੇ ਉਸ ਦੀਆਂ ਸ਼ਕਤੀਆਂ ਉਤੇ ਆਦਮੀ ਦਾ ਵਸੀਕਾਰ ਵਧਦਾ ਜਾਂਦਾ ਹੈ ਤੇ ਜਿਉਂ ਜਿਉਂ ਕਿਸੇ ਸਮਾਜ ਜਾਂ ਕੌਮ ਦੀ ਮਾਦੀ ਤੇ ਮਾਨਸਿਕ ਹਾਲਤ ਉਨਤ ਤੇ ਪੇਚੀਦਾ ਹੁੰਦੀ ਜਾਂਦੀ, ਤਿਉਂ ਤਿਉਂ ਯੁੱਧ ਜੰਗ ਦੀ ਲੋੜ ਤੇ ਉਸ ਨੂੰ ਸਿਰੇ ਚੜ੍ਹਾਣ ਦੇ ਢੰਗ ਵਧੇਰੇ ਡੂੰਘੇ ਤੇ ਹਾਨੀਕਾਰਕ ਹੁੰਦੇ ਜਾਂਦੇ ਹਨ।