ਚੋਣਵੀਆਂ ਲਿਖਤਾਂ » ਲੇਖ

ਸੁਖਮਨੀ (ਲੇਖਕ: ਸਿਰਦਾਰ ਕਪੂਰ ਸਿੰਘ )

January 5, 2019 | By

1.
‘ਮਹਿੰਜੋ-ਦੇਰੂ’ ਦੇ ਸੱਤ ਹਜ਼ਾਰ ਸਾਲ ਪੁਰਾਣੇ ਖੰਡਰਾਂ ਦੀ ਦੇਖ ਭਾਲ ਤੋਂ ਸਮਾਜਿਕ ਸਭਿਅਤਾ ਦੇ ਵਿਿਦਆਰਥੀ ਨੂੰ ਸਭ ਤੋਂ ਵੱਧ ਅਚੰਭਾ ਇਸ ਗੱਲ ’ਤੇ ਹੁੰਦਾ ਹੈ ਕਿ ਉਥੇ ਜੰਗੀ ਸ਼ਸਤਰਾਂ ਦੇ ਬਸਤੀਆਂ ਦੀ ਰੱਖਿਆ ਲਈ ਫਸੀਲਾਂ ਆਦਿਕ ਦਾ ਕੋਈ ਨਾਮ ਨਿਸ਼ਾਨ ਨਹੀਂ ਮਿਲਦਾ। ਉਸ, ਤਵਾਰੀਖ ਤੋਂ ਵੀ ਪਹਿਲੇ, ਦੂਰ ਦੁਰਾਡੇ ਸਮੇਂ ਵਿਚ ਕੀ ਕਾਰਨ ਹੋ ਸਕਦੇ ਹਨ ਕਿ ਮਨੁੱਖੀ ਸਮਾਜ ਤੇ ਬਸਤੀਆਂ ਸ਼ਸਤਰ ਵਿੱਦਿਆ ਤੇ ਯੁੱਧ ਪ੍ਰਕ੍ਰਿਤੀ ਤੋਂ ਇਸ ਹੱਦ ਤਕ ਬੇ ਨਿਆਜ਼ ਹੋ ਗਏ ਕਿ ਉਨ੍ਹਾਂ ਨੂੰ ਯੁੱਧ ਜੰਗ ਦੀ ਹੋਂਦ ਹੀ ਬੇਲੋੜੀ ਅਤੇ ਅਸੰਭਵ ਪ੍ਰਤੀਤ ਹੋਣ ਲੱਗ ਪਈ। ਮਨੁੱਖੀ ਸੱਭਿਅਤਾ ਦੀ ਤਾਰੀਖ ਵਿਚ ਕੋਈ ਸ਼ਹਾਦਤ ਇਸ ਯਕੀਨ ਦੀ ਪੁਸ਼ਟੀ ਵਿਚ ਨਹੀਂ ਮਿਲਦੀ ਕਿ ਸਭਿਅਤਾ ਤੇ ਤਹਿਜ਼ੀਬ ਦੀ ਉਨਤੀ ਯਾ ਸਾਇੰਸ ਦੇ ਵਿਕਾਸ ਨਾਲ ਮਨੁੱਖੀ ਸਮਾਜ ਦੀਆਂ ਮਾਰਨ ਖੰਡੀਆਂ ਤੇ ਚੰਡਿਕਾ ਰੁਚੀਆਂ ਵਿਚ ਕੋਈ ਬੁਨਿਆਦੀ ਤਬਦੀਲੀ ਆ ਜਾਂਦੀ ਹੈ; ਸਗੋਂ ਸ਼ਹਾਦਤ ਇਸ ਦੇ ਬਿਲਕੁਲ ਉਲਟ ਹੈ ਕਿ ਜਿਉਂ ਜਿਉਂ ਪ੍ਰਕ੍ਰਿਤੀ ਦਿਆਂ ਭੇਤਾਂ ਤੇ ਉਸ ਦੀਆਂ ਸ਼ਕਤੀਆਂ ਉਤੇ ਆਦਮੀ ਦਾ ਵਸੀਕਾਰ ਵਧਦਾ ਜਾਂਦਾ ਹੈ ਤੇ ਜਿਉਂ ਜਿਉਂ ਕਿਸੇ ਸਮਾਜ ਜਾਂ ਕੌਮ ਦੀ ਮਾਦੀ ਤੇ ਮਾਨਸਿਕ ਹਾਲਤ ਉਨਤ ਤੇ ਪੇਚੀਦਾ ਹੁੰਦੀ ਜਾਂਦੀ, ਤਿਉਂ ਤਿਉਂ ਯੁੱਧ ਜੰਗ ਦੀ ਲੋੜ ਤੇ ਉਸ ਨੂੰ ਸਿਰੇ ਚੜ੍ਹਾਣ ਦੇ ਢੰਗ ਵਧੇਰੇ ਡੂੰਘੇ ਤੇ ਹਾਨੀਕਾਰਕ ਹੁੰਦੇ ਜਾਂਦੇ ਹਨ।

2.
‘ਨਿਟਸ਼ੇ’ ਕਹਿੰਦਾ ਹੈ ਕਿ ਸਮਾਜੀ ਜੀਵਨ ਤੇ ਇਨਫਰਾਦੀ ਜੀਵਨ ਆਪਣੀ ਉਨਤੀ ਲਈ ਜੰਗੀ ਰੁਚੀਆਂ ਤੇ ਉਨ੍ਹਾਂ ਨੂੰ ਵਰਤਣ ਦੇ ਮੌਕਿਆਂ ਦੀਆਂ ਰਿਣੀ ਹਨ। ਤੇ ‘ਮੁਸੋਲੀਨੀ’ ਹਾਮੀ ਭਰਦਾ ਹੈ ਕਿ ਕਿਸੇ ਕੌਮ ਦੇ ਜੀਵਨ ਜਾਂ ਮੌਤ ਦਾ ਨਿਰਭਰ ਅਜਿਹੀਆਂ ਜੰਗੀ ਰੁਚੀਆਂ ਨੂੰ ਵੱਧ ਤੋਂ ਵੱਧ ਚੁੜੱਤਣ ਦੇਣ ਉਤੇ ਹੈ।

3.
ਅੱਜ ਜਦੋਂ ਕਿ ਦੁਨੀਆਂ ਇਕ ਦੂਸਰੇ ਦੇ ਲਹੂ ਦੀ ਤ੍ਰਿਹਾਈ ਇਸ ਭਿਆਨਕ ਤਰੀਕੇ ਨਾਲ ਹੋ ਰਹੀ ਹੈ ਕਿ ਨਹੀਂ ਕਿਹਾ ਜਾ ਸਕਦਾ ਕਿ ਆਉਣ ਵਾਲੀਆਂ ਇਨਸਾਨੀ ਨਸਲਾਂ ਦੀ ਕੀ ਦਸ਼ਾ ਹੋਵੇਗੀ, ਵਿਚਾਰਵਾਨ, ਮਨਾਂ ਲਈ ਇਸ ਸਵਾਲ ਦੀ ਅਹਿਮੀਅਤ ਤੇ ਗੌਰਵਤਾ ਬਹੁਤ ਵੱਧ ਜਾਂਦੀ ਹੈ ਕਿ ਕੀ ਕੋਈ ਅਜਿਹੇ ਗੁਰ ਯਾ ਰਾਹ ਨਹੀਂ, ਜਿਸ ਨੂੰ ਵਰਤਿਆਂ ਅਜਿਹਾ ਜੰਗਲੀ ਖੂਨ ਖਰਾਬਾ ਬੇ-ਲੋੜਾ ਹੋ ਜਾਵੇ ਤੇ ਮਨੁੱਖ ਤੇ ਸਮਾਜ ਨੂੰ ਹਮੇਸ਼ਾ ਲਈ ਉਹ ਅਤੁੱਟ ਅਮਨ ਤੇ ਸੁਖ ਮਿਲ ਜਾਵੇ, ਜਿਸ ਤੋਂ ਬਿਨਾਂ ਮਨੱੁਖ ਦਾ ਉਨ੍ਹਾਂ ਆਤਮਿਕ ਮੰਡਲਾਂ ਵਿਚ ਵਿਚਰਨਾ ਅਸੰਭਵ ਹੈ, ਜੋ ਕਿ ਅਜੇ ਤਕ ਖੋਜੇ ਪੜਤਾਲੇ ਨਹੀਂ ਜਾ ਸਕੇ, ਪਰ ਜਿਨ੍ਹਾਂ ਦੀ ਹੋਂਦ ਤੋਂ ਕੋਈ ਵਿਚਾਰਵਾਨ ਆਦਮੀ ਮੁਨਕਰ ਨਹੀਂ।

4.
ਇਕ ਉੱਤਰ ਇਸ ਗੁੰਝਲ ਦਾ ‘ਸੋਸ਼ਲਿਜ਼ਮ’ ਸਾਂਝੀਵਾਲਤਾ ਹੈ। ਇਸ ਦੇ ਹਾਮੀਆਂ ਦਾ ਵਿਸ਼ਵਾਸ ਹੈ ਕਿ ਕੌਮਾਂਤਰੀ ਖਿਚੋਤਾਣ ਦਾ ਮੁਢਲਾ ਕਾਰਨ ਮਾਦੀ ਪਦਾਰਥਾਂ ਦੀ ਬੇਸੁਰੀ ਵੰਡ ਹੈ ਜੇ ਦੁਨਿਆਵੀ ਸਾਮਾਨ ਲੋਕਾਂ ਕੋਲ ਇਤਨੇ ਘੱਟ ਵੱਧ ਨਾ ਹੋਣ ਕਿ ਅਮੀਰੀ ਤੇ ਗਰੀਬ ਇਕੋ ਥਾਂ ’ਤੇ ਮੋਢੇ ਨਾਲ ਮੋਢਾ ਰਗੜੇ ਤਾਂ ਮਾਰਨ ਖੰਡੀਆਂ ਰੁਚੀਆਂ ਤੇ ਪਰਸਪਰ ਈਰਖਾ ਆਪੇ ਨਾਬੂਦ ਹੋ ਜਾਣ ਤੇ ਦੁਨੀਆ ਉਸ ਸੁਖ ਤੇ ਸ਼ਾਂਤੀ ਨੂੰ ਪ੍ਰਾਪਤ ਹੋ ਜਾਵੇ ਜੋ ਕਿ ਅਜੇ ਦੁਨੀਆਂ ਵਿਚ ਇਤਨੀ ਵਧੇਰੇ ਹੈ ਕਿ ਇਹ ਸਿਧਾਂਤ ਇਕ ਆਲਮਗੀਰ ਮਜ਼ਹਬ ਦੀ ਸ਼ਕਲ ਇਖਤਿਆਰ ਕਰ ਗਿਆ ਹੈ। ਗੁਰੂ ਅਰਜਨ ਸਾਹਿਬ ਜੀ ਨੇ ਵੀ ਇਸ ਲੋੜੀਂਦੇ ਸਵਾਲ ਦਾ ਉਤਰ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਉਨ੍ਹਾਂ ਦੀ ਰਚਿਤ ‘ਸੁਖਮਨੀ ਸਾਹਿਬ’ ਇਸ ਨੁਕਤੇ ਤੋਂ ਇਕ ਬੜੀ ਜ਼ਰੂਰੀ ਤੇ ਅਹਿਮ ਬਾਣੀ ਕਹੀ ਜਾ ਸਕਦੀ ਹੈ।

5.
ਗੁਰੂ ਅਰਜਨ ਸਾਹਿਬ ਜੀ ਦਾ ਸਿਧਾਂਤ ਇਹ ਹੈ ਕਿ ਮਨੁੱਖ ਦੇ ਮਨ ਤੇ ਬੁੱਧੀ ਦੀਆਂ ਤਰੁੱਟੀਆਂ ਤੇ ਮਨੁੱਖੀ ਸਮਾਜ ਦੇ ਪਰਸਪਰ ਖਹਿ ਖਹਿ ਤੇ ਨਿਤ ਨਿਤ ਦੇ ਯੁੱਧਾਂ ਜੰਗਾਂ ਦਾ ਕਾਰਨ ਇਨਸਾਨੀ ਮਨ ਤੇ ਰੂਹ ਦੇ ਸੰਸਕਾਰਾਂ ਵਿਚ ਪੋਸ਼ੀਦਾ ਹੈ। ਜਿਤਨਾ ਚਿਰ ਅਚੇਤ ਮਨ ਦੀਆਂ ਰੁਚੀਆਂ ’ਤੇ ਕਾਬੂ ਪਾ ਕੇ ਰੂਹ ਦੀਆਂ ਸਭ ਤੋਂ ਹੇਠਲੀਆਂ ਗਹਿਰਾਈਆਂ ਵਿਚ ਇਨਕਲਾਬ ਨਹੀਂ ਲਿਆਇਆ ਜਾਂਦਾ, ਉਤਨਾ ਚਿਰ ਬਾਹਰਲੀਆਂ ਮਾਦੀ ਹਾਲਤਾਂ ਵਿਚ ਕੋਈ ਅਦਲਾ ਬਦਲੀ ਵੀ, ਮਨੁੱਖ ਲਈ ਉਸ ਅਮਨ ਤੇ ਸ਼ਾਂਤੀ ਦਾ ਸੂਚਕ ਨਹੀਂ ਹੋ ਸਕਦੀ, ਜਿਸ ਅਮਨ ਤੇ ਸ਼ਾਂਤੀ ਤੋਂ ਬਿਨਾਂ ਆਦਮੀ ਆਪਣੇ ਮੌਜੂਦਾ ਮੰਡਲ ਤੋਂ ਬਿਲਕੁਲ ਉੱਚਾ ਉਠ ਕੇ ਉਥੇ ਪਹੁੰਚ ਸਕੇ, ਜਿਸ ਨੂੰ ਕਿ ਦੇਵਤਿਆਂ ਦੀ ਪਦਵੀ, ਪਾਰਗ੍ਰਾਮੀ ਮਨੁੱਖੀ ਮੰਡਲ, ਕਿਹਾ ਜਾ ਸਕੇ। ਇਨਸਾਨ ਦੀਆਂ ਆਤਮਿਕ ਗਹਿਰਾਈਆਂ ਵਿਚ ਇਹ ਇਨਕਲਾਬ ਲਿਆਉਣ ਲਈ ਉਹ ਇਕ ਸਾਧਨ ਨੂੰ ਸਭ ਨਾਲੋਂ ਉਤਮ ਸਾਧਨ ਦੱਸਦੇ ਹਨ, ਜੋ ਸਾਧਨ ਕਿ ਸਿੱਖ ਧਰਮ ਦਾ ਮਰਕਜ਼ੀ ਸਤੂਨ ਹੈ, ਉਹ ਹੈ ਨਾਮ ਸਿਮਰਨ। ਨਾਮ ਸਿਮਰਨ ਸਾਧਨ ਭੀ ਹੈ ਤੇ ਨਿਸ਼ਾਨਾ ਵੀ। ਇਸ ਸਾਧਨ ਦੀ ਨੀਂਹ ਉਸ ਸੱਚਾਈ ਉਤੇ ਰੱਖੀ ਹੋਈ ਹੈ, ਜਿਸ ਨੂੰ ਭਗਵਾਨ ਪਤੰਜਲੀ ਤੋਂ ਲੈ ਕੇ ਰਿਸ਼ੀ ਅਰਵਿੰਦੋ ਘੋਸ਼ ਤਕ ਸਾਧਕਾਂ ਨੇ ਤਜ਼ਰਬੇ ਦੀ ਕਸਵੱਟੀ ਉੁਤੇ ਪਰਖ ਕੇ ਸਹੀ ਮੰਨਿਆ ਹੈ। ਥੋੜ੍ਹੇ ਅੱਖਰਾਂ ਵਿਚ ਇਸ ਸਾਧਨ ਦਾ ਤੱਤ ਇਹ ਹੈ ਕਿ ਮਨ ਦੀਆਂ ਤੈਹਾਂ ਨੂੰ ਰੋਜ਼ਮਰਾ ਦੇ ਖਿਆਲੀ ਵਿਤਕਰਿਆਂ ਤੋਂ ਸਾਫ ਕੀਤਾ ਜਾਵੇ ਤੇ ਮਨ ਦੀਆਂ ਬਿਰਤੀਆਂ ਨੂੰ ਨਿਤਾਪ੍ਰਤੀ ਸਾਧਨ ਦੁਆਰਾ ਆਤਮਾ ਦੇ ਉੱਚੇ ਤੋਂ ਉੱਚੇ ਮੰਡਲਾਂ ਦੇ ਕਿਸੇ ਇਕ ਮਰਕਜ਼ ’ਤੇ ਲਾਇਆ ਜਾਵੇ। ਇਹ ਇਕਾਗਰਤਾ ਤੇ ਇਹ ਸਾਧਨ, ਸੱਚ ਤੇ ਇਨਸਾਫ ਦੇ ਧੁਰੇ ’ਤੇ ਖੜੋ ਕੇ, ਦਸਾਂ ਨਹੁੰਆਂ ਦੀ ਕਿਰਤ ਕਰਦਿਆਂ ਤੇ ਵੰਡ ਛਕਦਿਆਂ, ਪਰਉਪਕਾਰ ਤੇ ਵਾਯੂ ਮੰਡਲ ਵਿਚ ਨਿਰਭਉ ਹੋ ਕੇ ਕੀਤਾ ਜਾਵੇ। ਇਸ ਤਰ੍ਹਾਂ ਉਸ ਆਤਮਿਕ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ ਜੋ ਕਿ ਮਨੁੱਖੀ ਜੀਵਨ ਦਾ ਅੰਤਮ ਨਿਸ਼ਾਨਾ ਹੈ ਤੇ ਜਿਸ ਤਕ ਪਹੁੰਚਣ ਲਈ ਪ੍ਰਕ੍ਰਿਤੀ ਦੀਆਂ ਸਭ ਸ਼ਕਤੀਆਂ ਸੰਸਾਰ ਦੀ ਉਤਪਤੀ ਤੋਂ ਲੈ ਕੇ ਯਤਨ ਕਰ ਰਹੀਆਂ ਹਨ। ਜਿਸ ਨਿਸ਼ਾਨੇ ਦੀ ਹੋਂਦ ਦਾ ਇਕ ਧੁੰਦਲਾ ਜਿਹਾ ਅਕਸ ‘ਨਿਟਸ਼ੇ’ ਦੇ ਮਨ ’ਤੇ ਪਿਆ ਹੈ ਤੇ ਉਹ ਕੂਕ ਉਠਿਆ ਹੈ:

And lo ! I Preach to you the Superman,
Superman is the meaning of the Earth .

6.
ਸੁਖਮਨੀ ਸਾਹਿਬ ਦਾ ਮੁਤਾਲਿਆ ਦੋ ਪਹਿਲੂਆਂ ਤੋਂ ਮਨੋਰੰਜਕ ਹੈ। ਇਕ ਤਾਂ ਇਸ ਵਿਚ ਇਕ ਮਹਾਨ ਆਤਮਕ ਸਾਧਨ ਦਾ ਵਰਣਨ ਹੈ, ਇਸ ਦੇ ਯਮ ਨਿਯਮਾਂ ਦਾ ਬਿਆਨ ਤੇ ਇਸ ਦੀਆਂ ਵੱਖੋ-ਵੱਖਰੀਆਂ ਮੰਜ਼ਲਾਂ ਦੀ ਵਿਆਖਿਆ। ਦੂਸਰਾ ਪਹਿਲੂ ਇਸ ਦੇ ਸਾਹਿਤਕ ਸੁਹੱਪਣ ਦਾ ਹੈ, ਇਸ ਦੇ ਛੰਦਾਂ ਦੀ ਅਨੂਪਸ ਰਵਾਨੀ ਤੇ ਇਸ ਦੀ ਕਵਿਤਾ ਦਾ ਜਾਦੂ ਭਰਿਆ ਸੰਗੀਤ।

ਸੰਕੇਤਕ ਮੰਗਲਾਚਰਨ ਤੋਂ ਪਿਛੋਂ ਸੁਖਮਨੀ ਸਾਹਿਬ ਦੇ ਪਹਿਲੇ ਛੰਦ ਵਿਚ ਹੀ ਨਾਮ ਸਿਮਰਨ ਦੇ ਸਾਧਨ ਨੂੰ ਗ੍ਰਹਿਣ ਕਰਨ ਦਾ ਉਪਦੇਸ਼ ਹੈ ਕਿ ਮਨ ਦੀਆਂ ਬਿਰਤੀਆਂ ਅਤੇ ਖਿੰਡਵੀਆਂ ਕਲਪਨਾਵਾਂ ਨੂੰ ਸੁੰਗੇੜ ਕੇ ਇਨ੍ਹਾਂ ਨੂੰ ਆਪਣੇ ਆਦਰਸ਼ ਦੇ ਉਚੇ ਤੋਂ ਉਚੇ ਨੁਕਤੇ ਉਤੇ ਇਕਾਗਰ ਕਰਨ ਦਾ ਅਤੁੱਟ ਯਤਨ ਕਰੋ:

ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ॥ ਕਲਿ ਕਲੇਸ ਤਨ ਮਾਹਿ ਮਿਟਾਵਉ ॥ ਸਿਮਰਉ ਜਾਸੁ ਬਿਸੁੰਭਰ ਏਕੈ ॥ ਨਾਮੁ ਜਪਤ ਅਗਨਤ ਅਨੇਕੈ ॥ ਬੇਦ ਪੁਰਾਨ ਸਿੰਮ੍ਰਿਿਤ ਸੁਧਾਖ´ਰ ॥ ਕੀਨੇ ਰਾਮ ਨਾਮ ਇਕ ਆਖ´ਰ ॥ ਕਿਨਕਾ ਏਕ ਜਿਸੁ ਜੀਅ ਬਸਾਵੈ ॥ ਤਾ ਕੀ ਮਹਿਮਾ ਗਨੀ ਨ ਆਵੈ ॥ (ਪੰਨਾ 262)

ਜੇ ਇਹ ਆਦਰਸ਼ ਜਿਸ ਦਾ ਕਿ ਸਿਮਰਨ ਕੀਤਾ ਜਾ ਰਿਹਾ ਹੈ, ਆਸਤਕਤਾ ਦੇ ਮੰਡਲਾਂ ਵਿਚ ਪਰਮਾਤਮਾ ਨਾਲ ਅਭੇਦ ਹੋ ਜਾਵੇ ਤਾਂ ਮਨ ਨਿੱਤ ਦੇ ਭੈ ਭਰਮਾਂ ਵਿਚੋਂ ਨਿਕਲ ਕੇ ਤੰਦਰੁਸਤ ਤੇ ਅਰੋਗ ਹੋਣ ਲੱਗ ਜਾਂਦਾ ਹੈ:

ਪ੍ਰਭ ਕੈ ਸਿਮਰਨਿ ਗਰਭਿ ਨ ਬਸੈ ॥ ਪ੍ਰਭ ਕੈ ਸਿਮਰਨਿ ਦੂਖੁ ਜਮੁ ਨਸੈ ॥ ਪ੍ਰਭ ਕੈ ਸਿਮਰਨਿ ਕਾਲੁ ਪਰਹਰੈ ॥ ਪ੍ਰਭ ਕੈ ਸਿਮਰਨਿ ਦੁਸਮਨੁ ਟਰੈ ॥ ਪ੍ਰਭ ਸਿਮਰਤ ਕਛੁ ਬਿਘਨੁ ਨ ਲਾਗੈ ॥ ਪ੍ਰਭ ਕੈ ਸਿਮਰਨਿ ਅਨਦਿਨੁ ਜਾਗੈ ॥ ਪ੍ਰਭ ਕੈ ਸਿਮਰਨਿ ਭਉ ਨ ਬਿਆਪੈ ॥ ਪ੍ਰਭ ਕੈ ਸਿਮਰਨਿ ਦੁਖੁ ਨ ਸੰਤਾਪੈ ॥… (ਪੰਨਾ 262)

ਪ੍ਰਭ ਕੈ ਸਿਮਰਨਿ ਤ੍ਰਿਸਨਾ ਬੁਝੈ ॥ ਪ੍ਰਭ ਕੈ ਸਿਮਰਨਿ ਸਭੁ ਕਿਛੁ ਸੁਝੈ ॥…
ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ॥ ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ॥ (ਪੰਨਾ 263)

ਆਤਮਾ ਦੇ ਵਿਕਾਸ ਦੀਆਂ ਅਣਦੇਖੀਆਂ ਤੇ ਔਖੀਆਂ ਮੰਜ਼ਲਾਂ ਵਿਚ ਅਤੇ ਜੀਵਨ ਸੰਗਰਾਮ ਦੇ ਉਨ੍ਹਾਂ ਲਮ੍ਹਿਆਂ ਵਿਚ ਜਦੋਂ ਕਿ ਰੂਹ ਆਪਣੇ ਨੰਗੇਜ਼ ਵਿਚ ਕਈ ਪ੍ਰਕਾਰ ਦੁੱਖਾਂ ਤੇ ਔਕੜਾਂ ਦਾ ਮੁਕਾਬਲਾ ਕਰਦੀ ਹੈ, ਉਸ ਵੇਲੇ ਇਸ ਸਾਧਨ ਦੁਆਰਾ ਪ੍ਰਾਪਤ ਕੀਤੀ ਸ਼ਕਤੀ ਹੀ ਮਦਦਗਾਰ ਹੋ ਸਕਦੀ ਹੈ:

ਜਹ ਮਾਤ ਪਿਤਾ ਸੁਤ ਮੀਤ ਨ ਭਾਈ ॥ ਮਨ ਊਹਾ ਨਾਮੁ ਤੇਰੈ ਸੰਗਿ ਸਹਾਈ ॥ ਜਹ ਮਹਾ ਭਇਆਨ ਦੂਤ ਜਮ ਦਲੈ ॥ ਤਹਿ ਕੇਵਲ ਨਾਮੁ ਸੰਗਿ ਤੇਰੈ ਚਲੈ ॥ ਜਹ ਮੁਸਕਲ ਹੋਵੈ ਅਤਿ ਭਾਰੀ ॥ ਹਰਿ ਕੋ ਨਾਮੁ ਖਿਨ ਮਾਹਿ ਉਧਾਰੀ ॥….

ਸਗਲ ਸ੍ਰਿਸਟਿ ਕੋ ਰਾਜਾ ਦੁਖੀਆ ॥ ਹਰਿ ਕਾ ਨਾਮੁ ਜਪਤ ਹੋਇ ਸੁਖੀਆ ॥ ਲਾਖ ਕਰੋਰੀ ਬੰਧੁ ਨ ਪਰੈ ॥ ਹਰਿ ਕਾ ਨਾਮੁ ਜਪਤ ਨਿਸਤਰੈ ॥…
ਜਿਹ ਮਾਰਗਿ ਇਹੁ ਜਾਤ ਇਕੇਲਾ ॥ ਤਹ ਹਰਿ ਨਾਮੁ ਸੰਗਿ ਹੋਤ ਸੁਹੇਲਾ ॥….

ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ ॥ ਹਰਿ ਕਾ ਨਾਮੁ ਊਹਾ ਸੰਗਿ ਤੋਸਾ ॥ ਜਿਹ ਪੈਡੈ ਮਹਾ ਅੰਧ ਗੁਬਾਰਾ ॥ ਹਰਿ ਕਾ ਨਾਮੁ ਸੰਗਿ ਉਜੀਆਰਾ ॥ ਜਹਾ ਪੰਥਿ ਤੇਰਾ ਕੋ ਨ ਸਿਞਾਨੂ ॥ ਹਰਿ ਕਾ ਨਾਮੁ ਤਹ ਨਾਲਿ ਪਛਾਨੂ ॥

ਕੀ ਲ਼ੱਛਣ ਹਨ ਉਨ੍ਹਾਂ ਦੇ ਜੋ ਨਿਸ਼ਾਨੇ ’ਤੇ ਪੱੁਜ ਜਾਂਦੇ ਹਨ ਤੇ ਕੀ ਪਛਾਣ ਹੈ ਉਨ੍ਹਾਂ ਮਹਾਂ-ਪੁਰਸ਼ਾਂ ਬ੍ਰਹਮ ਗਿਆਨੀਆਂ ਦੀ, ਜਿਨ੍ਹਾਂ ਦਾ ਸਾਧਨ ਸਫਲ ਹੋਇਆ ਹੈ:

ਮਨਿ ਸਾਚਾ ਮੁਖਿ ਸਾਚਾ ਸੋਇ ॥ ਅਵਰੁ ਨ ਪੇਖੈ ਏਕਸੁ ਬਿਨੁ ਕੋਇ ॥ ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ ॥ (ਪੰਨਾ 272)

ਬ੍ਰਹਮ ਗਿਆਨੀ ਸਦਾ ਨਿਰਲੇਪ ॥ ਜੈਸੇ ਜਲ ਮਹਿ ਕਮਲ ਅਲੇਪ ॥ ਬ੍ਰਹਮ ਗਿਆਨੀ ਸਦਾ ਨਿਰਦੋਖ ॥ ਜੈਸੇ ਸੂਰੁ ਸਰਬ ਕਉ ਸੋਖ ॥ ਬ੍ਰਹਮ ਗਿਆਨੀ ਕੈ ਦ੍ਰਿਸਟਿ ਸਮਾਨਿ ॥ ਜੈਸੇ ਰਾਜ ਰੰਕ ਕਉ ਲਾਗੈ ਤੁਲਿ ਪਵਾਨ ॥… (ਪੰਨਾ 272)

ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ॥ ਜੈਸੇ ਮੈਲੁ ਨ ਲਾਗੈ ਜਲਾ ॥…
ਬ੍ਰਹਮ ਗਿਆਨੀ ਕੈ ਮਿਤ੍ਰ ਸਤ੍ਰੁ ਸਮਾਨਿ ॥ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ॥…
ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ॥ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ॥…
ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ॥ ਬ੍ਰਹਮ ਗਿਆਨੀ ਪਰਉਪਕਾਰ ਉਮਾਹਾ ॥… (ਪੰਨਾ 272-73)

ਇਹ ਹੈ ਸੁਖਮਨੀ ਸਾਹਿਬ ਦਾ ਉਪਦੇਸ਼ ਅਤੇ ਇਨਫਰਾਦੀ ਤੇ ਸਮਾਜਿਕ ਜੀਵਨ ਦੀ ਸਭ ਤੋਂ ਬੁਨਿਆਦੀ ਗੁੰਝਲ ਦਾ ਹੱਲ। ਇਹ ਹੈ ਆਸ਼ਾਵਾਦੀ ਫਲਸਫਾ ਜੋ ਇਨਸਾਨ ਨੂੰ ਆਪਣੀਆਂ ਹੱਦਾਂ ਤੋਂ ਉਚੇ ਟੱਪ ਕੇ ਇਕ ਨਵੀਂ ਦੁਨੀਆ ਤੇ ਨਵੀਆਂ ਕੀਮਤਾਂ ਪੈਦਾ ਕਰਨ ਦੀ ਪ੍ਰੇਰਨਾ ਕਰਦਾ ਹੈ। ਇਸ ਸਾਧਨ ਦੁਆਰਾ ਆਦਮੀ ਆਪਣੀ ਇਨਫਰਾਦੀ ਹੈਸੀਅਤ ਵਿਚ ਆਪਣੇ ਆਤਮਾ ਦੀਆਂ ਉੱਚੀਆਂ ਤੋਂ ਉੱਚੀਆਂ ਮੰਜ਼ਿਲਾਂ ’ਤੇ ਪਹੁੰਚਦਾ ਹੈ ਤੇ ਆਪਣੀ ਸਮਾਜੀ ਹੈਸੀਅਤ ਵਿਚ ਉਸ ਸੋਸ਼ਲ ਨਿਜ਼ਾਮ ਦੀ ਨੀਂਹ ਰੱਖਦਾ ਹੈ ਜਿਸ ਵਿਚੋਂ ਸਰੀਰਕ ਭੁੱਖ ਤੇ ਮਾਨਸਿਕ ਦੁੱਖਾਂ ਦੇ ਤਾਪ ਉੱਡ ਚੁੱਕੇ ਹਨ।

7.
ਸਾਹਿਤ ਤੇ ਕਾਵਿ ਦੇ ਨੁਕਤੇ ਤੋਂ ਸੁਖਮਨੀ ਸਾਹਿਬ ਦੀ ਮਹੱਤਤਾ ਦਾ ਸਭ ਤੋ ਵੱਡਾ ਸਬੂਤ ਇਹ ਹੈ ਕਿ ਸਦੀਆਂ ਤੋਂ ਪੰਜਾਬ, ਸਿੰਧ ਅਤੇ ਹੋਰ ਦੇਸ਼ਾਂ ਪ੍ਰਦੇਸ਼ਾਂ ਵਿਚ ਮਰਦ ਤੇ ਇਸਤਰੀਆਂ ਇਸ ਦੇ ਆਤਮਿਕ ਪ੍ਰਭਾਵ ਤੇ ਸੰਗੀਤ ਦੀ ਸਵੱਛਤਾ ਤੋਂ ਠੰਢ ਪ੍ਰਾਪਤ ਕਰਦੇ ਤੇ ਕਰ ਰਹੇ ਹਨ। ਕਿਸੇ ਸਾਹਿਤਕ ਰਚਨਾ ਦੀ ਮਹੱਤਤਾ ਦੀ ਸਭ ਤੋਂ ਅੱਛੀ ਕਸਵੱਟੀ ਇਹ ਕਹੀ ਜਾ ਸਕਦੀ ਹੈ ਕਿ ਉਸ ਰਚਨਾ ਨੂੰ ਪੜ੍ਹ ਕੇ ਪੜ੍ਹਣ ਵਾਲਾ ਮੁੜ ਉਹ ਨਾ ਰਹੇ ਜੋ ਕਿ ਉਹ ਉਸ ਨੂੰ ਪੜ੍ਹਨ ਤੋਂ ਪਹਿਲਾਂ ਸੀ। ਸੁਖਮਨੀ ਸਾਹਿਬ ਦਾ ਸੰਗੀਤ ਪਹਾੜੀ ਚਸ਼ਮੇ ਵਾਂਗ ਨਿਰਮਲ ਤੇ ਸੀਤਲ ਹੈ ਤੇ ਇਸਨੂੰ ਇਕ ਵਾਰ ਸਵੇਰ ਵੇਲੇ, ਸਪਰਸ਼ ਕੀਤਿਆਂ ਮਨ ਦੀ ਦਸ਼ਾ ਦਾ ਹੁਲਾਸ ਉਹ ਹੋ ਜਾਂਦਾ ਹੈ, ਜੋ ਕਿ ਉਨ੍ਹਾਂ ਦੇ ਖਿਆਲ ਵਿਚ ਵੀ ਨਹੀਂ ਆ ਸਕਦਾ, ਜੋ ਆਪਣਾ ਦਿਨ ਧੁੱਪ ਚੜ੍ਹੇ ਉੱਠ ਕੇ ਤੇ ਬਿਸਤਰੇ ਵਿਚ ਹੀ ਚਾਹ ਪੀ ਕੇ ਸ਼ੁਰੂ ਕਰਦੇ ਹਨ। ਗੁਰੂ ਅਰਜਨ ਸਾਹਿਬ ਜੀ ਆਪ ਹੀ ਇਸ ਰਚਨਾ ਦੇ ਆਤਮ ਪ੍ਰਭਾਵ ਦੀ ਬਾਬਤ, ਆਖਰੀ ਅਸ਼ਟਪਦੀ ਵਿਚ ਲਿਖਦੇ ਹਨ:

ਜਿਸੁ ਮਨਿ ਬਸੈ ਸੁਨੈ ਲਾਇ ਪ੍ਰੀਤਿ ॥ ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ ॥ ਜਨਮ ਮਰਨ ਤਾ ਕਾ ਦੂਖੁ ਨਿਵਾਰੈ ॥ ਦੁਲਭ ਦੇਹ ਤਤਕਾਲ ਉਧਾਰੈ ॥ ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਨੀ ॥ ਏਕੁ ਨਾਮੁ ਮਨ ਮਾਹਿ ਸਮਾਨੀ ॥ ਦੂਖ ਰੋਗ ਬਿਨਸੇ ਭੈ ਭਰਮ ॥ ਸਾਧ ਨਾਮ ਨਿਰਮਲ ਤਾ ਕੇ ਕਰਮ ॥ ਸਭ ਤੇ ਊਚ ਤਾ ਕੀ ਸੋਭਾ ਬਨੀ ॥ ਨਾਨਕ ਇਹ ਗੁਣਿ ਨਾਮੁ ਸੁਖਮਨੀ ॥

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,