November 3, 2011 | By ਸਿੱਖ ਸਿਆਸਤ ਬਿਊਰੋ
ਜਲੰਧਰ (03 ਨਵੰਬਰ, 2011): ਨਵੰਬਰ 1984 ਦੀ ਦਰਦਭਰੀ ਯਾਦ ਵਿਚ ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਸੈਂਕੜੇ ਵਿਦਿਆਰਥੀਆਂ ਵੱਲੋਂ ਅੱਜ ਅੱਖਾਂ ਦਾਨ ਕੀਤੀਆਂ ਗਈਆਂ। ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਕਾਲਜ ਇਕਾਈ ਵੱਲੋਂ ਐਨ. ਐਸ. ਐਸ. ਅਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਨੇਤਰ ਹਸਪਤਾਲ (ਸੋਹਾਣਾ) ਦੇ ਸਹਿਯੋਗ ਕੀਤੇ ਗਏ ਇਸ ਉੱਦਮ ਵਿਚ ਕਾਲਜ ਦੇ 203 ਵਿਦਿਆਰਥੀਆਂ ਨੇ ਅੱਖਾਂ ਦਾਨ ਦੇ ਫਾਰਮ ਭਰੇ। ਵਿਦਿਆਰਥੀਆਂ ਨੇ ਅੱਜ ਕੀਤੇ ਗਏ ਇਕ ਸੰਖੇਪ ਸਮਾਗਮ ਵਿਚ ਨਵੰਬਰ 1984 ਦੇ ਕਤਲੇਆਮ ਵਿਚ ਮਾਰੇ ਗਏ ਨਿਰਦੋਸ਼ ਸਿੱਖਾਂ ਨੂੰ ਯਾਦ ਕੀਤਾ।
ਇਸ ਮੌਕੇ ਵਿਚਾਰ ਸਾਂਝੇ ਕਰਦਿਆਂ ਕਾਲਜ ਵਿਚ ਐਨ. ਐਸ. ਐਸ ਦੇ ਇੰਚਾਰਜ ਪ੍ਰੋ. ਪ੍ਰਭਦਿਆਲ ਨੇ ਵਿਦਿਆਰਥੀਆਂ ਵੱਲੋਂ ਮਨੁੱਖਤਾ ਦੀ ਸੇਵਾ ਲਈ ਅੱਖਾਂ ਦਾਨ ਕਰਨ ਦੇ ਫੈਸਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕਾਲਜ ਵੱਲੋਂ ਵਿਦਿਆਰਥੀਆਂ ਦੇ ਅਜਿਹੇ ਉਦਮਾਂ ਨੂੰ ਹੋਰ ਉਤਸ਼ਾਹਤ ਕਰਨ ਲਈ ਸਹਿਯੋਗ ਜਾਰੀ ਰਹੇਗਾ।
ਇਸ ਮੌਕੇ ਉਚੇਚੇ ਤੌਰ ਉੱਤੇ ਪਹੁੰਚੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸ੍ਰ. ਪਰਮਜੀਤ ਸਿੰਘ ਗਾਜ਼ੀ ਨੇ ਕਿਹਾ ਕਿ ਨਵੰਬਰ 1984 ਦਾ ਸਿੱਖ ਕਤਲੇਆਮ ਇਕ ਅਜਿਹੀ ਘਟਨਾ ਹੈ ਜੋ “ਸਭਿਆਚਾਰਕ ਦੁਖਾਂਤ” ਦਾ ਰੁਤਬਾ ਰੱਖਦੀ ਹੈ ਤੇ ਆਉਣ ਵਾਲੀਆਂ ਪੀੜ੍ਹੀਆਂ ਨੇ ਇਸ ਦੁਖਾਂਤ ਦੇ ਦਰਦ ਨੂੰ ਮਹਿਸੂਸ ਕਰਦੇ ਰਹਿਣਾ ਹੈ। ਉਨ੍ਹਾਂ ਕਿਹਾ ਕਿ ਫੈਡਰੇਸ਼ਨ ਦੇ ਵਿਦਿਆਰਥੀਆਂ ਨੇ ਅੱਜ ਅੱਖਾਂ ਦਾਨ ਰਾਹੀਂ ਸਮੁੱਚੇ ਸਮਾਜ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਜੁਲਮ ਅਤੇ ਅਨਿਆਂ ਸਾਨੂੰ ਗੁਰੂ ਸਾਹਿਬਾਨ ਵੱਲੋਂ ਦਰਸਾਏ ਸਰਬੱਤ ਦੇ ਭਲੇ ਦੇ ਰਸਤੇ ਉੱਤੇ ਚੱਲਣ ਤੋਂ ਨਹੀਂ ਰੋਕ ਸਕਦਾ।
ਫੈਡਰੇਸ਼ਨ ਦੀ ਕਾਲਜ ਇਕਾਈ ਦੇ ਪ੍ਰਧਾਨ ਸ੍ਰ. ਪ੍ਰੀਤ ਸਿੰਘ ਨੇ ਕਾਲਜ ਦੇ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਵੱਲੋਂ ਮਿਲੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਫੈਡਰੇਸ਼ਨ ਦੇ ਜਿਲ੍ਹਾ ਆਗੂ ਸਤਵੰਤ ਸਿੰਘ, ਕਾਲਜ ਇਕਾਈ ਦੇ ਨੁਮਾਇੰਦੇ ਸ੍ਰ. ਜਸਪ੍ਰੀਤ ਸਿੰਘ, ਸ੍ਰ. ਹਰਪਾਲ ਸਿੰਘ, ਰਮਿੰਦਰਪਾਲ ਸਿੰਘ, ਪੰਥਵੀਰ ਸਿੰਘ, ਹਰਦੀਪ ਸਿੰਘ, ਰਣਜੀਤ ਸਿੰਘ, ਮਨਦੀਪ ਸਿੰਘ, ਗੁਰਕੀਰਤ ਸਿੰਘ, ਨਵਜੋਤ ਸਿੰਘ, ਗੁਰਪ੍ਰੀਤ ਸਿੰਘ, ਰਸ਼ਪਿੰਦਰ ਸਿੰਘ, ਹਰਸਿਮਰਤ ਸਿੰਘ, ਸ਼ਰਨਪ੍ਰੀਤ ਸਿੰਘ, ਮਨਦੀਪ ਸਿੰਘ, ਸਤਵੰਤ ਸਿੰਘ ਅਤੇ ਨਵਕੰਵਰ ਸਿੰਘ ਵੀ ਹਾਜ਼ਰ ਸਨ।
Related Topics: Sikh Students Federation, ਲਾਇਲਪੁਰ ਖਾਲਸਾ ਕਾਲਜ ਜਲੰਧਰ, ਸਿੱਖ ਨਸਲਕੁਸ਼ੀ 1984 (Sikh Genocide 1984)