ਵੀਡੀਓ » ਸਿੱਖ ਖਬਰਾਂ

ਕਾਰਟੂਨ ਫਿਲਮਾਂ ਰਾਹੀਂ ਗੁਰੂ ਸਾਹਿਬ ਦੇ ਬਿੰਬ ਨੂੰ ਪੇਸ਼ ਕਰਨ ਤੇ ਸਿੱਖਾਂ ਚ ਰੋਹ; ਦਾਸਤਾਨ-ਏ-ਮੀਰੀ-ਪੀਰੀ ਦਾ ਵਿਰੋਧ ਸ਼ੁਰੂ

May 26, 2019 | By

ਚੰਡੀਗੜ੍ਹ: ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਉੱਤੇ ਕਾਰਟੂਨ ਫਿਲਮ ‘ਦਾਸਤਾਨ-ਏ-ਮੀਰੀ-ਪੀਰੀ’ ਬਣਾਉਣ ਵਿਰੁੱਧ ਸਿੱਖ ਸਫਾਂ ਵਿਚੋਂ ਭਰਵਾਂ ਵਿਰੋਧ ਸ਼ੁਰੂ ਹੋ ਗਿਆ ਹੈ। ਇਹ ਕਾਰਟੂਨ ਫਿਲਮ ਨੂੰ ਬਣਾਉਣ ਵਾਲਿਆਂ ਨੇ ਫਿਲਮ ਜਾਰੀ ਕਰਨ ਲਈ ਘੱਲੂਘਾਰੇ ਵਾਲੇ ਵਿਸ਼ੇਸ਼ ਦਿਨਾਂ ਦੀ ਚੋਣ ਕਰਕੇ ਇਹਨੂੰ ‘5 ਜੂਨ’ ਨੂੰ ਜਾਰੀ ਕਰਨ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਨ੍ਹਾਂ ‘2 ਨਵੰਬਰ’ ਨੂੰ ਇਹ ਫਿਲਮ ਜਾਰੀ ਕਰਨ ਦਾ ਐਲਾਨ ਕੀਤਾ ਸੀ।

ਇਹ ਕਾਰਟੂਨ ਫਿਲਮ ਦੀ ਮਸ਼ਹੂਰੀ ਵੱਖ-ਵੱਖ ਸਾਧਨਾਂ ਰਾਹੀਂ ਕੀਤੇ ਜਾਣ ਤੋਂ ਬਾਅਦ ਸਿੱਖਾਂ ਦੇ ਇਕ ਸੁਚੇਤ ਹਿੱਸੇ ਵਿਚ ਰੋਹ ਦੀ ਭਾਵਨਾ ਹੈ ਅਤੇ ਉਨ੍ਹਾਂ ਵਲੋਂ ਬਿਜਲ-ਸੱਥ ਰਾਹੀਂ ਫਿਲਮ ਦਾ ਵਿਰੋਧ ਸ਼ੁਰੂ ਹੋ ਗਿਆ ਹੈ।

ਫਿਲਮ ਦਾ ਵਿਰੋਧ ਜ਼ਮੀਨੀ ਪੱਧਰ ਤੱਕ ਫੈਲਿਆ:

ਗੁਰੂ ਹਰਗੋਬਿੰਦ ਜੀ ਬਾਰੇ ਕਾਰਟੂਨ ਫਿਲਮ ਬਣਾਉਣ ਬਾਰੇ ਬਿਜਲ ਸੱਥ ਤੋਂ ਸ਼ੂਰੂ ਹੋਇਆ ਰੋਸ ਤੇ ਵਿਰੋਧ ਹੁਣ ਜ਼ਮੀਨੀ ਪੱਧਰ ਤੱਕ ਫੈਲ ਰਿਹਾ ਹੈ।

ਬੀਤੇ ਕੱਲ੍ਹ ਕੁਝ ਥਾਵਾਂ ਉੱਤੇ ਰੋਹ ਵਿਚ ਆਏ ਸਿੱਖ ਕਾਰਕੁੰਨਾਂ ਨੇ ਫਿਲਮ ਦੇ ਇਸ਼ਤਿਹਾਰ ਪਾੜ ਦਿੱਤੇ।

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਿਦਿਆਰਥੀਆਂ ਵਲੋਂ ਇਸ ਫਿਲਮ ਖਿਲਾਫ 28 ਮਈ (ਮੰਗਲਵਾਰ) ਨੂੰ ਸੰਕੇਤਕ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਸਿੱਖ ਪ੍ਰਚਾਰਕਾਂ ਦੀ ਜਥੇਬੰਦੀ ਦਰਬਾਰ-ਏ-ਖਾਲਸਾ ਵਲੋਂ ਇਸ ਫਿਲਮ ਉੱਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਗਈ ਹੈ। ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਵਲੋਂ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਇਹ ਫਿਲਮ ਸਿੱਖੀ ਸਿਧਾਂਤਾਂ ਦੀ ਉਲੰਘਣਾ ਕਰਦੀ ਹੈ ਇਸ ਲਈ ਇਹ ਫਿਲਮ ਬੰਦ ਹੋਣੀ ਚਾਹੀਦੀ ਹੈ।

ਗੁਰੂ ਸਾਹਿਬਾਨ ’ਤੇ ਕਾਰਟੂਨ ਫਿਲਮਾਂ ਬਣਾਉਣ ਦਾ ਮਾਮਲਾ ਸ਼ੁਰੂ ਤੋਂ ਹੀ ਵਿਵਾਦਤ ਰਿਹਾ ਹੈ ਤੇ ਸਿੱਖਾਂ ਨੇ ਇਨ੍ਹਾਂ ਕਾਰਵਾਈਆਂ ਦਾ ਲਗਾਤਾਰ ਵਿਰੋਧ ਕੀਤਾ ਹੈ:

ਸਾਲ 2005 ਵਿਚ ਜਦੋਂ ਵਿਸਮਾਦ ਨਾਮੀ ਅਦਾਰੇ ਵਲੋਂ ਸਿੱਖ ਇਤਿਹਾਸ ਉੱਤੇ ਸਾਹਿਬਜ਼ਾਦੇ ਨਾਮੀ ਕਾਰਟੂਨ ਫਿਲਮ ਬਣਾਈ ਸੀ ਤਾਂ ਸਿੱਖ ਵਿਦਿਆਰਥੀਆਂ ਦੀ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਸਿੱਖ ਜਗਤ ਨੂੰ ਇਸ ਬਾਰੇ ਅਗਾਹ ਕੀਤਾ ਗਿਆ ਸੀ ਕਿ ਇੰਝ ਕਾਰਟੂਨਾਂ ਜਾਂ ਹੋਰਨਾਂ ਨਾਟਕੀ ਤਰੀਕਿਆਂ ਰਾਹੀਂ ਸਿੱਖ ਗੁਰੂ ਸਾਹਿਬਾਨ, ਗੁਰੂ ਪਰਵਾਰਾਂ, ਮਹਾਨ ਗੁਰਸਿੱਖਾਂ ਤੇ ਅਦੁੱਤੀ ਸ਼ਹੀਦਾਂ ਨੂੰ ਰੂਪਮਾਨ ਕਰਨਾ ਸਿੱਖ ਸਿਧਾਂਤਾਂ ਦੀ ਉਲੰਘਣਾ ਹੋਵੇਗੀ ਤੇ ਇਹ ਰਾਹ ਅਖੀਰ ਨੂੰ ਬੁੱਤਪ੍ਰਸਤੀ ਵੱਲ ਪ੍ਰੇਰੇਗਾ। ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋ.ਗੁ.ਪ੍ਰ.ਕ.) ਅਤੇ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨ ਜੋਗਿੰਦਰ ਸਿੰਘ ਵੇਦਾਂਤੀ ਨੂੰ ਇਸ ਬਾਰੇ ਦ੍ਰਿੜ ਫੈਸਲਾ ਲੈ ਕੇ ਗੁਰੂ ਬਿੰਬ ਦੀ ਕਾਰਟੂਨਾਂ ਰਾਹੀਂ ਪੇਸ਼ਕਾਰੀ ਰੁਕਵਾਉਣ ਲਈ ਕਿਹਾ ਗਿਆ ਸੀ।

ਇਸ ਤੋਂ ਬਾਅਦ ਮੂਲਾ ਖੱਤਰੀ ਨਾਮੀ ਕਾਰਟੂਨ ਫਿਲਮ ਆਈ ਜਿਸ ਵਿਚ ਗੁਰੂ ਨਾਨਕ ਜੀ ਦੇ ਬਿੰਬ ਨੂੰ ਤਸਵੀਰ ਨੁਮਾ ਕਾਰਟੂਨ ਵਿਧੀ ਰਾਹੀਂ ਪੇਸ਼ ਕੀਤਾ ਗਿਆ ਸੀ।

ਸਿੱਖ ਇਤਿਹਾਸ ਤੇ ਕਾਰਟੂਨ ਫਿਲਮਾਂ ਦਾ ਰੁਝਾਨ ਚਾਰ ਸਾਹਿਬਜ਼ਾਦੇ ਫਿਲਮ ਨਾਲ ਫਿਲਮ ਜਗਤ ਦੀ ਵੱਡੀ ਮੰਡੀ ਵਿਚ ਪੁੱਜਾ ਤੇ ਇਸ ਤੋਂ ਬਾਅਦ ਨਾਨਕ ਸ਼ਾਹ ਫਕੀਰ ਨਾਮੀ ਫਿਲਮ ਦਾ ਮਾਮਲਾ ਵੀ ਸਾਹਮਣੇ ਆ ਗਿਆ ਜਿਸ ਵਿਚ ਕਿ ਗੁਰੂ ਸਾਹਿਬ, ਗੁਰੂ ਪਰਵਾਰ ਅਤੇ ਭਾਈ ਮਰਦਾਨਾ ਜੀ ਦੀ ਨਕਲ ਅਦਾਕਾਰਾਂ ਕੋਲੋਂ ਲੁਹਾਈ ਗਈ ਸੀ। ਇਹ ਫਿਲਮ ਪਹਿਲਾਂ ਸਾਲ 2015 ਵਿਚ ਜਾਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸਿੱਖ ਪੰਥ ਵਿਚ ਉੱਠੀ ਰੋਹ ਦੀ ਪ੍ਰਚੰਡ ਲਹਿਰ ਦੇ ਸਦਕਾ ਫਿਲਮ ਡੱਬਾ ਬੰਦ ਹੋ ਗਈ। ਇਸ ਵਿਵਾਦਤ ਫਿਲਮ ਦੇ ਨਿਰਮਾਤਾ ਹਰਿੰਦਰ ਸਿੱਕਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਅਹਿਮ ਅਹੁਦਿਆਂ ਤੇ ਬੈਠੇ ਕੁਝ ਵਿਅਕਤੀਆਂ ਨਾਲ ਗੰਢ ਤੁੱਪ ਕਰਕੇ ਇਹ ਫਿਲਮ ਮੁੜ 2017 ਵਿਚ ਜਾਰੀ ਕਰਨ ਦੀ ਕੋਸ਼ਿਸ਼ ਕੀਤੀ। ਸਿੱਖਾਂ ਵਲੋਂ ਫਿਲਮ ਦਾ ਵਿਰੋਧ ਕਰਨ ਤੇ ਪਹਿਲਾਂ ਤਾਂ ਸ਼੍ਰੋ.ਗੁ.ਪ੍ਰ.ਕ. ਦੇ ਨੁਮਾਇੰਦਿਆਂ ਨੇ ਉਨ੍ਹਾਂ ਨੂੰ ਗਲਤ ਕਰਾਰ ਦਿੱਤਾ ਪਰ ਰੋਹ ਪ੍ਰਚੰਡ ਹੋਣ ਤੇ ਫਿਲਮ ਤੋਂ ਆਪਣੀ ਹਿਮਾਇਤ ਵਾਪਸ ਲੈ ਲਈ।

ਹੁਣ ‘ਛਠਮ ਪੀਰ’ ਨਾਮੀ ਫਿਲਮ ਸਾਜ ਅਦਾਰੇ ਵਲੋਂ ਗੁਰੂ ਹਰਗੋਬਿੰਦ ਜੀ ਦੇ ਜੀਵਨ ਉੱਤੇ ਇਕ ਕਾਰਟੂਨ ਫਿਲਮ ਜਾਰੀ ਕਰਨ ਦੇ ਐਲਾਨ ਨਾਲ ਕਾਰਟੂਨਾਂ ਰਾਹੀਂ ਗੁਰੂ ਬਿੰਬ ਦੀ ਪੇਸ਼ਕਾਰੀ ਦਾ ਮਾਮਲਾ ਮੁੜ ਭਖ ਗਿਆ ਹੈ।

ਫਿਲਮਕਾਰਾਂ ਦਾ ਪੱਖ:

ਸਿੱਖ ਸਿਆਸਤ ਵਲੋਂ ‘ਦਾਸਤਾਨ-ਏ-ਮੀਰੀ-ਪੀਰੀ’ ਦੇ ਫੇਸਬੁੱਕ ਪੰਨੇ ਰਾਹੀਂ ਇਹ ਕਾਰਟੂਨ ਫਿਲਮ ਬਣਾਉਣ ਵਾਲਿਆਂ ਦਾ ਪੱਖ ਜਾਨਣ ਲਈ ਸੁਨੇਹਾ ਲਾਇਆ ਗਿਆ ਸੀ ਜਿਸ ਤੋਂ ਬਾਅਦ ਫਿਲਮਕਾਰਾਂ ਵਲੋਂ ਗੁਰਜੋਤ ਸਿੰਘ ਰਾਹੀਂ ਸਿੱਖ ਸਿਆਸਤ ਨਾਲ ਗੱਲਬਾਤ ਕੀਤੀ ਗਈ।

ਗੁਰਜੋਤ ਸਿੰਘ ਨੇ ਜੋ ਪੱਖ ਪੇਸ਼ ਕੀਤਾ ਉਸ ਮੁਤਾਬਕ ਇਸ ਫਿਲਮ ਨੂੰ ਕਾਰਟੂਨ ਫਿਲਮ ਕਹਿਣਾ ਠੀਕ ਨਹੀਂ ਹੈ ਕਿਉਂਕਿ ਉਨ੍ਹਾਂ ਮੁਤਾਬਕ ਕਾਰਟੂਨ ਸਿਰਫ ਉਹ ਹੁੰਦਾ ਹੈ ਜਿਹੜਾ ਕਿਸੇ ਦਾ ਮਜਾਕ ਉਡਾਉਣ ਲਈ ਕਾਗਜ਼ ਉੱਤੇ ਵਿੰਗੀ-ਟੇਢੀ ਸ਼ਕਲ ਵਾਲਾ ਬਣਾਇਆ ਜਾਂਦਾ ਹੈ।

ਗੁਰਜੋਤ ਸਿੰਘ ਨੇ ਕਿਹਾ ਕਿ ਫਿਲਮ ਸਿੱਖੀ ਦੇ ਪਰਚਾਰ ਲਈ ਬਣਾਈ ਗਈ ਹੈ ਕਿਉਂਕਿ ਅੱਜ ਕੱਲ ਬੱਚਿਆਂ ਨੂੰ ਸਿੱਖੀ ਬਾਰੇ ਕੁਝ ਨਹੀਂ ਪਤਾ। ਫਿਲਮਕਾਰ ਵਾਰ-ਵਾਰ ‘ਚਾਰ ਸਾਹਿਬਜ਼ਾਦੇ’ ਫਿਲਮ ਦੀ ਕਾਮਯਾਬੀ ਦਾ ਹਵਾਲਾ ਦੇ ਰਿਹਾ ਸੀ ਕਿ ਇਸ ਫਿਲਮ ਨਾਲ ਸਿੱਖੀ ਦਾ ਬਹੁਤ ਪਰਚਾਰ ਹੋਇਆ ਸੀ।

ਗੁਰਜੋਤ ਸਿੰਘ ਨੇ ਕਿਹਾ ਕਿ ਇਸ ਫਿਲਮ ਨੂੰ ਬਣਾਉਣ ਵਾਲੀ ਟੋਲੀ (ਟੀਮ) ਵਿਚ ਸਿੱਖ ਵਿਦਵਾਨ ਇੰਦਰਜੀਤ ਸਿੰਘ ਗੋਗੋਆਣੀ ਅਤੇ ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਹਨ ਦੇ ਸਪੁੱਤਰ ਸ਼ਾਮਲ ਹਨ ਤੇ ਉਨ੍ਹਾਂ ਫਿਲਮ ਵਿਚ ਇਤਿਹਾਸਕ ਘਟਨਾਵਾਂ ਨੂੰ ਹੀ ਵਿਖਾਇਆ ਹੈ ਤੇ ਕੋਈ ਵੀ ਗੱਲ ਆਪਣੇ ਕੋਲੋਂ ਪੇਸ਼ ਨਹੀਂ ਕੀਤੀ।

ਉਨ੍ਹਾਂ ਪਹਿਲਾਂ ਇਹ ਵੀ ਕਿਹਾ ਕਿ ਇਹ ਫਿਲਮ ਗੁਰੂ ਹਰਗੋਬਿੰਦ ਜੀ ਉੱਤੇ ਨਹੀਂ ਹੈ ਬਲਕਿ ਭਾਈ ਬਿਧੀ ਚੰਦ ਜੀ ਉੱਤੇ ਹੈ ਪਰ ਬਾਅਦ ਵਿਚ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਅਸਲ ਵਿਚ ਫਿਲਮ ਵਿਚ ਗੁਰੂ ਹਰਗੋਬਿੰਦ ਜੀ ਵਲੋਂ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਸਮੇਤ ਹੋਰਨਾਂ ਇਤਿਹਾਸਕ ਘਟਨਾਵਾਂ ਨੂੰ ਵੀ ਪੇਸ਼ ਕੀਤਾ ਗਿਆ ਹੈ ਅਤੇ ਭਾਈ ਬਿਧੀ ਚੰਦ ਜੀ ਵਲੋਂ ਦੁਸ਼ਾਲੇ ਤੇ ਘੋੜੇ ਵਾਪਸ ਲਿਆਉਣ ਵਾਲੇ ਪ੍ਰਸੰਗ ਵੀ ਵਿਖਾਏ ਗਏ ਹਨ।

ਗੁਰੂ ਬਿੰਬ ਦੀ ਫਿਲਮੀ ਪੇਸ਼ਕਾਰੀ ਹੀ ਸਿੱਖੀ ਸਿਧਾਂਤਾਂ ਦੀ ਉਲੰਘਣਾ ਹੈ ਬਾਰੇ ਨੁਕਤਾ ਚੁੱਕੇ ਜਾਣ ਤੇ ਉਨ੍ਹਾਂ ਕਿਹਾ ਕਿ ਪਹਿਲਾਂ ਵੀ ਚਾਰ ਸਾਹਿਬਜ਼ਾਦੇ ਫਿਲਮ ਬਣ ਚੁੱਕੀ ਹੈ ਜਿਸ ਨਾਲ ਸਿੱਖੀ ਦਾ ਬਹੁਤ ਪ੍ਰਚਾਰ ਹੋਇਆ ਹੈ ਤੇ ਹੈਰੀ ਬਵੇਜਾ ਨੂੰ ਦੇਸ਼-ਵਿਦੇਸ਼ ਵਿਚ ਸਨਮਾਨਤ ਕੀਤਾ ਗਿਆ ਹੈ, ਦੂਜਾ ਕਿ ਗੁਰੂ ਸਾਹਿਬ ਦੀਆਂ ਤਸਵੀਰਾਂ ਪਹਿਲਾਂ ਹੀ ਮਿਲਦੀਆਂ ਹਨ ਤੇ ਦਰਬਾਰ ਸਾਹਿਬ ਦੇ ਅਜਾਇਬ ਘਰ ਵਿਚ ਵੀ ਤਸਵੀਰਾਂ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਉਹ ਫਿਲਮ ਰਾਹੀਂ ਸਿੱਖ ਬੱਚਿਆਂ ਨੂੰ ਇਤਿਹਾਸ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਕਿ ਪਰਚਾਰ ਹੋ ਸਕੇ।

ਗੁਰਜੋਤ ਸਿੰਘ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਗੁਰੂ ਮਾਨਿਓ ਗ੍ਰੰਥ ਅਤੇ ਸਿੰਘ ਸੂਰਮੇ ਫਿਲਮ ਬਣਾਈ ਸੀ ਜੋ ਕਿ ਉਨ੍ਹਾਂ ਆਪ ਵੱਖ-ਵੱਖ ਥਾਈਂ ਜਾ ਕੇ ਵਿਖਾਈ ਸੀ ਪਰ ਉਸ ਉੱਤੇ ਲੱਗੀ ਲਾਗਤ ਵੀ ਪੂਰੀ ਨਹੀਂ ਸੀ ਹੋ ਸਕੀ ਇਸ ਲਈ ਹੀ ਇਸ ਫਿਲਮ ਨੂੰ ਵੱਡੇ ਪੱਧਰ ਤੇ ਜਾਰੀ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਅੱਗੇ ਵਾਸਤੇ ਵੀ ਅਜਿਹੀਆਂ ਫਿਲਮਾਂ ਬਣਾ ਸਕਣ।

ਫਿਲਮ ਦੇ ਹੋ ਰਹੇ ਵਿਰੋਧ ਬਾਰੇ ਪੁੱਛੇ ਜਾਣ ਤੇ ਗੁਰਜੋਤ ਸਿੰਘ ਨੇ ਡਾ. ਇੰਦਰਜੀਤ ਸਿੰਘ ਗੋਗੋਆਣੀ ਦੇ ਹਵਾਲੇ ਨਾਲ ਕਿਹਾ ਕਿ ਕੁਝ ਸਿੱਖ ਹਰ ਨਵੀਂ ਗੱਲ ਦਾ ਵਿਰੋਧ ਕਰਦੇ ਹਨ ਅਤੇ ਸਿੱਖ ਤਾਂ ਵੀਹ ਸਾਲ ਤੱਕ ਦਰਬਾਰ ਸਾਹਿਬ ਵਿਖੇ ਬਿਜਲੀ ਲਿਆਉਣ ਤੋਂ ਵੀ ਰੁਕੇ ਰਹੇ ਸਨ।

ਸਿਧਾਂਤਕ ਪੱਖ-ਗੁਰੂ ਬਿੰਬ ਦੀ ਨਾਟਕੀ ਪੇਸ਼ਕਾਰੀ ਰੂਹਾਨੀ ਖੁਦਕੁਸ਼ੀ ਦਾ ਰਾਹ:

ਗੁਰੂ ਬਿੰਬ ਦੀ ਨਾਟਕੀ ਪੇਸ਼ਕਾਰੀ ਰੂਹਾਨੀ ਖੁਦਕਸ਼ੀ ਦਾ ਰਾਹ ਹੈ। ਇਸ ਮਾਮਲੇ ਦੇ ਸਿਧਾਂਤਕ ਪੱਖਾਂ ਨੂੰ ਵਿਚਾਰਦੀਆਂ ਅਤੇ ਪੇਸ਼ ਕਰਦੀਆਂ ਲਿਖਤਾਂ ਅਤੇ ਵਿਚਾਰ-ਚਰਚਾਵਾਂ ਹੇਠਾਂ ਸਾਂਝੀਆਂ ਕਰ ਰਹੇ ਹਾਂ। ਆਸ ਹੈ ਕਿ ਪਾਠਕ/ਦਰਸ਼ਕ/ਸਰੋਤੇ ਇਨ੍ਹਾਂ ਨੂੰ ਪੜ੍ਹ ਸੁਣ ਜਰੂਰ ਵਿਚਾਰਨਗੇ ਅਤੇ ਅੱਗੇ ਸਾਂਝੀਆਂ ਕਰਨਗੇ:

⊕ ਗੁਰੂ ਬਿੰਬ ਦੀ ਨਾਟਕੀ ਪੇਸ਼ਕਾਰੀ ਦਾ ਮਾਮਲਾ – ਚਾਰ ਸਾਹਿਬਜ਼ਾਦੇ ਕਾਰਟੂਨ/ਐਨੀਮੇਸ਼ਨ ਫਿਲਮ ਦੇ ਹਵਾਲੇ ਨਾਲ: (ਭਾਈ ਅਜਮੇਰ ਸਿੰਘ ਨਾਲ ਖਾਸ ਗੱਲਬਾਤ) –

 


⊕ ਨਾਨਕ ਸ਼ਾਹ ਫਕੀਰ ਫਿਲਮ ਦੇ ਹਵਾਲੇ ਨਾਲ ਸਿੱਖ ਗੁਰੂ ਸਾਹਿਬਾਨ ਦੀ ਨਾਟਕੀ ਪੇਸ਼ਕਾਰੀ ਨਾਲ ਜੁੜੇ ਸਿਧਾਂਤਕ ਪੱਖਾਂ ਤੇ ਵਿਸਤਾਰਤ ਵਿਚਾਰ-ਚਰਚਾ: –

 


⊕ ਫਿਲਮਾਂ ਵਿਚ ਗੁਰੂ ਸਾਹਿਬਾਨ ਦੀ ਪੇਸ਼ਕਾਰ ਦੇ ਹੱਕ ਤੇ ਵਿਰੋਧ ਵਾਲਿਆਂ ਦੀ ਮਾਨਸਿਕ ਬਣਤਰ ਸਮਝਣ ਲਈ ਕੀਤੀ ਗਈ ਵਿਸਤਾਰਤ ਚਰਚਾ ਜਰੂਰ ਸੁਣੋ:

 


⊕ ਚਾਰ ਸਾਹਿਬਜ਼ਾਦੇ ਤੇ ਨਾਨਕ ਸ਼ਾਹ ਫਕੀਰ ਫਿਲਮ ਦਾ ਮਾਮਲਾ – ਡਾ. ਸੇਵਕ ਸਿੰਘ ਨਾਲ ਖਾਸ ਗੱਲਬਾਤ:

 


⊕ ਚਾਰ ਸਾਹਿਬਜ਼ਾਦੇ ਫਿਲਮ ਨੇ ਹੀ ਨਾਨਕ ਸ਼ਾਹ ਫਕੀਰ ਵਰਗੀ ਫਿਲਮ ਦਾ ਰਾਹ ਪੱਧਰਾ ਕੀਤਾ ਸੀ

 


⊕ ਚਾਰ ਸਾਹਿਬਜ਼ਾਦੇ ਤੇ ਨਾਨਕ ਸ਼ਾਹ ਫਕੀਰ ਵਰਗੀਆਂ ਫਿਲਮਾਂ ਸਿੱਖਾਂ ਨੂੰ ਬੁੱਤਪ੍ਰਸਤੀ ਵੱਲ ਲਿਜਾਣਗੀਆਂ

 


⊕ ਮਾਮਲਾ ਗੁਰੂ ਬਿੰਬ ਦੀ ਫਿਲਮਾਂ ਵਿਚ ਪੇਸ਼ਕਾਰੀ ਦਾ – ਪੰਜਾਬੀ ਯੂਨੀਵਰਸਿਟੀ ਵਿਚ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਗੁਰਮੀਤ ਸਿੰਘ ਸਿੱਧੂ ਨਾਲ ਖਾਸ ਗੱਲਬਾਤ:

 


⊕ ਮਾਮਲਾ ਗੁਰੂ ਬਿੰਬ ਦੀ ਫਿਲਮਾਂ ਵਿਚ ਪੇਸ਼ਕਾਰੀ ਦਾ – ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨਾਲ ਖਾਸ ਗੱਲਬਾਤ:

 


⊕ ਮਾਮਲਾ ਗੁਰੂ ਬਿੰਬ ਦੀ ਫਿਲਮਾਂ ਵਿਚ ਪੇਸ਼ਕਾਰੀ ਦਾ – ਸਿੱਖ ਯੂਥ ਆਫ ਪੰਜਾਬ ਦੇ ਆਗੂ ਸ. ਪਰਮਜੀਤ ਸਿੰਘ ਮੰਡ ਨਾਲ ਖਾਸ ਗੱਲਬਾਤ:

 


⊕ ਮਾਮਲਾ ਗੁਰੂ ਬਿੰਬ ਦੀ ਫਿਲਮਾਂ ਵਿਚ ਪੇਸ਼ਕਾਰੀ ਦਾ – ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰਿਆਂ ਦੀ ਸੇਵਾ ਨਿਭਾਉਣ ਵਾਲੇ ਭਾਈ ਸਤਨਾਮ ਸਿੰਘ ਖੰਡੇਵਾਲਾ ਨਾਲ ਖਾਸ ਗੱਲਬਾਤ:


⊕ ਹੇਠਲੀ ਤੰਦ ਛੂਹ ਕੇ ਤੁਸੀਂ ਗੁਰੂ ਬਿੰਬ ਦੀ ਫਿਲਮਾਂ ਵਿਚ ਕੀਤੀ ਜਾਣ ਵਾਲੀ ਨਾਟਕੀ ਪੇਸ਼ਕਾਰੀ ਵਿਰੁਧ ਸਿਧਾਂਤਕ ਪੱਖਾਂ ਨੂੰ ਵਿਚਾਰਦੇ ਤੇ ਉਭਾਰਦੇ ਵੱਖ-ਵੱਖ ਲੇਖ ਪੜ੍ਹ ਸਕਦੇ ਹੋ:

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: