April 23, 2016 | By ਸਿੱਖ ਸਿਆਸਤ ਬਿਊਰੋ
ਫਤਹਿਗੜ੍ਹ ਸਾਹਿਬ: “ਕੋਹਿਨੂਰ ਹੀਰਾ” ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਲਹੌਰ ਹਕੂਮਤ ਦੀ ਮਲਕੀਅਤ ਹੈ ਅਤੇ ਜਿਸ ਉਤੇ ਕੇਵਲ ਅਤੇ ਕੇਵਲ ਸਿੱਖ ਕੌਮ ਦਾ ਹੀ ਹੱਕ ਹੈ। ਉਸ ਨੂੰ ਕਦੀ ਹਿੰਦ ਜਾਂ ਪੰਜਾਬ ਦਾ ਕਹਿ ਕੇ ਸਿੱਖ ਕੌਮ ਦੇ ਅਧਿਕਾਰ ਨੂੰ ਚੁਨੌਤੀ ਦੇਣ ਦੀ ਖੁਦ ਹੀ ਗੁਸਤਾਖੀ ਕੀਤੀ ਜਾ ਰਹੀ ਹੈ। ਜਿਸ ਨੂੰ ਸਿੱਖ ਕੌਮ ਕਤਈ ਬਰਦਾਸ਼ਤ ਨਹੀਂ ਕਰੇਗੀ।”ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇਜਾਰੀ ਭਿਆਨ ਵਿੱਚ ਕੀਤਾ।
ਜਾਰੀ ਬਿਆਨ ਵਿੱਚ ਕਿਹਾ ਕਿ ਇਹ ਬਹੁਤ ਹੀ ਦੁੱਖ ਅਤੇ ਅਫਸੋਸ ਹੈ ਕਿ ਜਿੰਨੀਆਂ ਵੀ ਪੁਰਾਤਨ ਇਤਿਹਾਸਿਕ ਸਿੱਖ ਕੌਮ ਨਾਲ ਸੰਬੰਧਤ ਬੇਸ਼ਕੀਮਤੀ ਦੁਰਲੱਭ ਵਸਤਾਂ ਹਨ ਅਤੇ ਜਿਹਨਾਂ ਨੂੰ ਸਮੇਂ ਦੇ ਹਾਕਮਾਂ ਨੇ ਸਾਜਿਸ਼ੀ ਢੰਗਾਂ ਰਾਹੀਂ ਸਿੱਖ ਕੌਮ ਤੋਂ ਦੂਰ ਕਰ ਦਿੱਤੀਆਂ ਹਨ, ਉਹਨਾਂ ਵਸਤਾਂ ਸੰਬੰਧੀ ਸ ਸੁਖਬੀਰ ਸਿੰਘ ਬਾਦਲ ਕਦੀ ਕਹਿ ਦਿੰਦੇ ਹਨ ਕਿ ਇਹ ਹਿੰਦ ਦਾ ਹੈ, ਕਦੀ ਕਹਿ ਦਿੰਦੇ ਹਨ ਕਿ ਪੰਜਾਬ ਦਾ ਅਤੇ ਕਦੀ ਕਹਿ ਦਿੰਦੇ ਹਨ ਕਿ ਸਿੱਖ ਕੌਮ ਦਾ ਹੈ। ਅਜਿਹੀ ਬਿਆਨਬਾਜ਼ੀ ਇਸ ਕਰਕੇ ਕੀਤੀ ਜਾ ਰਹੀ ਹੈ ਤਾਂ ਕਿ ਸਿੱਖ ਕੌਮ ਦੀਆਂ ਦੁਰਲੱਭ ਵਸਤਾਂ ਸੰਬੰਧੀ ਸਿੱਖ ਕੌਮ ਦੇ ਹੱਕ ਅਤੇ ਅਧਿਕਾਰ ਨੂੰ ਕਮਜ਼ੋਰ ਕਰਕੇ ਸੈਂਟਰ ਦੀ ਮੁਤੱਸਵੀ ਮੋਦੀ ਹਕੂਮਤ ਅਤੇ ਆਰ ਐਸ ਐਸ ਵਰਗੀਆਂ ਫਿਰਕੂ ਜਮਾਤਾਂ ਦੀਆਂ ਸਾਜਿਸ਼ਾਂ ਨੂੰ ਨੇਪਰੇ ਚਾੜ੍ਹਨ ਲਈ ਰਾਹ ਪੱਧਰਾ ਕੀਤਾ ਜਾ ਸਕੇ।
ਇਹ ਵਿਚਾਰ ਸ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੋਹਿਨੂਰ ਹੀਰਾ ਜੋ ਇਸ ਸਮੇਂ ਯੂ ਕੇ ਦੀ ਅੰਗਰੇਜ਼ ਹਕੂਮਤ ਕੋਲ ਹੈ ਅਤੇ ਜਿਸ ਨੂੰ ਅੰਗਰੇਜ਼ ਇੱਥੋਂ ਲੈ ਗਏ ਸਨ, ਉਸ ਸਿੱਖ ਕੌਮ ਦੀ ਵਿਰਾਸਤ ਕੋਹਿਨੁਰ ਹੀਰੇ ਨੂੰ ਜਿੰਨੀ ਜਲਦੀ ਹੋ ਸਕੇ ਸਿੱਖ ਕੌਮ ਦੇ ਸਪੁਰਦ ਕਰਕੇ ਆਪਣੀ ਇਖਲਾਕੀ ਜਿੰਮੇਵਾਰੀ ਨੂੰ ਪੂਰਨ ਕਰਨ ਦੀ ਗੱਲ ਕਰਦੇ ਹੋਏ ਅਤੇ ਸੁਖਬੀਰ ਬਾਦਲ ਦੇ ਭੰਬਲਭੂਸੇ ਵਾਲੇ ਕੌਮ ਵਿਰੋਧੀ ਬਿਆਨ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹੋਏ ਪ੍ਰਗਟ ਕੀਤੇ।
ਸ ਮਾਨ ਨੇ ਅੱਗੇ ਚੱਲ ਕੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਸਮੇਂ ਦੀ ਰਾਜਸ਼ਾਹੀ ਸੋਨੇ ਦੀ ਕੁਰਸੀ ਵੀ ਸਿੱਖ ਕੌਮ ਦੀ ਵਿਰਾਸਤ ਦਾ ਹਿੱਸਾ ਹੈ। ਉਹ ਵੀ ਅੰਗਰੇਜ਼ਾਂ ਦੇ ਕਬਜ਼ੇ ਵਿਚ ਹੈ। ਉਸ ਨੂੰ ਵੀ ਅੰਗਰੇਜ਼ ਹਕੂਮਤ ਸਿੱਖ ਕੌਮ ਦੇ ਕੋਹਿਨੂਰ ਹੀਰੇ ਦੇ ਨਾਲ ਨਾਲ ਕੁਰਸੀ ਵੀ ਸਿੱਖ ਕੌਮ ਨੂੰ ਸੌਪੇ।
ਉਨ੍ਹਾਂ ਕਿਹਾ ਕਿ ਜੋ ਖਾਲਸਾ ਪੰਥ ਦੀ ਸੋਚ ਉਤੇ ਪਹਿਰਾ ਦੇਣ ਵਾਲੀਆਂ ਸ਼ਖਸੀਅਤਾਂ ਹੁੰਦੀਆਂ ਹਨ, ਉਹ ਕਦੀ ਵੀ ਸਮੇਂ ਦੀਆਂ ਹਕੂਮਤਾਂ ਦੇ ਜਬਰ ਜੁਲਮ ਜਾਂ ਸ਼ਾਹੀ ਲਾਲਸਾਵਾਂ ਦੇ ਅਧੀਨ ਹੋ ਕੇ ਕੌਮ ਨੂੰ ਕਦੀ ਵੀ ਪਿੱਠ ਨਹੀਂ ਦਿੰਦੀਆਂ। ਬਲਕਿ ਸਿੱਖੀ ਸੋਚ ਨੰੁ ਮਜ਼ਬੂਤ ਕਰਨ ਅਤੇ ਸਿੱਖ ਵਿਰਾਸਤ ਨੂੰ ਪ੍ਰਾਪਤ ਕਰਨ ਲਈ ਯਤਨਸ਼ੀਲ ਰਹਿੰਦੀਆਂ ਹਨ। ਲੇਕਿਨ ਜੋ ਲੋਕ ਦੁਨਿਆਵੀ ਰਾਜ ਭਾਗ ਹੋਰ ਮਾਲੀ ਲਾਲਸਾਵਾਂ ਦੇ ਗੁਲਾਮ ਬਣ ਜਾਂਦੇ ਹਨ, ਉਹ ਲੋਕ ਕੌਮ ਨਾਲ ਸੰਬੰਧਤ ਵੱਡੀਆਂ ਦੁਰਲੱਭ ਵਸਤਾਂ, ਇਤਿਹਾਸ ਆਦਿ ਨਾਲ ਵੀ ਖਿਲਵਾੜ ਕਰਨ ਤੋਂ ਬਾਜ਼ ਨਹੀਂ ਆਉਂਦੇ।
ਬੀਤੇ ਦਿਨੀਂ ਫੌਜ ਦੇ ਜਰਨਲ ਜੇ ਜੇ ਸਿੰਘ ਦਾ ਬਿਆਨ ਸੀ ਕਿ ਬਲਿਊ ਸਟਾਰ ਸਮੇਂ ਫੌਜ ਵੱਲੋਂ ਤੋਸ਼ਾਖਾਨਾ ਅਤੇ ਸਿੱਖ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਬਹੁਮੁੱਲਾ ਇਤਿਹਾਸ ਅਤੇ ਖਜ਼ਾਨਾ ਸੱਤ ਟਰੱਕ ਭਰ ਕੇ ਲੈ ਗਏ ਸਨ, ਉਹ ਵਾਪਿਸ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਸ। ਪ੍ਰਕਾਸ਼ ਸਿੰਘ ਬਾਦਲ ਅਤੇ ਉਹਨਾਂ ਦੇ ਅਧੀਨ ਕੰਮ ਕਰਨ ਵਾਲੇ ਐਸਜੀਪੀਸੀ ਦੇ ਅਧਿਕਾਰੀ ਸਥਿਤੀ ਨੂੰ ਸਪੱਸ਼ਟ ਕਰਨ ਤੋਂ ਗੁਰੇਜ਼ ਕਰ ਰਹੇ ਹਨ। ਜਿਸ ਤੋਂ ਸਾਬਿਤ ਹੋ ਜਾਂਦਾ ਹੈ ਕਿ ਅਜਿਹੇ ਆਗੂ ਹੁਕਮਰਾਨਾਂ ਦੀਆਂ ਸਾਜਿਸ਼ਾਂ ਵਿਚ ਅੱਜ ਵੀ ਸ਼ਾਮਿਲ ਹਨ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਅਜਿਹੇ ਗੱਦਾਰੀ ਕਰਨ ਵਾਲੇ ਆਗੂਆਂ ਤੋਂ ਸੁਚੇਤ ਵੀ ਰਹਿਣਾ ਪਵੇਗਾ ਅਤੇ ਆਪਣੀ ਕੌਮੀ ਵਿਰਾਸਤ ਨਾਲ ਸੰਬੰਧਤ ਕੋਹਿਨੂਰ ਹੀਰੇ, ਸੋਨੇ ਦੀ ਕੁਰਸੀ, ਤੋਸ਼ਾਖਾਨਾ ਅਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਅਮੁੱਲ ਖਜਾਨੇ ਅਤੇ ਇਤਿਹਾਸ ਨੂੰ ਪ੍ਰਾਪਤ ਕਰਨ ਲਈ ਸਮੂਹਿਕ ਤੌਰ ‘ਤੇ ਦ੍ਰਿੜ੍ਹਤਾ ਪੂਰਵਕ ਉੱਦਮ ਵੀ ਕਰਨੇ ਪੈਣਗੇ।
ਮਾਨ ਨੇ ਯੂ ਕੇ ਦੀ ਅੰਗਰੇਜ਼ ਹਕੂਮਤ ਨੂੰ ਸਿੱਖ ਕੌਮ ਦੀਆਂ ਵਿਰਾਸਤੀ ਵਸਤਾਂ ਕੋਹਿਨੂਰ ਹੀਰਾ, ਰਾਜਸ਼ਾਹੀ ਸੋਨੇ ਦੀ ਕੁਰਸੀ ਆਦਿ ਸਭ ਤੁਰੰਤ ਸਿੱਖ ਕੌਮ ਦੇ ਹਵਾਲੇ ਕਰਨ ਦੀ ਜੋਰਦਾਰ ਮੰਗ ਕੀਤੀ।
Related Topics: Britain, India, Maharaja Ranjeet Singh, Simranjeet Singh Mann, sukhbir singh badal