February 3, 2017 | By ਡਾ. ਅਮਰਜੀਤ ਸਿੰਘ ਵਾਸ਼ਿੰਗਟਨ
4 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਦੇ 117 ਉਮੀਦਵਾਰਾਂ ਦੀ ਚੋਣ ਲਈ ਪੰਜਾਬ ਦੇ ਵੋਟਰ ਆਪਣੇ ਵੋਟ ਦਾ ਹੱਕ ਇਸਤੇਮਾਲ ਕਰਨਗੇ।
ਬਾਦਲ ਸਰਕਾਰ ਦੇ 10 ਸਾਲ ਦੀ ਲਗਾਤਾਰਤਾ ਵਾਲੇ ਰਾਜ-ਕਾਜ ਵਿੱਚ, ਗੁੰਡਾਗਰਦੀ, ਡਰੱਗਜ਼, ਮਾਫੀਆ, ਗੈਂਗ ਕਲਚਰ, ਅਸੁਰੱਖਿਆ ਦਾ ਬੋਲਬਾਲਾ ਰਿਹਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ 100 ਤੋਂ ਵੱਧ ਘਟਨਾਵਾਂ, ਜਿਨ੍ਹਾਂ ਦੀ ਸ਼ੁਰੂਆਤ ਪਹਿਲੀ ਜੂਨ, 2015 ਤੋਂ ਹੋਈ, ਲਗਾਤਾਰਤਾ ਨਾਲ ਜਾਰੀ ਹਨ। ਬਹਿਬਲ ਕਲਾਂ ਗੋਲੀ ਕਾਂਡ, “ਸਰਬੱਤ ਖਾਲਸਾ” ’ਤੇ ਪਾਬੰਦੀ, “ਸਰਬੱਤ ਖਾਲਸਾ” ਵਿੱਚ ਸ਼ਾਮਲ ਹੋਣ ਵਾਲਿਆਂ ’ਤੇ ਦੇਸ਼ ਧ੍ਰੋਹ ਦੇ ਕੇਸ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ’ਤੇ ਮਾਰੂ ਹਮਲਾ, ਸੌਦਾ ਸਾਧ ਨੂੰ ‘ਬਿਨਾਂ ਮੰਗਿਆਂ ਮਾਫੀ’, ਜਥੇਦਾਰਾਂ ਵਲੋਂ ਮਾਫ ਕਰਨ ਦੀ ਕੋਝੀ ਚਾਲ, ਜਿਸ ਦਾ ਸਿੱਖ ਸੰਗਤਾਂ ਵਲੋਂ ਭਾਰੀ ਵਿਰੋਧ ਹੋਣ ’ਤੇ ਇਸ ਨੂੰ ਵਾਪਸ ਲੈਣਾ, ਪਰ ਦਾਗੀ ਤੇ ਬਦਨਾਮ ਜਥੇਦਾਰਾਂ ਨੂੰ ਉਵੇਂ ਹੀ ‘ਬਹਾਲ’ ਰੱਖਣਾ, ਕੁਝ ਕੁ ਇਸ ਬਾਦਲ ਰਾਜ ਦੀਆਂ ਸੁਗਾਤਾਂ ਹਨ, ਜਿਹੜੀਆਂ ਇਨ੍ਹਾਂ ਆਰ.ਐਸ.ਐਸ. ਦੇ ਪਿੱਠੂਆਂ ਨੇ ਪੰਥ ਦੀ ਝੋਲੀ ਪਾਈਆਂ। ਬਾਦਲ ਕੋੜਮੇ, ਇਨ੍ਹਾਂ ਦੀਆਂ ਗੁੰਡਾ ਗੈਂਗਾਂ, ਹਲਕਾ ਇੰਚਾਰਜਾਂ ਅਤੇ ਇਨ੍ਹਾਂ ਦੇ ਵਿਸ਼ਵਾਸਪਾਤਰਾਂ ਨੇ ਇਸ ਸਮੇਂ ਦੌਰਾਨ ਪੰਜਾਬ ਨੂੰ ਰੱਜ ਕੇ ਲੁੱਟਿਆ, ਕੁੱਟਿਆ, ਬੱਚੀਆਂ ਦੀਆਂ ਇੱਜ਼ਤਾਂ ਮਹਿਫੂਜ਼ ਨਹੀਂ ਰਹੀਆਂ ਅਤੇ ਇਨ੍ਹਾਂ ਦੀ ਮਲਕੀਅਤ ਵਾਲੀਆਂ ਬੱਸਾਂ ਨੇ ਕਈਆਂ ਨੂੰ ਦਰੜ ਕੇ ਮੌਤ ਦੇ ਘਾਟ ਉਤਾਰਿਆ। ਪੰਥਕ ਅਜ਼ਾਦੀ ਦੀ ਗੱਲ ਕਰਨ ਵਾਲਿਆਂ ਨੂੰ ਜੇਲ੍ਹਾਂ ਵਿੱਚ ਸੁੱਟ ਕੇ ਖਵਾਰ ਕੀਤਾ ਅਤੇ ਥਾਣਿਆਂ ਵਿੱਚ ਬੇਇੱਜ਼ਤ ਕੀਤਾ।
ਬਾਦਲ ਰਾਜ ਦੀਆਂ ਉਪਰੋਕਤ ਅਲਾਮਤਾਂ ਤੋਂ ਸਤੇ ਲੋਕਾਂ ਨੇ 2014 ਦੀਆਂ ਪਾਰਲੀਮਾਨੀ ਚੋਣਾਂ ਵਿੱਚ, ਭ੍ਰਿਸ਼ਟਾਚਾਰ ਵਿਰੋਧੀ ਸੁਰ ਅਲਾਪ ਕੇ ਮੈਦਾਨ ਵਿੱਚ ਉਤਾਰੀ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ 4 ਪਾਰਲੀਮੈਂਟ ਦੀਆਂ ਸੀਟਾਂ ’ਤੇ ਜਿੱਤ ਦਿਵਾਈ ਅਤੇ ਇਸ ਤਰ੍ਹਾਂ ਅਕਾਲੀ- ਭਾਜਪਾ ਗੱਠਜੋੜ ਅਤੇ ਕਾਂਗਰਸ ਤੋਂ ਬਾਅਦ, ਇਸ ਤੀਸਰੀ ਧਿਰ ਨੇ ਪੰਜਾਬ ਵਿੱਚ ਆਪਣੇ ਪੈਰ ਜਮਾਏ। ਇਸ ਨੂੰ ਪੰਥਕ ਧਿਰਾਂ ਦਾ ਫੇਲ੍ਹ ਹੋਣਾ ਨਾ ਕਿਹਾ ਜਾਏ ਤਾਂ ਹੋਰ ਕੀ ਕਿਹਾ ਜਾਏ ਕਿ ਇਨ੍ਹਾਂ ਨੇ ਸਿਰ-ਜੋੜ ਕੇ ਕਿਸੇ ਵਿਉਂਤਬੱਧ ਤਰੀਕੇ ਨਾਲ ਪੰਜਾਬ ਵਿੱਚ ਪੈਦਾ ਹੋਏ ਖਲ਼ਾਅ ਨੂੰ ਭਰਨ ਲਈ ਤੀਸਰਾ ਬਦਲ ਦੇਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਰੋਹ ਵਿੱਚ ਆਏ ਖਾਲਸਾ ਪੰਥ ਦੀ ਤਾਕਤ ਨੂੰ, ਜਿਵੇਂ ਕਿ ਸਰਬੱਤ ਖਾਲਸਾ ਵਿੱਚ ਲੱਖਾਂ ਸਿੱਖਾਂ ਦੀ ਸ਼ਮੂਲੀਅਤ ਕੋਈ ਛੋਟਾ ਕਰਿਸ਼ਮਾ ਨਹੀਂ ਸੀ, ਕੋਈ ਸਪੱਸ਼ਟ ਧਾਰਮਿਕ ਅਤੇ ਰਾਜਸੀ ਦਿਸ਼ਾ-ਨਿਰਦੇਸ਼ ਨਹੀਂ ਦੇ ਸਕੇ। ਪੰਜਾਬ ਦੇ ਕਾਫੀ ਲੋਕਾਂ ਨੇ ਬਾਦਲਾਂ ਤੋਂ ਖਹਿੜਾ ਛੁਡਾਉਣ ਦੀ ਪ੍ਰਬਲ ਭਾਵਨਾ ਦੇ ਤਹਿਤ, ਆਮ ਆਦਮੀ ਪਾਰਟੀ ਦਾ ਪੱਲਾ ਹੋਰ ਵੀ ਘੁੱਟ ਕੇ ਫੜ ਲਿਆ। ਇਸ ਅਮਲ ਵਿੱਚ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਪਰਦੇਸਾਂ ਵਿੱਚ ਬੈਠੇ ਜਾਗਰੂਕ ਸਿੱਖਾਂ ਦੇ ਇੱਕ ਤਬਕੇ ਨੇ ਵੀ ਵਿਸ਼ੇਸ਼ ਰੋਲ ਅਦਾ ਕੀਤਾ।
ਪੰਜਾਬ ਚੋਣਾਂ ਦਾ ਬਿਗਲ ਵੱਜਦਿਆਂ ਹੀ ਬਾਦਲ-ਭਾਜਪਾ ਗੱਠਜੋੜ ਨੇ ਵਿਕਾਸ ਦੇ ਨਾਂ ’ਤੇ ਵੋਟਾਂ ਮੰਗਣੀਆਂ ਸ਼ੁਰੂ ਕੀਤੀਆਂ ਜਦੋਂਕਿ ਕਾਂਗਰਸ ਅਤੇ ਆਪ ਪਾਰਟੀ ਨੇ ਬਾਦਲਾਂ ਦੇ ਗੁੰਡਾ ਰਾਜ ਦੇ ਖਾਤਮੇ ਅਤੇ ਭ੍ਰਿਸ਼ਟਾਚਾਰ ਰਹਿਤ ਸਰਕਾਰ ਦੇਣ ਨੂੰ ਚੋਣ ਮੁੱਦਾ ਬਣਾਇਆ। ਆਪ ਦੇ ਖਤਰੇ ਨੂੰ ਬਾਦਲ ਦਲ ਤੇ ਕਾਂਗਰਸ ਦੋਹਾਂ ਨੇ ‘ਭਾਂਪਿਆ’ ਅਤੇ ਦੋਸ਼ਾਂ ਅਤੇ ਜਵਾਬੀ ਦੋਸ਼ਾਂ ਦਾ ਸਿਲਸਿਲਾ ਸ਼ੁਰੂ ਹੋਇਆ। ਪਰ ਇਉਂ ਜਾਪਦਾ ਹੈ ਕਿ ਇਸ ਚੋਣ ਪ੍ਰਚਾਰ ਦੀ ‘ਸਿਖਰ’ ਖਾਲਿਸਤਾਨ ਦਾ ਮੁੱਦਾ ਹੀ ਬਣਾ ਦਿੱਤਾ ਗਿਆ, ਜਿਸ ਨੂੰ ਕਿ ਕੁਝ ਸਮਾਂ ਪਹਿਲਾਂ ਤੱਕ ਇਨ੍ਹਾਂ ਧਿਰਾਂ ਵਲੋਂ ‘ਡੈੱਡ ਇਸ਼ੂ’ ਕਿਹਾ ਜਾਂਦਾ ਸੀ। ਦਿਲਚਸਪ ਗੱਲ ਇਹ ਹੈ ਕਿ ਬਾਦਲ ਦਲ, ਭਾਜਪਾ ਤੇ ਕਾਂਗਰਸ ਵਲੋਂ ਸਿੱਧੇ-ਸਿੱਧੇ ਇਸ ਸਬੰਧੀ ਉਸ ਰਾਸ਼ਟਰੀ ਪਾਰਟੀ ’ਤੇ ਦੋਸ਼ ਲਾਏ ਜਾ ਰਹੇ ਹਨ, ਜਿਸ ਦੀ ਵੇਸ਼-ਭੂਸ਼ਾ ਗਾਂਧੀ ਟੋਪੀ ਅਤੇ ਮਾਰਗ-ਦਰਸ਼ਨ ਗਾਂਧੀ ਦੀ ਵਿਚਾਰਧਾਰਾ ਹੈ। ਇਸ ਪਾਰਟੀ ਨੂੰ ਦੇਸ਼ ਦੀ ਏਕਤਾ-ਅਖੰਡਤਾ ਬਹੁਤ ਅਜ਼ੀਜ਼ ਹੈ ਅਤੇ ਇਨ੍ਹਾਂ ਨੂੰ ਦੇਸ਼ ਦੀ ‘ਮੁੱਖ-ਧਾਰਾ’ ਵਿੱਚ ਰੱਬ ਨਾਲੋਂ ਵੀ ਜ਼ਿਆਦਾ ਵਿਸ਼ਵਾਸ ਹੈ।
ਰਾਹੁਲ ਗਾਂਧੀ ਅਤੇ ਕਾਂਗਰਸ ਨੂੰ ਕਿਸੇ ਦੀ ਤਬਦੀਲੀ ਹੋਣ ਦੀ ਸੂਰਤ ਵਿੱਚ ਪੰਜਾਬ, ਕਸ਼ਮੀਰ ਬਣਦਾ ਨਜ਼ਰ ਆਉਂਦਾ ਹੈ- ਜਿੱਥੇ ਕਿ 1980ਵਿਆਂ ਦੀ ਦਹਿਸ਼ਤਗਰਦੀ ਦਾ ਕਾਲਾ ਦੌਰ ਮੁੜ ਪਰਤ ਆਏਗਾ। ਨਰਿੰਦਰ ਮੋਦੀ, ਅਮਿਤ ਸ਼ਾਹ, ਰਾਜਨਾਥ ਸਿੰਘ, ਸਿਮ੍ਰਤੀ ਈਰਾਨੀ, ਬਾਦਲ ਨੂੰ ‘ਹਿੰਦੂ-ਸਿੱਖ ਏਕਤਾ’ ਦਾ ਮਸੀਹਾ ਕਰਾਰ ਦਿੰਦਿਆਂ ਫਿਕਰ ਜਤਾਉਂਦੇ ਹਨ ਕਿ ਜੇ ਅਕਾਲੀ-ਭਾਜਪਾ ਸਰਕਾਰ ਨਾ ਬਣੀ ਤਾਂ ਪੰਜਾਬ ਵਿੱਚ ਅਤਿਵਾਦ-ਮੁੜ ਸਿਰ ਚੁੱਕੇਗਾ। ਬਾਦਲ ਪਿਓ-ਪੁੱਤਰ, ਨੂੰਹ, ਸਾਲਾ ਤਾਂ ਦਿਨ ਰਾਤ ਇੱਕੋ ਹੀ ਰਾਗ ਅਲਾਪ ਰਹੇ ਹਨ ਕਿ ਬਾਹਰਲੇ ਖਾਲਿਸਤਾਨੀਆਂ ਨਾਲ ਆਪ ਦਾ ਗੱਠਜੋੜ ਹੈ, ਜਿਸ ਤਹਿਤ ਸ਼੍ਰੋਮਣੀ ਕਮੇਟੀ ਇਨ੍ਹਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ ਅਤੇ ਪੰਜਾਬ ਮੁੜ ਉਸ ਬਲਦੀ ਦੇ ਬੂਥੇ ਆ ਜਾਵੇਗਾ, ਜਿਸ ’ਚੋਂ “ਸਾਡੇ ਪਰਿਵਾਰ ਨੇ ਭਾਰੀ ਕੁਰਬਾਨੀਆਂ” ਕਰਕੇ, ਭੁੱਖੇ-ਪਿਆਸੇ ਰਹਿ ਕੇ ਕੱਢਿਆ ਹੈ। ਸੁਖਬੀਰ ਬਾਦਲ, ਹਰਸਿਮਰਤ ਕੌਰ ਨੂੰ ਤਾਂ ਅਖੰਡ ਕੀਰਤਨੀ ਜਥਾ (ਇੱਕ ਨਿਰੋਲ ਧਾਰਮਿਕ ਸੰਸਥਾ) ਵੀ ਬੱਬਰ ਖਾਲਸਾ ਇੰਟਰਨੈਸ਼ਨਲ ਦਾ ‘ਫਰੰਟ’ ਨਜ਼ਰ ਆਉਂਦਾ ਹੈ। ਸਰਬੱਤ ਖਾਲਸਾ, ਪੰਜ ਪਿਆਰਿਆਂ ਸਮੇਤ ਇਨ੍ਹਾਂ ਲਈ ਸਭ ਕੁਝ ਦਹਿਸ਼ਤਗਰਦੀ ਨਾਲ ਜੁੜਿਆ ਹੋਇਆ ਹੀ ਹੈ। ਦਿਲਚਸਪ ਗੱਲ ਇਹ ਹੈ ਕਿ ਆਪ ਪਾਰਟੀ ਕੋਈ ਖਾਲਿਸਤਾਨੀ ਸਰਗਰਮੀਆਂ ਜਾਂ ਖਾਲਿਸਤਾਨੀਆਂ ਦਾ ਬਚਾਅ ਨਹੀਂ ਕਰ ਰਹੀ, ਸਗੋਂ ਇਹ ਤਾਂ ਉਘੜਵੇਂ ਰੂਪ ਵਿੱਚ ਰਾਸ਼ਟਰਵਾਦੀ ਅਤੇ ਗਾਂਧੀਵਾਦੀ ਪਾਰਟੀ ਹੈ ਪਰ ਫਿਰ ਵੀ ਪੰਜਾਬ ਵਿੱਚ ਖਾਲਿਸਤਾਨ ਦਾ ਹਊਆ ਦੀ ਚੋਣ-ਪ੍ਰਚਾਰ ਦੀ ਸਿਖਰ ਹੋ ਨਿੱਬੜਿਆ ਹੈ।
ਸਿੱਖ ਕੌਮ ਦੇ ਰੋਹ ਅਤੇ ਪੰਜਾਬ ਦੇ ਵੋਟਾਂ ਦੇ ਮਿਜ਼ਾਜ਼ ਨੂੰ ਭਾਂਪਦਿਆਂ ਬਾਦਲਕਿਆਂ ਨੇ ਖਾਲਸਾ ਪੰਥ ਅਤੇ ਅਕਾਲ ਤਖਤ ਵੱਲ ਪੂਰੀ ਤਰ੍ਹਾਂ ਪਿੱਠ ਕਰ ਰਹੀ ਹੈ। ਮੌੜ ਮੰਡੀ ਵਿਚਲੇ ਅਖੌਤੀ ਬੰਬ-ਧਮਾਕੇ (ਜਿਸ ਵਿੱਚ 6 ਬੇਗੁਨਾਹ, ਮਾਸੂਮਾਂ ਦੀਆਂ ਜਾਨਾਂ ਗਈਆਂ) ਨੂੰ ਵੀ ਇਸੇ ਪ੍ਰਸੰਗ ਵਿੱਚ ਵੇਖਿਆ ਜਾਣਾ ਚਾਹੀਦਾ ਹੈ। ਇਸ ਬੰਬ ਧਮਾਕੇ ਦੀ ਆੜ ਵਿੱਚ, ਜਿੱਥੇ ਸਾਰੀਆਂ ਉਪਰੋਕਤ ਧਿਰਾਂ ਨੇ ਇਸ ਨੂੰ ਖਾਲਿਸਤਾਨੀਆਂ ਦੇ ਖਾਤੇ ਵਿੱਚ ਪਾਇਆ, ਉਥੇ ਇਸ ਧਮਾਕੇ ਨਾਲ ਉਨ੍ਹਾਂ ਨੇ ਸੌਦਾ ਸਾਧ ਦੇ ਚੇਲਿਆਂ ਵਿੱਚ ਵਾਪਰੇ ਖੌਫ ਦੇ ਵਰਤਾਰੇ ’ਚੋਂ ਉਨ੍ਹਾਂ ਦੀ ‘ਹਮਾਇਤ’ ਵੀ ਹਾਸਲ ਕੀਤੀ। ਜ਼ਿਕਰਯੋਗ ਹੈ ਕਿ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਕਾਂਗਰਸੀ ਉਮੀਦਵਾਰ ਹਰਮਿੰਦਰ ਜੱਸੀ ਜੋ ਕਿ ਸੌਦਾ ਸਾਧ ਦਾ ਕੁੜਮ ਹੈ। ਬੰਬ ਧਮਾਕੇ ਦੇ 24 ਘੰਟੇ ਦੇ ਵਿੱਚ-ਵਿੱਚ ਸੌਦਾ ਸਾਧ ਦੇ ਡੇਰੇ ਵਲੋਂ ਆਪਣੇ ਚੇਲੇ-ਚੇਲੀਆਂ ਨੂੰ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦਾ ਆਦੇਸ਼ ਦਿੱਤਾ ਗਿਆ। ਉਸ ਤੋਂ ਅਗਲੀ ਸ਼ਾਮ ਬਠਿੰਡੇ ਦੇ ਇੱਕ ਵੱਡੇ ਬੈਂਕੁਇਟ ਹਾਲ ਵਿੱਚ ਅਕਾਲੀਆਂ ਤੇ ਸੌਦਾ ਸਾਧ ਦੇ ਚੇਲਿਆਂ ਦਾ ਸਾਂਝਾ ਇਕੱਠ ਹੋਇਆ। ਇਸ ਇਕੱਠ ਵਿੱਚ ਜ਼ਿਲ੍ਹਾ ਬਠਿੰਡਾ ਤੇ ਜ਼ਿਲ੍ਹਾ ਮਾਨਸਾ ਦੇ ਉਮੀਦਵਾਰ ਹਾਜ਼ਰ ਸਨ। ਬਾਦਲ ਦੇ ਲੰਬੀ ਹਲਕੇ ਤੋਂ ਬਾਦਲ ਦੇ ਨੁਮਾਇੰਦੇ ਹਾਜ਼ਰ ਸਨ। ਇਸ ਮੌਕੇ ਅਕਾਲੀ ਵਜ਼ੀਰਾਂ ਅਤੇ ਉਮੀਦਵਾਰਾਂ ਨੇ ਅਕਾਲ ਤਖਤ ਦੇ ਸੌਦਾ ਸਾਧ ਦੇ ਖਿਲਾਫ 2007 ਦੇ ਗੁਰਮਤੇ ਦੀਆਂ ਜਨਤਕ ਤੌਰ ’ਤੇ ਧੱਜੀਆਂ ਉਡਾਈਆਂ। ਸਿੱਖ ਕੌਮ ਦੇ ਜ਼ਖਮਾਂ ’ਤੇ ਮਣਾਂ-ਮੂੰਹੀਂ ਲੂਣ ਸੁੱਟਦਿਆਂ ਐਲਾਨ ਕੀਤਾ, ‘ਧੰਨ ਸਤਿਗੁਰੂ ਰਾਮ ਰਹੀਮ ਤੇਰਾ ਹੀ ਆਸਰਾ’। ਅਸੀਂ ਬਹੁਤ ਜਲਦੀ ਤੁਹਾਡੇ ਸਹਿਯੋਗ ਨਾਲ ਪੰਜਾਬ ਵਿੱਚ ਤੁਹਾਡੇ ਡੇਰੇ ’ਤੇ ਸਤਿਸੰਗ ਕਰਵਾਵਾਂਗੇ।
ਤੁਸੀਂ ਅਮਨ ਦੇ ਪੁਜਾਰੀ ਹੋ। ਸਾਡੇ ਕਿਸੇ ਅਕਾਲੀ ਲੀਡਰ ਨੇ ਕਦੀ ਤੁਹਾਡੇ ਖਿਲਾਫ ਕੁਝ ਨਹੀਂ ਕਿਹਾ। ਪੰਜਾਬ ਵਿੱਚ ਅੱਤਵਾਦੀ, ਪੰਜਾਬ ਦੀ ਸ਼ਾਂਤੀ ਨੂੰ ਮੁੜ ਭੰਗ ਕਰਨਾ ਚਾਹੁੰਦੇ ਹਨ। ਸਾਡੀ ਆਪਸੀ ਸਾਂਝ ਨਾਲ ਪੰਜਾਬ ਅੱਗੋਂ ਇੱਕ ਵੱਡੀ ਤਬਾਹੀ ਤੋਂ ਬਚ ਗਿਆ ਹੈ….’
ਪਾਠਕਜਨ! 1920ਵਿਆਂ ’ਚ ਅਕਾਲ ਤਖਤ ਦੀ ਛਤਰਛਾਇਆ ਹੇਠ ਹੋਂਦ ਵਿੱਚ ਆਏ ਅਕਾਲੀ ਦਲ ਦਾ ਹੁਣ ਮੁਕੰਮਲ ਭੋਗ ਪੈ ਗਿਆ ਹੈ ਅਤੇ ਇਹ ਸੌਦਾ ਸਾਧ ਅਤੇ ਹਿੰਦੂਤਵੀਆਂ ਦੇ ਪੈਰਾਂ ਵਿੱਚ ਬੈਠੇ ਹਨ। ਅਨੰਦਪੁਰ ਸਾਹਿਬ ਦੇ ਮਤੇ ਵਿੱਚ ਰਾਜਸੀ ਨਿਸ਼ਾਨਾ ‘ਖਾਲਸਾ ਜੀ ਕੇ ਬੋਲਬਾਲੇ’ ਮੰਨਣ ਵਾਲੇ ਅਕਾਲੀ ਦਲ ਨੇ ਹੁਣ ‘ਸੌਦਾ ਸਾਧ ਤੇ ਆਰ. ਐਸ. ਐਸ. ਦੇ ਬੋਲਬਾਲੇ’ ਦੀ ਸਹੁੰ ਚੁੱਕ ਲਈ ਹੈ। ਇਨ੍ਹਾਂ ਨੇ ਕੌਮੀ ਅਜ਼ਾਦੀ ਖਾਲਿਸਤਾਨ ਦੇ ਸ਼ਬਦ ਨੂੰ ਗੰਧਲਾ ਤੇ ਬਦਨਾਮ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਦਿੱਤਾ ਹੈ। ਕੀ ਅਜੇ ਵੀ 30 ਮਿਲੀਅਨ ਸਿੱਖ ਕੌਮ, ਭੰਬਲਭੂਸੇ ਦਾ ਸ਼ਿਕਾਰ ਰਹੇਗੀ ਜਾਂ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਇਨ੍ਹਾਂ ਸ਼ਬਦਾਂ ’ਤੇ ਗੌਰ ਫੁਰਮਾਏਗੀ – ‘ਸ਼ਹੀਦਾਂ ਦਾ ਖੂਨ ਪੀ ਕੇ, ਨਰਕਧਾਰੀਆਂ ਨੂੰ ਬਾਪੂ ਕਹਿ ਕੇ, ਕੇਸਰੀ ਨਿਸ਼ਾਨ ਦੀ ਦੁਰਵਰਤੋਂ ਕਰਕੇ, ਜਿਹੜਾ ਆਪਣੀ ਕੁਰਸੀ ਕਾਇਮ ਰੱਖਣਾ ਚਾਹੁੰਦਾ ਹੈ, ਖਾਲਸਾ ਜੀ! ਉਸ ਨੂੰ ਤੁਸੀਂ ਪਛਾਨਣਾ।
Related Topics: Arvind Kejriwal, Captain Amrinder Singh Government, DR. Amarjeet Singh Washington, Khalistan issue, Khalistan Movement, Parkash Singh Badal, Punjab Elections 2017 (ਪੰਜਾਬ ਚੋਣਾਂ 2017), Punjab Polls 2017, Simranjeet Singh Mann, sukhbir singh badal