July 4, 2023 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – ਇਹਨਾਂ ਦਿਨਾਂ ‘ਚ ਕੈਲੇਫੋਰਨੀਆ ਵਿੱਚ ਇੱਕ ਬਿੱਲ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਵਿੱਚ ਜਾਤ ਨੂੰ ਲੈ ਕੇ ਕੋਈ ਕਿਸੇ ਨਾਲ ਵਿਤਕਰਾ ਨਹੀਂ ਕਰ ਸਕਦਾ। ਕੁਝ ਸਮਾਂ ਪਹਿਲਾਂ ਇੱਥੋਂ ਦੀਆਂ ਕੰਪਿਊਟਰ ਅਤੇ ਆਈ ਟੀ ਕੰਪਨੀਆਂ ਵਿੱਚ ਭਾਰਤ ਉੱਚ ਜਾਤੀ ਖ਼ਾਸ ਕਰ ਬ੍ਰਾਹਮਣ ਵੱਲੋਂ ਨੀਵੇਂ ਸਮਝੀਆਂ ਜਾਤੀਆਂ ਖ਼ਾਸ ਕਰ ਦਲਿਤ ਭਾਈਚਾਰੇ ਨਾਲ ਵਿਤਕਰੇ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
ਇਸ ਮਸਲੇ ਨੂੰ ਗੰਭੀਰਤਾ ਨਾਲ ਲੈਦੇ ਹੋਏ ਰਾਜ ਦੀ ਸੈਨੇਟਰ ਆਈਸ਼ਾ ਵਹਾਬ ਨੇ ਇੱਕ ਬਿੱਲ ਪੇਸ਼ ਕੀਤਾ ਜਿਸ ਨਾਲ ਨੌਕਰੀਆਂ ਵਿੱਚ ਇਹ ਵਿਤਕਰਾ ਕਰਣ ਵਾਲੇ ਨੂੰ ਸਜ਼ਾ ਮਿਲ ਸਕੇਗੀ। ਸੈਨੇਟ ਵਿੱਚ ਇਹ ਬਿੱਲ 34-1 ਵੋਟਾਂ ਨਾਲ ਪਾਸ ਹੋ ਗਿਆ ਹੈ ਅਤੇ ਇਹ ਬਿੱਲ ਅਸੈਂਬਲੀ ਚੋ ਪਾਸ ਹੋਣਾ ਬਾਕੀ ਹੈ।
ਕੈਲੇਫੋਰਨੀਆਂ ਵਿੱਚ ਵਸਦੇ ਸਿੱਖਾਂ ਵੱਲੋਂ ਵੀ ਦਲਿਤ ਅਤੇ ਭਾਰਤ ਦੀਆਂ ਹੋਰ ਘੱਟ-ਗਿਣਤੀਆਂ ਨਾਲ ਹੁੰਦੇ ਇਸ ਵਿਤਕਰੇ ਤੇ ਜਾਤ ਵਿਰੋਧੀ ਬਿੱਲ ਦੀ ਹਮਾਇਤ ਕੀਤੀ ਹੈ।
ਕੈਲੇਫੋਰਨੀਆਂ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਅਤੇ ਸੰਸਥਾਵਾਂ ਇਸ ਬਿੱਲ ਦੀ ਹਮਾਇਤ ਤੇ ਉੱਤਰ ਆਈਆਂ ਹਨ।
ਜਕਾਰਾ ਦੇ ਭਾਈ ਨੈਣਦੀਪ ਸਿੰਘ ਨੇ ਕਿਹਾ ਕਿ ਸਿੱਖ ਸਿਧਾਂਤ ਦੀ ਨਜ਼ਰ ਵਿੱਚ ਅਸੀਂ ਜਾਤੀ ਵਿਤਕਰਾ ਕਰਣ ਵਾਲੀ ਕੌਮ ਨਾਲ ਨਹੀਂ ਖੜ੍ਹ ਸਕਦੇ। ਉਹਨਾਂ ਨੇ ਅਫ਼ਸੋਸ ਪ੍ਰਗਟ ਕੀਤਾ ਕਿ ਕੁੱਝ ਸ਼ਰਾਰਤੀ ਅਨਸਰਾਂ ਨੇ ਯੂਬਾ ਸਿਟੀ ਦੇ ਕੁਝ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਬਿੱਲ ਦੇ ਵਿਰੁੱਧ ਗੁੰਮਰਾਹ ਕਰਕੇ ਇਸ ਬਿੱਲ ਦੀ ਵਿਰੋਧਤਾ ਕਰਵਾਈ ਗਈ ਸੀ ਪਰ ਅੱਜ ਸਾਰੇ ਗੁਰਦੂਆਰਿਆਂ ਦੇ ਪ੍ਰਬੰਧਕਾਂ ਨੇ ਇਕੱਠੇ ਹੋ ਕੇ ਇਸ ਬਿੱਲ ਦੀ ਹਮਾਇਤ ਕਰਣ ਦਾ ਫੈਸਲਾ ਲਿਆ ਹੈ।
Related Topics: End Caste System, Sikhs in California