November 23, 2010 | By ਸਿੱਖ ਸਿਆਸਤ ਬਿਊਰੋ
ਵੀਹਵੀਂ ਸਦੀ ਦੇ ਆਰੰਭਕ ਦੌਰ ਅੰਦਰ ਭਾਰਤੀ ਸਮਾਜ ਦੇ ਅੱਡ-ਅੱਡ ਵਰਗਾਂ ਅੰਦਰ ਆਜ਼ਾਦੀ ਦੀਆਂ ਉਮੰਗਾਂ ਤੇ ਭਾਵਨਾਵਾਂ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਸੀ। ਅੱਡ-ਅੱਡ ਵਰਗਾਂ ਦੇ ਚਿੰਤਨਸ਼ੀਲ ਹਿੱਸੇ, ਆਪੋ-ਆਪਣੇ ਵਰਗ ਦੇ ਹੱਕਾਂ/ਹਿਤਾਂ ਦੀ ਰਾਖੀ ਤੇ ਪ੍ਰਾਪਤੀ ਲਈ ਰਾਜਸੀ ਪ੍ਰੋਗਰਾਮਾਂ ਦੇ ਨਕਸ਼ ਘੜਨ ਤੇ ਅਮਲੀ ਨੀਤੀਆਂ ਦੇ ਖਾਕੇ ਉਲੀਕਣ ਦੇ ਆਹਰੇ ਜੁੱਟ ਗਏ ਸਨ। ਹਿੰਦੂ ਵਰਗ ਅੰਦਰ ਇਹ ਅਮਲ ਸਭ ਤੋਂ ਅਗੇਤਾ ਸ਼ੁਰੂ ਹੋਇਆ। ਕਾਰਨ ਇਹ ਕਿ ਇਕ ਤਾਂ ਮੁਸਲਿਮ ਰਾਜ ਦੇ ਖਾਤਮੇ ਨਾਲ ਹਿੰਦੂ ਵਰਗ ਨੂੰ, ਲੰਮੀ ਮੁੱਦਤ ਬਾਅਦ, ਆਪਣੀ ਵਿਚਾਰਧਾਰਾ ਦੇ ਬੋਰੋਕ-ਟੋਕ ਪਸਾਰੇ ਲਈ ਖੁੱਲ੍ਹਾ ਮੌਕਾ ਤੇ ਮੈਦਾਨ ਨਸੀਬ ਹੋਇਆ। ਦੂਜਾ, ਵੋਟ ਪਰਣਾਲੀ ’ਤੇ ਆਧਾਰਿਤ ਬਰਤਾਨਵੀ ਰਾਜਪ੍ਰਬੰਧ ਦੇ ਨਵੀਨ ਢਾਂਚੇ ਅੰਦਰ, ਹਿੰਦੂ ਬਹੁਗਿਣਤੀ ਵਰਗ ਨੂੰ ਰਾਜਭਾਗ ’ਤੇ ਕਾਬਜ਼ ਹੋਣ ਦਾ ਲੁਭਾਉਣਾ ਮੌਕਾ ਸਾਹਮਣੇ ਦਿਖਾਈ ਦੇਣ ਲੱਗਾ। ਭਾਰਤ ਅੰਦਰ ਆਪਣੀ ਰਾਜਸੀ ਤੇ ਸਭਿਆਚਾਰਕ ਸਰਦਾਰੀ ਸਥਾਪਤ ਕਰਨ ਦੀ ਹਸਰਤ ਨੇ ਉਸ ਨੂੰ ਵੱਧ ਚਾਅ ਉਤਸ਼ਾਹ ਨਾਲ ਰਾਜਸੀ ਸਰਗਰਮੀ ਦੇ ਰਾਹੇ ਪਾਇਆ। ਪੱਛਮੀ ਵਿਦਿਆ ਤੇ ਸਭਿਆਚਾਰ ਦੇ ਪ੍ਰਭਾਵ ਹੇਠ ਹਿੰਦੂ ਤਬਕੇ ਦੇ ਚਿੰਤਨਸ਼ੀਲ ਹਿੱਸਿਆਂ ਅੰਦਰ ਨਵੀਂ ਚੇਤਨਾ ਜਾਗੀ। ਉਨ੍ਹਾਂ ਉਤੇ ਪੱਛਮ ਦੇ ਜਮਹੂਰੀ ਵਿਚਾਰਾਂ ਦਾ ਤਕੜਾ ਪ੍ਰਭਾਵ ਪਿਆ ਜਿਸ ਨਾਲ ਪੜ੍ਹੇ-ਲਿਖੇ ਹਿੰਦੂ ਵਰਗ ਅੰਦਰ ਪੁਨਰ-ਜਾਗਰਤੀ ਵਰਗੀ ਲਹਿਰ ਦਾ ਆਗਾਜ਼ ਹੋਇਆ। ਪਰ ਇਸ ਪੁਨਰ-ਜਾਗਰਤੀ ਦਾ ਤੱਤ ਤੇ ਸ਼ੈਲੀ (ਪੈਟਰਨ) ਧਾਰਮਿਕ ਸੀ। ਇਸ ਦੇ ਅਗਵਾਨੂੰ ਇਕੋ ਸਮੇਂ ਹਿੰਦੂ ਧਰਮ ਦਾ ਕਾਇਆ-ਕਲਪ ਕਰਕੇ ਇਸ ਉਤੇ ਨਵਾਂ ਜੋਬਨ ਚਾੜ੍ਹਨ ਅਤੇ ਹਿੰਦੂ ਜਨਤਾ ਨੂੰ ਰਾਜਸੀ ਤੌਰ ’ਤੇ ਉਭਾਰਨ ਦੇ ਜੁੜਵੇਂ ਕਾਰਜਾਂ ਨੂੰ ਸੰਬੋਧਨ ਹੋ ਰਹੇ ਸਨ। ਬ੍ਰਹਮੋ-ਸਮਾਜ ਦਾ ਬਾਨੀ ਰਾਜਾ ਰਾਮ ਮੋਹਨ ਰਾਇ ਇਸ ਹਿੰਦੂ ਸੁਧਾਰ ਲਹਿਰ ਦਾ ਸੰਸਥਾਪਕ ਮੰਨਿਆ ਜਾ ਸਕਦਾ ਹੈ। ਉਸ ਵੱਲੋਂ 1818 ਵਿਚ ਆਪਣੇ ਇਕ ਦੋਸਤ ਨੂੰ ਲਿਖੇ ਖਤ ’ਚੋਂ ਇਸ ਹਿੰਦੂ ਸੁਧਾਰ ਲਹਿਰ ਦੇ ਤੱਤ ਤੇ ਉਦੇਸ਼ਾਂ ਬਾਰੇ ਚੋਖੀ ਜਾਣਕਾਰੀ ਮਿਲ ਜਾਂਦੀ ਹੈ। ਉਸ ਨੇ ਲਿਖਿਆ, ‘‘ਹਿੰਦੂ ਧਰਮ ਦੇ ਜਿਸ ਸਰੂਪ ਨੂੰ ਜ਼ਿਆਦਾਤਰ ਲੋਕ ਮੰਨ ਰਹੇ ਹਨ, ਉਹ ਹਿੰਦੂ ਵਰਗ ਦੇ ਰਾਜਸੀ ਹਿਤਾਂ ਦੇ ਵਧਾਰੇ ਲਈ ਮੁਆਫਕ ਨਹੀਂ। ਜਾਤ-ਪਾਤ ਦੇ ਵੰਡ-ਵਖਰੇਵਿਆਂ ਨੇ ਉਨ੍ਹਾਂ ’ਚੋਂ ਦੇਸ ਪ੍ਰੇਮ ਦੀਆਂ ਭਾਵਨਾਵਾਂ ਖਤਮ ਕਰ ਛੱਡੀਆਂ ਹਨ। ਮੇਰੇ ਖਿਆਲ ’ਚ ਉਨ੍ਹਾਂ ਦੇ ਧਰਮ ਅੰਦਰ ਕੁਝ ਸੁਧਾਰ ਲਾਜ਼ਮੀ ਹਨ, ਘੱਟੋ ਘੱਟ ਉਨ੍ਹਾਂ ਦੇ ਰਾਜਸੀ ਫਾਇਦੇ ਤੇ ਸਮਾਜੀ ਸੁਖ-ਚੈਨ ਲਈ ਹੀ ਸਹੀ।’’(20) ਮਤਲਬ ਸਾਫ ਹੈ ਕਿ ਹਿੰਦੂ ਧਰਮ ਸੁਧਾਰ ਅਤੇ ਪੁਨਰ-ਜਾਗਰਤੀ ਦਾ ਮੁੱਖ ਉਦੇਸ਼ ‘‘ਹਿੰਦੂ ਵਰਗ ਦੇ ਰਾਜਸੀ ਹਿਤਾਂ ਨੂੰ ਅੱਗੇ ਵਧਾਉਣਾ’’ ਸੀ। ਇਹ ਪੁਨਰ-ਜਾਗਰਣ ਇੱਕ ਰੂਪ ਨਹੀਂ ਸੀ। ਇਸ ਅੰਦਰ ਕਈ ਵੰਨਗੀਆਂ ਸਨ। ਇਕ ਧਾਰਾ ਅਜਿਹੀ ਸੀ ਜੋ ‘‘ਹਿੰਦੂ ਵਰਗ ਦੇ ਰਾਜਸੀ ਫਾਇਦਿਆਂ’’ ਦੇ ਨੁਕਤਾ-ਨਜ਼ਰ ਤੋਂ ਹੀ, ਹੋਰਨਾਂ ਧਾਰਮਿਕ ਵਰਗਾਂ ਨੂੰ ਨਾਲ ਲੈ ਕੇ ਚੱਲਣ ਦੀ ਧਾਰਨਾ ਰੱਖਦੀ ਸੀ। ਬਿਪਨ ਚੰਦਨ ਪਾਲ ਦਾ ‘ਸੰਯੁਕਤ ਕੌਮਵਾਦ’ ਦਾ ਫਲਸਫਾ ਇਸੇ ਸੋਚਣੀ ਦੀ ਉਪਜ ਸੀ ਜੋ ਹਿੰਦੂਆਂ ਤੇ ਮੁਸਲਮਾਨਾਂ (ਜਿੰਨ੍ਹਾਂ ਦੀ ਬੰਗਾਲ ਅੰਦਰ ਚੋਖੀ ਤਾਕਤ ਸੀ) ਨੂੰ ਆਪੋ-ਆਪਣੀ ਧਾਰਮਿਕ ਪਛਾਣ ਕਾਇਮ ਰਖਦਿਆਂ ਹੋਇਆਂ ‘‘ਸਾਂਝੇ ਕੌਮੀ ਆਦਰਸ਼’’ ਲਈ ਰਲ ਕੇ ਕੰਮ ਕਰ ਦੀ ਪ੍ਰੇਰਨਾ ਦਿੰਦਾ ਸੀ।(21) ਉਦਾਰਦਿਲ ਦਿਖਾਈ ਦੇਣ ਵਾਲੇ ਇਸ ਹਿੰਦੂਵਾਦੀ ਪੈਂਤੜੇ ਦਾ ਉਦੇਸ਼, ਹੋਰਨਾਂ ਧਾਰਮਿਕ ਫਿਰਕਿਆਂ ਨੂੰ (ਸਮੇਤ ਮੁਸਲਮਾਨਾਂ ਦੇ), ਸਹਿਜੇ ਸਹਿਜੇ ਹਿੰਦੂ ਸਮਾਜ ਅੰਦਰ ਜਜ਼ਬ ਕਰਨ ਲੈਣਾ ਸੀ। ਇਸ ਦੇ ਉਲਟ, ਹਿੰਦੂ ਕੱਟੜਵਾਦੀ ਧਾਰਾ (ਜਿਸ ਦੀ ਨੁਮਾਇੰਦਗੀ ਹਿੰਦੂ ਮਹਾਂ ਸਭਾ ਤੇ ਰ.ਸ.ਸ. ਕਰਦੀਆਂ ਸਨ) ਹਿੰਦੂ ਸਮਾਜ ਅੰਦਰ ‘‘ਗੈਰ-ਭਾਰਤੀ’’ ਧਾਰਮਿਕ ਤੱਤਾਂ (ਮੁਸਲਮਾਨਾਂ ਤੇ ਈਸਾਈਆਂ) ਨੂੰ ਜਜ਼ਬ ਕਰਨ ਦੇ ਸਖਤ ਖਿਲਾਫ ਸੀ। ਹਾਂ, ਬੁੱਧ, ਜੈਨ ਤੇ ਸਿੱਖ ਧਰਮ ਪ੍ਰਤੀ ਇਸ ਦੀ ਧਾਰਨਾ ਵੱਖਰੀ ਸੀ। ਇਨ੍ਹਾਂ ‘‘ਭਾਰਤੀ ਮੂਲ’’ ਦੇ ਧਰਮਾਂ ਨੂੰ ਹਿੰਦੂਵਾਦ ਦੇ ਹੀ ਅੰਗ ਸਮਝਣ ਕਰਕੇ, ਇਹ ਹਿੰਦੂ ਕੱਟੜਵਾਦੀ ਧਾਰਾ, ਇਨ੍ਹਾਂ ਨੂੰ ਮੁੜ ਆਪਣੀ ਲਪੇਟ ਵਿਚ ਲੈਣ ਦੀ ਨੀਤ ਅਤੇ ਨੀਤੀ ਦੀ ਧਾਰਨੀ ਸੀ। (ਪੰਜਾਬ ਅੰਦਰ ਹਿੰਦੂ ਮਹਾਂ ਸਭਾ ਵੱਲੋਂ ਸਿੱਖਾਂ ਨਾਲ ਸਹਿਯੋਗ ਦੀ ਨੀਤੀ ਪਿੱਛੇ ਇਹੀ ਯੁੱਧਨੀਤਕ ਧਾਰਨਾ ਕੰਮ ਕਰਦੀ ਸੀ।)
ਹਿੰਦੂ ਸੁਧਾਰਕਾਂ ਤੇ ਉਨ੍ਹਾਂ ਦੇ ਪੈਰੋਕਾਰਾਂ ਦੀ ਸੋਚ ਇਹ ਸੀ ਕਿ ਸਿਰਫ ਹਿੰਦੂ ਵਿਚਾਰਧਾਰਾ ਹੀ ਪੱਛਮ ਦੇ ਤਤਕਾਲੀਨ ਸਭਿਆਚਾਰਕ ਤੇ ਰਾਜਸੀ ਹੱਲੇ ਦਾ ਮੁਕਾਬਲਾ ਕਰ ਸਕਦੀ ਹੈ। ਉਨ੍ਹਾਂ ਦਾ ਇਹ ਵੀ ਯਕੀਨ ਸੀ ਕਿ ਇਹ ਹਿੰਦੂ ਵਿਚਾਰਧਾਰਾ ਹੀ ਹੈ ਜੋ ਭਾਰਤ ਦੀ ਵਿਸ਼ਾਲ ਲੋਕਾਈ ਨੂੰ ਇਕਜੁੱਟ ਕਰਨ ਅਤੇ ਉਨ੍ਹਾਂ ਨੂੰ ਰਾਜਸੀ ਸਰਗਰਮੀ ਲਈ ਉਭਾਰਨ ਵਿਚ ਸਹਾਈ ਹੋ ਸਕਦੀ ਹੈ। ਇਸ ਲਈ, ਉਨ੍ਹਾਂ ਹਿੰਦੂ ਵਰਗ ਅੰਦਰ ਆਪਣੇ ਪੁਰਾਤਨ ਫਲਸਫੇ ਤੇ ਸੰਸਕ੍ਰਿਤੀ ਦੀ ਮਹਾਨਤਾ ਦੇ ਵਿਚਾਰ ਤੇ ਭਾਵਨਾਵਾਂ ਪ੍ਰਫੁੱਲਤ ਕਰਨ ਲਈ ਉਚੇਚੇ ਯਤਨ ਕੀਤੇ। ਉਹ ‘‘ਹਿੰਦੂ ਕੌਮ ਦੇ ਨੀਂਦ ਤੋਂ ਜਾਗਣ’’ ਅਤੇ ਆਪਣੀ ‘‘ਦੈਵੀ ਪਰਬੀਨਤਾ’’ ਨਾਲ ‘‘ਤਰੱਕੀ ਦੀਆਂ ਮੰਜ਼ਿਲਾਂ ਸਰ ਕਰਨ’’ ਬਾਰੇ ਪੂਰੇ ਆਸਵੰਦ ਸਨ। ਉਨ੍ਹਾਂ ਦਾ ਨਿਸ਼ਚਾ ਸੀ ਕਿ ‘‘ਹਿੰਦੂ ਕੌਮ ਆਪਣੇ ਰੂਹਾਨੀ ਤੇ ਸਭਿਆਚਾਰਕ ਗਿਆਨ ਨਾਲ ਦੁਨੀਆਂ ਨੂੰ ਮੁੜ ਰੁਸ਼ਨਾਏਗੀ’’ ਅਤੇ ਸਾਰੇ ਸੰਸਾਰ ਉਤੇ ‘‘ਹਿੰਦੂ ਕੌਮ ਦੇ ਗੌਰਵ ਤੇ ਸ਼ਾਨ ਦਾ ਛਤਰ ਝੂਲੇਗਾ।’’(22) ਸਵਾਮੀ ਸਰਸਵਤੀ ਦਯਾਨੰਦ ਨੇ ਹਿੰਦੂਆਂ ਨੂੰ ਆਪਣੇ ਪੁਰਾਤਨ ਸਭਿਆਚਾਰ, ਵੇਦਾਂ ’ਤੇ ਆਧਾਰਤ ਪੁਰਾਤਨ ਧਰਮ (ਜਿਸ ਨੂੰ ਉਹ ‘‘ਕੌਮੀ ਮਜ੍ਹਬ’’ ਦਾ ਨਾਂ ਦਿੰਦਾ ਸੀ’) ਅਤੇ ਆਪਣੀ ਪੁਰਾਤਨ ਭਾਸ਼ਾ (ਸੰਸਕ੍ਰਿਤ ਜਿਸ ਨੂੰ ਉਹ ‘‘ਕੌਮੀ ਭਾਸ਼ਾ’’ ਕਹਿੰਦਾ ਸੀ) ਨਾਲ ਜੁੜਨ ਲਈ ਪਰੇਰਿਆ। ਉਸ ਦਾ ਅਕੀਦਾ ਸੀ ਕਿ ਹਿੰਦੂ ਧਰਮ ਤੇ ਸੰਸਕ੍ਰਿਤੀ ਦੀ, ਇਸਲਾਮ ਤੇ ਈਸਾਈਅਤ ਤੋਂ ਰੱਖਿਆ ਲਈ, ਹਿੰਦੂ ਧਰਮ ਨੂੰ ਭਾਰਤ ਦੇ ‘‘ਕੌਮੀ ਮਜ੍ਹਬ’’ ਵਜੋਂ ਉਭਾਰਨ ਤੇ ਇਸ ਨੂੰ ਹਿੰਦੂ ਕੌਮ ਦੀ ਬੁਨਿਆਦ ਬਣਾਏ ਜਾਣ ਦੀ ਲੋੜ ਹੈ।(23) ‘ਹਿੰਦੂ ਮਹਾਂ ਸਭਾ’ ਵਰਗੇ ਕੱਟੜ ਹਿੰਦੂ ਦਲ ਭਾਰਤ ਦੀ ਧਰਤੀ ਨੂੰ ‘‘ਓਪਰੇ ਮਾਦੇ’’ (ਭਾਵ ਈਸਾਈਆਂ ਤੇ ਮੁਸਲਮਾਨਾਂ) ਤੋਂ ਮੁਕਤ ਕਰਵਾਉਣ ਦੇ ਨੰਗੇ ਫਿਰਕੂ ਉਦੇਸ਼ਾਂ ਦਾ ਖੁੱਲ੍ਹਾ ਪ੍ਰਚਾਰ ਕਰ ਰਹੇ ਸਨ। ਬਾਲ ਗੰਗਾਧਰ ਤਿਲਕ, ਬਿਪਨ ਚੰਦਰ ਪਾਲ, ਲਾਲਾ ਲਾਜਪਤ ਰਾਇ, ਮਦਨ ਮੋਹਨ ਮਾਲਵੀਆ, ਗੋਪਾਲ ਕ੍ਰਿਸ਼ਨ ਗੋਖਲੇ ਤੇ ਮੋਹਨ ਦਾਸ ਕਰਮ ਚੰਦ ਗਾਂਧੀ ਵਰਗੇ ਕਾਬਲ ਤੇ ਬਾਰਸੂਖ ਹਿੰਦੂ ਲੀਡਰ, ਕਾਂਗਰਸ ਦੇ ਮੰਚ ਤੋਂ ਹਿੰਦੂ ਪੁਨਰਵਾਦ ਨੂੰ ਹੁਲਾਰਾ ਤੇ ਸ਼ਕਤੀ ਮੁਹੱਈਆ ਕਰ ਰਹੇ ਸਨ।(24) ਇਸ ਤੱਥ ਨੂੰ ਸਮਝਣਾ ਬਹੁਤ ਹੀ ਮਹੱਤਵਪੂਰਨ ਹੈ ਕਿ ਕਾਂਗਰਸ ਪਾਰਟੀ ਵੱਲੋਂ ਅਪਣਾਈ ਵਿਚਾਰਧਾਰਕ ਸੇਧ ਦਾ ਉਦੇਸ਼ ਭਾਰਤੀ ਲੋਕਾਂ ਦੇ ਮਨਾਂ ਅੰਦਰ ‘‘ਇਕ ਜੁੱਟ ਭਾਰਤੀ ਕੌਮ’’ ਦੇ ਵਿਚਾਰ ਨੂੰ ਮਜ਼ਬੂਤੀ ਬਖਸ਼ਣਾ ਅਤੇ ਉਨ੍ਹਾਂ ਅੰਦਰ ‘‘ਭਾਰਤੀ ਕੌਮਵਾਦ’’ ਦਾ ਜਜ਼ਬਾ ਉਭਾਰਨਾ ਸੀ। ਇਹ ਜਜ਼ਬਾ, ਭਾਰਤ ਦੀ ਆਜ਼ਾਦੀ ਦੀ ਲੜਾਈ ਅੰਦਰ ਕਾਂਗਰਸੀ ਆਗੂਆਂ ਦਾ ਪ੍ਰਮੁੱਖ ਵਿਚਾਰਧਾਰਕ ਹਥਿਆਰ ਸੀ।
ਇਥੇ ਇਹ ਜਾਨਣਾ ਜ਼ਰੂਰੀ ਹੈ ਕਿ ‘‘ਭਾਰਤੀ ਕੌਮਵਾਦ’’ ਤੋਂ ਕਾਂਗਰਸੀ ਆਗੂਆਂ ਦੀ ਮੁਰਾਦ ਕੀ ਸੀ? ਕੀ ਇਹ ਇਕ ਅਸਲੋਂ ਹੀ ਅਫਿਰਕੂ (ਸੈਕੂਲਰ) ਸੰਕਲਪ ਸੀ ਜਾਂ ਹਿੰਦੂ ਕੌਮਪ੍ਰਸਤੀ ਦੀ ਫਿਰਕੂ ਧਾਰਨਾ ਦਾ ਹੀ ਬਦਲਵਾਂ ਰੂਪ ਸੀ? ਅਤੇ ਇਸ ਦਾ ਭਾਰਤੀ ਸਮਾਜ ਅੰਦਰਲੇ ਵੱਖ-ਵੱਖ ਧਾਰਮਿਕ ਵਰਗਾਂ ਦੀ ਜ਼ਿੰਦਗੀ ਨਾਲ ਕੀ ਰਿਸ਼ਤਾ ਸੀ? ਇਨ੍ਹਾਂ ਅਹਿਮ ਸਿਧਾਂਤਕ ਸੁਆਲਾਂ ਬਾਰੇ ਗਹਿਰੀ ਤੇ ਭਰਵੀਂ ਸਮਝ ਹੀ ਭਾਰਤ ਦੇ ਆਜ਼ਾਦੀ ਅੰਦੋਲਨ ਦੇ ਹਕੀਕੀ ਖਾਸੇ ਨੂੰ ਸਮਝਣ ’ਚ ਸਹਾਈ ਹੋ ਸਕਦੀ ਹੈ। ਇਸ ਕਰਕੇ ਇਥੇ ਇਸ ਮਸਲੇ ਨੂੰ ਥੋੜ੍ਹਾ ਵਿਸਥਾਰ ਤੇ ਡੂੰਘਾਈ ’ਚ ਵਿਚਾਰਨਾ ਜ਼ਰੂਰੀ ਹੈ।
ਹਵਾਲੇ ਅਤੇ ਟਿੱਪਣੀਆਂ:
20. quoted in Gurtej Singh, Tandav of Centaur, p. 40
21. Ram Narayan Kumar, op. cit., p.349
22. Raj Narain Bose, quoted in Ajit Singh Sarhadi, op. cit., p.8
23. Ajit Singh Sarhadi, op. cit., p. 10
Related Topics: Ajmer Singh, Sikh Politics of Twentieth Century