June 27, 2023 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ- ਪੰਥ ਸੇਵਕ ਸਖਸ਼ੀਅਤਾਂ ਵਲੋਂ 28 ਜੂਨ ਨੂੰ ਮੀਰੀ ਪੀਰੀ ਦਿਵਸ ‘ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤਰਤਾ ਸੱਦੀ ਗਈ ਹੈ। ਇਹਨਾਂ ਪੰਥ ਸੇਵਕ ਜੁਝਾਰੂ ਸਖਸ਼ੀਅਤਾਂ ਵਲੋਂ ਪਿਛਲੇ ਸਮੇਂ ਤੋਂ ਪੰਥ ਅੰਦਰਲੇ ਵੱਖ-ਵੱਖ ਹਿੱਸਿਆਂ ਨਾਲ ਗੋਸ਼ਟੀਆਂ ਰਚਾਈਆਂ ਗਈਆ ਅਤੇ ਵਿਚਾਰ ਵਟਾਂਦਰੇ ਕੀਤੇ ਗਏ ਸਨ।
ਪੰਥ ਸੇਵਕ ਸਖਸ਼ੀਅਤਾਂ ਵਲੋਂ ਵਿਸ਼ਵ ਸਿੱਖ ਇਕੱਤਰਤਾ ਸਬੰਧੀ ਕੁਝ ਦਸਤਾਵੇਜ਼ ਵੀ ਜਾਰੀ ਕੀਤੇ ਗਏ ਹਨ। ਇਹਨਾਂ ਦਸਤਾਵੇਜ਼ਾਂ ਦੇ ਮੁਤਾਬਕ ਕਾਨਫਰੰਸ ਜਾਂ ਰੈਲੀ ਜਾਂ ਮੌਜੂਦਾ ਇਕੱਠਾਂ ਦੀ ਤਰ੍ਹਾਂ ਇਹ ਇਕੱਤਰਤਾ ਨਹੀਂ ਬੁਲਾਈ ਜਾ ਰਹੀ, ਬਲਕਿ ਇਸਦੀ ਸਾਰੀ ਕਾਰਵਾਈ ਸਿੱਖਾਂ ਦੀ ਪੁਰਾਤਨ ਰਵਾਇਤ ਗੁਰਮਤੇ ਮੁਤਾਬਿਕ ਹੋਵੇਗੀ।
ਜਿਕਰਯੋਗ ਹੈ ਕਿ ਪੁਰਾਤਨ ਵੇਲਿਆਂ ਵਿਚ ਵੀ ਸਿੱਖ ਆਪਣੇ ਫੈਸਲੇ ਗੁਰਮਤੇ ਰਾਹੀਂ ਕਰਦੇ ਰਹੇ ਹਨ ਅਤੇ ਗੁਰਮਤਿ ਅਨੁਸਾਰ ਵੀ ਇਹੀ ਪ੍ਰਵਾਨ ਹੈ। ਪਿਛਲੇ ਸਮਿਆਂ ਤੋਂ ਸਿੱਖਾਂ ਨੇ ਗੁਰਮਤੇ ਕਰਨੇ ਛੱਡ ਦਿੱਤੇ ਅਤੇ ਫ਼ੈਸਲੇ ਲੈਣ, ਆਗੂ ਚੁਨਣ ਲਈ ਵੋਟਾਂ ਵਾਲਾ ਤਰੀਕਾ ਅਪਣਾਈ ਰੱਖਿਆ ਸੀ। ਜਿਸ ਵਜ੍ਹਾ ਕਰਕੇ ਹਰ ਮੁਹਿੰਮ ਵਿਚ ਸਿੱਖਾਂ ਨੂੰ ਹਾਰਾਂ ਹੋਈਆਂ ਹਨ ਅਤੇ ਆਪਸੀ ਫੁੱਟ ਵੀ ਵੋਟਾਂ ਵਾਲੇ ਤਰੀਕੇ ਵੱਧ ਗਈ ਹੈ। ਔਖੇ ਸਮਿਆਂ ਨੂੰ ਮਹਿਸੂਸ ਕਰਦਿਆਂ ਇਹਨਾਂ ਸਖਸ਼ੀਅਤਾਂ ਨੇ ਗੁਰਮਤਾ ਸੋਧਣ ਦੀ ਰਵਾਇਤ ਨੂੰ ਮੁੜ 100 ਸਾਲਾਂ ਤੋਂ ਵੀ ਵੱਧ ਸਮੇਂ ਬਾਅਦ ਸੁਰਜੀਤ ਕਰਨ ਦਾ ਉਪਰਾਲਾ ਕੀਤਾ ਹੈ।
ਇਸ ਇਕੱਤਰਤਾ ਦਾ ਦੀਵਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਨੇੜੇ ਪੰਜ ਪਿਆਰਾ (ਖੰਡਾ) ਪਾਰਕ ਅਤੇ ਕਿਲਾ ਅਨੰਦਗੜ੍ਹ ਦੇ ਦਰਮਿਆਨ ਸਜੇਗਾ ।
Related Topics: Miri Piri Divas, Panth Sewak, Sri Anadpur Sahib, Vishav Sikh Ikatarta