ਖਾਸ ਖਬਰਾਂ » ਸਿੱਖ ਖਬਰਾਂ

ਦਲ ਖ਼ਾਲਸਾ ਵੱਲੋਂ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ

June 1, 2023 | By

ਚੰਡੀਗੜ੍ਹ :  ਦਲ ਖਾਲਸਾ ਵੱਲੋਂ ਜੂਨ 1984 ਵਿੱਚ ਦਰਬਾਰ ਸਾਹਿਬ ਅਤੇ ਹੋਰ ਸਿੱਖ ਗੁਰਦੁਆਰਿਆਂ ‘ਤੇ ਫੌਜੀ ਹਮਲੇ ਦੀ 39ਵੀਂ ਵਰ੍ਹੇਗੰਢ ਮੌਕੇ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਹੈ।

ਜਥੇਬੰਦੀ ਦੇ ਕਾਰਕੁਨਾਂ ਨੇ ਜੂਨ 1984 ਦੇ ਪਹਿਲੇ ਹਫ਼ਤੇ ਵਾਪਰੇ ਘੱਲੂਘਾਰੇ ਦੀ ਵਰ੍ਹੇਗੰਢ ਦੇ ਮੱਦੇਨਜ਼ਰ ਪੂਰੇ ਸ਼ਹਿਰ ਵਿਚ ਬੋਰਡ ਅਤੇ ਪੋਸਟਰ ਲਗਾਏ ਹਨ। ਪਾਰਟੀ ਕਾਰਜ-ਕਰਤਾਵਾਂ ਨੇ ਰਾਹਗੀਰਾਂ ਨੂੰ ਪੈਂਫ਼ਲਿਟ ਦੇਕੇ ਬੰਦ ਨੂੰ ਕਾਮਯਾਬ ਕਰਨ ਲਈ ਉਹਨਾਂ ਦਾ ਸਹਿਯੋਗ ਮੰਗਿਆ ਹੈ।

ਪਾਰਟੀ ਦੇ ਸੀਨੀਅਰ ਆਗੂ ਭਾਈ ਕੰਵਰਪਾਲ ਸਿੰਘ ਨੇ ਦੱਸਿਆ ਕਿ ਦਲ ਖ਼ਾਲਸਾ ਵੱਲੋਂ 5 ਜੂਨ ਨੂੰ ਸ਼ਾਮ 5 ਵਜੇ ਘੱਲੂਘਾਰਾ ਯਾਦਗਾਰੀ ਮਾਰਚ ਕੱਢਿਆ ਜਾਵੇਗਾ। ਮਾਰਚ ਬੁਰਜ ਅਕਾਲੀ ਫੂਲਾ ਸਿੰਘ ਤੋਂ ਸ਼ੁਰੂ ਹੋ ਕੇ ਸੁਲਤਾਨਵਿੰਡ ਰੋਡ ਹੁੰਦਾ ਹੋਇਆ ਗੁਰਦੁਆਰਾ ਸ਼ਹੀਦਾਂ ਤੋਂ ਹਾਲ ਬਾਜ਼ਾਰ ਲੰਘਦਾ ਹੋਇਆ ਦਰਬਾਰ ਸਾਹਿਬ ਤੱਕ ਜਾਵੇਗਾ।

ਉਨ੍ਹਾਂ ਕਿਹਾ ਕਿ ਭਾਰਤੀ ਰਾਜ ਨੇ ਪੰਜਾਬ ਦੀ ਰਾਜਨੀਤਕ ਸਮੱਸਿਆ ਦਾ ਹੱਲ ਫੌਜੀ ਤਾਕਤ ਨਾਲ ਲੱਭਣ ਦੀ ਕੋਸ਼ਿਸ਼ ਕੀਤੀ ਸੀ ਅਤੇ ਅੱਜ ਤੱਕ ਭਾਰਤ ਦੀ ਪਹੁੰਚ ਸਿੱਖ-ਵਿਰੋਧੀ ਹੀ ਹੈ। ਉਨ੍ਹਾਂ ਮੰਗ ਕੀਤੀ ਕਿ ਫੌਜੀ ਹਮਲੇ ਨਾਲ ਸਬੰਧਤ ਸਰਕਾਰੀ ਫਾਈਲਾਂ ਜਨਤਕ ਕੀਤੀਆਂ ਜਾਣ। ਉਹਨਾਂ ਕਾਂਗਰਸ ਦੇ ਨਾਲ-ਨਾਲ ਭਾਜਪਾ ਅਤੇ ਕਮਿਊਨਿਸਟ ਪਾਰਟੀਆਂ ਨੂੰ ਇਸ ਹਮਲੇ ਲਈ ਜ਼ੁੰਮੇਵਾਰ ਦਸਿਆ, ਜਿਨਾਂ ਨੇ ਉਸ ਵੇਲੇ ਦੀ ਭਾਰਤੀ ਹਕੂਮਤ ਨੂੰ ਫ਼ੌਜੀ ਹਮਲੇ ਲਈ ਉਤੇਜਿਤ ਕੀਤਾ।

ਉਹਨਾ ਕਿਹਾ ਕਿ ਸਿੱਖ ਕੌਮ ਦੇ ਧਾਰਮਿਕ ਅਸਥਾਨਾਂ, ਕੌਮੀ ਸਵੈਮਾਨ ਅਤੇ ਗ਼ੈਰਤ ਤੇ ਹੋਏ ਇਸ ਫ਼ੌਜੀ ਹਮਲੇ ਦੀ ਚੀਸ ਸੱਜਰੀ ਹੈ ਅਤੇ ਕੌਮ ਨੇ ਹਮਲਾਵਰ ਧਿਰ ਨੂੰ ਮੁਆਫ਼ ਨਹੀ ਕੀਤਾ। ਉਹਨਾਂ ਕਿਹਾ ਕਿ ਘੱਲੂਘਾਰੇ ਦੇ ਸ਼ਹੀਦਾਂ ਦੀ ਸੋਚ ਅਤੇ ਸੰਘਰਸ਼ ਨੂੰ ਜਿੱਤ ਤਕ ਜਾਰੀ ਰੱਖਣ ਦਾ ਫਰਜ ਉਹ ਨਿਭਾਉਣਗੇ।

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਬੰਦ ਦੇ ਸੱਦੇ ਦਾ ਮਕਸਦ ਸੈਂਕੜੇ ਬੇਕਸੂਰ ਸ਼ਰਧਾਲੂਆਂ ਦੇ ਕਤਲ, ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਅਨਮੋਲ ਪਵਿੱਤਰ ਗ੍ਰੰਥਾਂ, ਹੱਥ-ਲਿਖਤਾਂ ਅਤੇ ਕਲਾ ਤੱਥਾਂ ਦੀ ਲੁੱਟ ਦੇ ਖਿਲਾਫ ਰੋਸ ਪ੍ਰਗਟਾਉਣਾ ਸੀ। ਦਰਬਾਰ ਸਾਹਿਬ ਸਮੂਹ ਅੰਦਰ ਭਾਰਤੀ ਸੁਰੱਖਿਆ ਬਲਾਂ ਦੁਆਰਾ ਮਾਰੇ ਗਏ ਸਾਰੇ ਲੋਕਾਂ ਨੂੰ ਸ਼ਰਧਾਂਜਲੀ ਦੇਣ ਦੇ ਨਾਲ-ਨਾਲ ਇਸ ਘਿਨਾਉਣੇ ਹਮਲੇ ਦੇ ਦਰਦ ਅਤੇ ਪੀੜਾ ਦਾ ਅਹਿਸਾਸ ਕਰਨਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਸੱਦਾ ਸਿਰਫ਼ ਹਰ ਤਰਾਂ ਦੇ ਵਪਾਰਕ ਤੇ ਵਿਦਿਅਕ ਅਦਾਰਿਆਂ ਨੂੰ ਬੰਦ ਕਰਨ ਹੈ ਅਤੇ ਆਵਾਜਾਈ ਵਿੱਚ ਕੋਈ ਰੁਕਾਵਟ ਨਹੀਂ ਹੋਵੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਬੰਦ ਦੌਰਾਨ ਮੈਡੀਕਲ ਸੇਵਾਵਾਂ ਅਤੇ ਆਵਾਜਾਈ ਖੁੱਲ੍ਹੀ ਰਹੇਗੀ। ਉਨ੍ਹਾਂ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਾਰੋਬਾਰੀ ਅਦਾਰੇ ਬੰਦ ਰੱਖ ਕੇ ਸਿੱਖ ਕੌਮ ਦੀ ਇਸ ਪੀੜ ਵਿੱਚ ਸ਼ਾਮਿਲ ਹੋਣ।

ਉਹਨਾਂ ਅੰਮ੍ਰਿਤਸਰ ਦੀ ਗੈਰ-ਸਿੱਖ ਅਬਾਦੀ ਨੂੰ ਸਿੱਖ ਭਾਈਚਾਰੇ ਦਾ ਦਰਦ ਸਾਂਝਾ ਕਰਨ ਅਤੇ ਆਪਣੇ ਵਪਾਰਕ ਅਦਾਰੇ ਬੰਦ ਕਰਕੇ ਇਕਮੁੱਠਤਾ ਦਾ ਪ੍ਰਗਟਾਵਾ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਉਹਨਾਂ ਨਾਲ ਪਰਮਜੀਤ ਸਿੰਘ ਟਾਂਡਾ, ਗੁਰਪ੍ਰੀਤ ਸਿੰਘ, ਗੁਰਨਾਮ ਸਿੰਘ ਹਰਪ੍ਰੀਤ ਸਿੰਘ, ਆਦਿ ਸ਼ਾਮਿਲ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,