ਲੇਖ

ਸਿੱਖ ਘੱਲੂਘਾਰੇ 1984 ਦੀ ਸਾਂਝੀ ਅਰਦਾਸ , ਅਹਿਸਾਸ ਅਤੇ ਪੀੜਾ ਦਾ ਰੂਪਕ “ ਸਰੋਂ ਦਾ ਪੀਲ਼ਾ ਫੁੱਲ “

November 3, 2022 | By

ਸੰਸਾਰ ਦੇ ਵੱਖੋ ਵੱਖ ਸੱਭਿਆਚਾਰਾਂ ਵਿੱਚ ਗੂੜ੍ਹੇ ਫਿੱਕੇ ਪੀਲ਼ੇ ਰੰਗਾਂ ਦੇ ਖਾਸ ਮਾਅਨੇ ਸਮਝੇ ਜਾਂਦੇ ਹਨ । ਪੀਲ਼ੇ ਰੰਗ ਦੀਆਂ ਅੱਡੋ-ਅੱਡ ਵੰਨਗੀਆਂ ਨੂੰ ਸ਼ਾਂਤੀ , ਸ਼ੋਕ, ਦ੍ਰਿੜਤਾ , ਬਹਾਦਰੀ, ਉੰਮੀਦ, ਨਿੱਘ, ਊਰਜਾ, ਆਸ , ਭਰੋਸੇ, ਚੇਤਨਤਾ, ਵਿੱਦਵਤਾ, ਸੱਜਰੀ ਬਸੰਤ, ਚਾਨਣ, ਜੀਵੰਤ ਅਤੇ ਚੜਦੀ ਕਲਾ ਦੇ ਅਰਥ ਹਾਸਿਲ ਹਨ ।

ਨਸਲਕੁਸ਼ੀ ਹੰਡਾ ਚੁੱਕੇ ਵੱਖੋ ਵੱਖ ਸੱਭਿਆਚਾਰਾਂ, ਕੌਮਾਂ ਅਤੇ ਧਰਮਾਂ ਨੇ ਆਪਣੇ ਸ਼ਹੀਦਾਂ ਦੀ ਸਾਲਾਨਾ ਯਾਦ ਲਈ ਵੱਖੋ ਵੱਖ ਰੂਪਕ ਸਥਾਪਿਤ ਕੀਤੇ ਹਨ । ਸਿੱਖ ਕੌਮ ਵੀ ਆਪਣੇ 600 ਸਾਲ ਦੇ ਥੋੜੇ ਜਿਹੇ ਸਮੇਂ ਵਿੱਚ ਹੀ ਤਿੰਨ ਘੱਲੂਘਾਰਿਆਂ ਵਿੱਚੋਂ ਲੰਘ ਚੁੱਕੀ ਹੈ । ਮੌਜੂਦਾ ਨਸਲਕੁਸ਼ੀ 1980 ਤੋਂ 1990 ਦੇ ਦਹਾਕੇ ਵਿੱਚ ਵਾਪਰੀ ਜਿਸਦਾ ਸਿਖਰ ਨਵੰਬਰ 1984 ਦਾ ਕਤਲੇਆਮ ਸੀ ।

ਸਰੋਂ ਦਾ ਬੂਟਾ ਅਤੇ ਇਸਦੇ ਪੀਲ਼ੇ ਫੁੱਲ ਸਦਾ ਤੋਂ ਸਿੱਖਾਂ ਦੀ ਜੱਦੀ ਭੋਇੰ , ਪੰਜਾਬ (ਹੁਣ ਦਾ ਚੜਦਾ ਪੰਜਾਬ ) ਨੂੰ ਦ੍ਰਿਸ਼ਟਮਾਨ ਕਰਦਾ ਹੈ ਅਤੇ ਪੰਜਾਬੀ ਲੋਕ-ਗਾਥਾ ਅਤੇ ਗੀਤਾਂ ਵਿੱਚ ਮੁਕਾਮੀ ਥਾਂ ਰੱਖਦਾ ਹੈ । ਪਰ 1980 ਦੇ ਦਹਾਕੇ ਵਿੱਚ ਸਰੋਂ ਦੇ ਖੇਤ ਸਿੱਖ ਗੱਭਰੂਆਂ ਦੇ ਖਾੜਕੂ ਸੰਘਰਸ਼ ਦੇ ਪਿੜ ਅਤੇ ਝੂਠੇ ਮੁਕਾਬਲਿਆਂ ਰਾਹੀਂ ਕਤਲਗਾਹ ਬਣ ਗਏ ।

ਮੈਂ ਇਹ ਮਹਿਸੂਸ ਕਰਦਾਂ ਹਾਂ ਕਿ ਸਰੋਂ ਦਾ ਪੀਲ਼ਾ ਫੁੱਲ ਕੌਮ ਦੇ ਮੌਜੂਦਾ ਘੱਲੂਘਾਰੇ ਦੀ ਸਾਂਝੀ ਪੀੜ , ਅਹਿਸਾਸ ਅਤੇ ਅਰਦਾਸ ਦਾ ਰੂਪਕ ਹੈ । ਇਸ ਫੁੱਲ ਵਿੱਚੋਂ ਪੰਜਾਬ ਦਿਸਦਾ ਹੈ, ਪਿੰਡ ਤੇ ਖੇਤ ਦਿਸਦੇ ਹਨ, ਸਿੱਖ ਕਿਸਾਨ ਦਿਸਦਾ ਹੈ, ਸਿੱਖਾਂ ਦਾ ਬੁਲੰਦ ਇਤਿਹਾਸ ਦਿਸਦਾ ਹੈ । ਫੁੱਲ ਦਾ ਪੀਲ਼ਾ ਰੰਗ ਪੰਜਾਬ ਅਤੇ ਸਿੱਖਾਂ ਦੇ ਮਾਣਮੱਤੇ ਇਤਿਹਾਸ ਨੂੰ ਚਿੰਨ੍ਹਿਤ ਕਰਦਾ , ਸਾਡੀ ਜੁਝਾਰੂ ਬਿਰਤੀ, ਬਹਾਦਰੀ, ਦਲੇਰੀ, ਵਿਦਵਤਾ, ਸ਼ਾਂਤੀ ਅਤੇ ਚੜ੍ਹਦੀ ਕਲਾ ਦੇ ਗੁਣਾਂ ਨੂੰ ਦਰਸਾਉਂਦਾ ਹੈ । ਇਹ ਰੰਗ ਭਰੋਸੇ , ਸਵੈ-ਮਾਣ , ਥਵਾਕ, ਭਰਦੇ ਜ਼ਖ਼ਮਾਂ, ਨਰੋਏਪਣ , ਅੜਨ, ਵੱਧਣ ਅਤੇ ਜੀਵਨ ਦੇ ਨਵੀਨ ਝਲਕਾਰਿਆਂ ਦਾ ਰਾਹ ਦਸੇਰਾ ਹੈ ।

ਇਹ ਸਰੋਂ ਦਾ ਪੀਲ਼ਾ ਫੁੱਲ ਮੈਂ #SikhGenocide ਨੂੰ ਯਾਦ ਕਰਦਿਆਂ, ਸੰਘਰਸ਼ ਵਿੱਚ ਸ਼ਹੀਦ ਹੋ ਗਏ , ਅਤੇ ਕਤਲੇਆਮ ਵਿੱਚ ਵਿੱਛੜ ਗਿਆਂ ਤੇ ਪੀੜਤਾਂ ਨੂੰ ਸ਼ਰਧਾਂਜਲੀ ਅਰਪਣ ਕਰਨ ਹਿਤ ਚਿਤਰਿਆ ਹੈ ।
ਅਸੀਂ ਦ੍ਰਿੜ੍ਹ ਹੋ ਕੇ , ਮਜ਼ਲੂਮ ਬਿਰਤੀ ਤਿਆਗ ਕੇ ਨਿੱਤ ਨਰੋਏ ਹੋ ਰਹੇ ਹਾਂ । ਆਪਣੇ ਵਡੇਰਿਆਂ ਦੀਆਂ ਬਾਤਾਂ ਤੇ ਕਥਾਵਾਂ ਨੂੰ ਹਿਰਦੇ ਵਿੱਚ ਵਸਾ ਕੇ ਨਵੀਆਂ ਵਾਟਾਂ ਦੇ ਰਾਹੀ ਹਾਂ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,