January 18, 2010 | By ਸਿੱਖ ਸਿਆਸਤ ਬਿਊਰੋ
ਮੈਲਬੌਰਨ (18 ਜਨਵਰੀ 2010): ਪਿਛਲੇ ਦਿਨੀਂ ਨਿਊਜ਼ੀਲੈਂਡ ਦੀ ਰਹਿਣ ਵਾਲੀ ਸਿੱਖ ਬੀਬੀ ਸ਼ੁਭਨੀਤ ਕੌਰ ਅਤੇ ਉਨ੍ਹਾਂ ਦੇ 2 ਸਾਲਾ ਸਪੁੱਤਰ ਨੂੰ ਕਾਲੀ ਸੂਚੀ ਦੀ ਆੜ ਹੇਠ ਭਾਰਤ ਤੋਂ ਨਿਊਜ਼ੀਲੈਂਡ ਵਾਪਿਸ ਭੇਜ ਕੇ ਭਾਰਤ ਸਰਕਾਰ ਨੇ ਸਿੱਖਾਂ ਦੇ ਜਖਮਾ ਨੂੰ ਮੁੜ ਕੁਰੇਦਿਆ ਹੈ। ਇਹ ਮਨੁੱਖੀ ਅਧਿਕਾਰਾਂ ਦਾ ਘਾਣ ਹੈ ਅਤੇ ਕਿਸੇ ਬੇਦੋਸ਼ੇ ਨੂੰ ਗਲਤ ਇਲਜ਼ਾਮ ਲਗਾ ਕੇ ਇਸ ਤਰ੍ਹਾਂ ਦੀ ਕਾਰਵਾਈ ਕਰਨੀ ਅਤਿ ਮੰਦਭਾਗੀ ਹੈ। ਇਹ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਿੱਖ ਫੇਡਰੇਸ਼ਨ ਆਫ ਆਸਟ੍ਰੇਲੀਆ ਦੇ ਆਗੂਆਂ ਨੇ ਕਿਹਾ ਕਿ ਨਿਰਦੋਸ਼ ਬੀਬੀ ਨੂੰ ਮਾਨਸਿਕ ਤੇ ਆਰਥਿਕ ਤੌਰ ਤੇ ਪਰੇਸ਼ਾਨ ਕਰਨ, ਕਾਨੂੰ ਦੀਆਂ ਧੱਜੀਆਂ ਉਡਾਉਣ ਅਤੇ ਸਿੱਖਾਂ ਦਾ ਅਪਮਾਨ ਕਰਨ ਵਾਲੇ ਦੋਸ਼ੀਆਂ ਨੂੰ ਤੁਰੰਤ ਸਜ਼ਾ ਦਿੱਤੀ ਜਾਵੇ ।
ਮੈਲਬੌਰਨ ਤੋਂ ਪ੍ਰਧਾਨ ਸ: ਜਸਪ੍ਰੀਤ ਸਿੰਘ, ਸਕੱਤਰ ਸ: ਹਰਕੀਰਤ ਸਿੰਘ ਅਜਨੋਹਾ, ਖਜ਼ਾਨਚੀ ਸ: ਸੁਖਰਾਜ ਸਿੰਘ ਸੰਧੂ, ਸਾਊਥ ਆਸਟ੍ਰੇਲੀਆ ਤੋਂ ਸ: ਅਜੀਤ ਸਿੰਘ, ਸ: ਰੁਪਿੰਦਰ ਸਿੰਘ ਨੇ ਕਿਹਾ ਕਿ ਇਹ ਬੀਬੀ ਪਿਛਲੇ ਸਾਲਾਂ ਵਿੱਚ ਪੰਜਾਬ ਗੇੜਾ ਮਾਰ ਚੁੱਕੀ ਹੈ ਅਤੇ ਇੱਕ ਘਰੇਲੂ ਸਿੱਖ ਬੀਬੀ ਹੈ, ਉਸ ਕੋਲ ਭਾਰਤ ਆਣ ਜਾਣ ਦਾ ਵੀਜ਼ਾ ਵੀ ਸੀ ਪਰ ਉਸ ਤੇ ਇਹ ਗਲਤ ਇਲਜ਼ਾਮ ਲਾਉਣੇ ਬਿਲਕੁਲ ਠੀਕ ਨਹੀਂ। ਭਾਰਤੀ ਸੰਵਿਧਾਨ ਵਿੱਚ ਸੱਤ ਸਾਲ ਤੋਂ ਛੋਟੇ ਬੱਚੇ ਨੂੰ ਕਿਸੇ ਵੀ ਤਰ੍ਹਾਂ ਦਾ ਅਪਰਾਧੀ ਨਹੀਂ ਮੰਨਿਆਂ ਜਾਂਦਾ ਪਰ ਇਸ ਦੋ ਸਾਲ ਦੇ ਬੱਚੇ ਨੁੰ ਉਨ੍ਹਾਂ ਅਪਰਾਧੀ ਸਿੱਧ ਕਰਕੇ ਆਪ ਹੀ ਭਾਰਤੀ ਕਾਨੂੰਨ ਦਾ ਮਜ਼ਾਕ ਉਡਾਇਆ ਹੈ।ਉਨ੍ਹਾਂ ਕਿਹਾ ਕਿ ਸਾਰਾ ਸਿੱਖ ਜਗਤ ਇਸ ਮੰਦਭਾਗੀ ਕਾਰਵਾਈ ਨਾਲ ਚਿੰਤਤ ਹੈ ਅਤੇ ਹਿੰਦੋਸਤਾਨ ਦੇ ਸਿੱਖ ਪ੍ਰਧਾਨ ਮੰਤਰੀ ਤੋਂ ਮੰਗ ਕਰਦਾ ਹੈ ਕਿ ਕਾਲੀਆਂ ਸੂਚੀਆਂ ਜਲਦ ਤੋਂ ਜਲਦ ਖਤਮ ਕੀਤੀਆਂ ਜਾਣ।
Related Topics: New Zealand, Sikh Federation of Australia