September 22, 2019 | By ਸਿੱਖ ਸਿਆਸਤ ਬਿਊਰੋ
ਨਿਊਯਾਰਕ: ਅਮਰੀਕਾ ਦੇ ਪੂਰਬੀ ਤਟ (ਈਸਟ ਕੋਸਟ) ਦੀਆਂ ਸਿੱਖ ਜਥੇਬੰਦੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਯੂਨਾਇਟਡ ਨੇਸ਼ਨਜ਼ (ਯੂ.ਨੇ.) ਆਮ ਸਭਾ ਦੇ ਸਲਾਨਾ ਇਜਲਾਸ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਮਰੀਕਾ ਆਉਣਾ ਹੈ ਅਤੇ ਇਸ ਫੇਰੀ ਕਾਮਯਾਬ ਬਣਾਉਣ ਦੇ ਮਕਸਦ ਨਾਲ ਇਮਰਾਨ ਖਾਨ ਦਾ ਖਾਸ ਸਹਾਇਕ ਅਤੇ ਕੈਬਿਨੇਟ ਮੰਤਰੀ ਜ਼ੁਲਫੀ ਬੁਖਾਰੀ ਅਮਰੀਕਾ ਦੇ ਦੌਰੇ ‘ਤੇ ਹੈ।
ਇਸ ਦੌਰਾਨ ਨਿਊਯਾਰਕ ਦੇ ਅਲੀ ਬਾਬਾ ਰੈਸਤੋਰਾਂ ਵਿਖੇ ਓਵਰਸੀਜ਼ ਪਾਕਿਸਤਾਨੀਜ਼ ਗਲੋਬਲ ਫਾਊਂਡੇਸ਼ਨ ਵੱਲੋਂ ਜ਼ੁਲਫੀ ਬੁਖਾਰੀ ਨਾਲ ਇੱਕ ਮਿਲਣੀ ਦਾ ਪ੍ਰਬੰਧ ਕੀਤਾ ਗਿਆ ਜਿੱਥੇ ਈਸਟ ਕੋਸਟ ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦਿਆਂ ਦਾ ਇੱਕ ਵਫਦ ਜ਼ੁਲਫੀ ਬੁਖਾਰੀ ਨੂੰ ਮਿਲਿਆ ਅਤੇ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਲਈ ਪਾਕਿਸਤਾਨ ਦਾ ਧੰਨਵਾਦ ਕੀਤਾ ਅਤੇ ਪਾਕਿਸਤਾਨ ਨਾਲ ਸਿੱਖਾਂ ਦੀ ਇਤਿਹਾਸਿਕ ਸਾਂਝ ਨੂੰ ਹੋਰ ਢੂੰਘਾ ਅਤੇ ਮਜ਼ਬੂਤ ਕਰਨ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ।
ਸਿੱਖ ਜਥੇਬੰਦੀਆਂ ਵੱਲੋਂ ਇੱਕ ਪੱਤਰ ਵੀ ਪਾਕਿ ਵਜ਼ੀਰ ਜ਼ੁਲਫੀ ਬੁਖਾਰੀ ਨੂੰ ਸੌਂਪਿਆ ਗਿਆ ਜਿਸ ਵਿੱਚ ਕਸ਼ਮੀਰੀਆਂ ਤੇ ਹੋ ਰਹੇ ਜ਼ੁਲਮ ਦੀ ਨਿੰਦਾ ਕਰਦਿਆਂ ਉਹਨਾਂ ਦੀ ਆਜ਼ਾਦੀ ਦੀ ਲਹਿਰ ਨਾਲ ਇਕਮੁੱਠਤਾ ਪ੍ਰਗਟਾਈ ਗਈ।
⊕ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਤਾਜ਼ਾ ਹਾਲਤ ਬਾਰੇ ਇਹ ਪੇਸ਼ਕਸ਼ ਜਰੂਰ ਵੇਖੋ:
ਮਿਲੀ ਜਾਣਕਾਰੀ ਮੁਤਾਬਕ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਇਸ ਮੌਕੇ ਸੰਬੋਧਨ ਕਰਦਿਆਂ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਸਾਡੀ ਪਾਕਿਸਤਾਨ ਨਾਲ ਇਤਿਹਾਸਕ ਸਾਂਝ ਹੈ ਜੋ ਭਾਰਤੀ ਹੁਕੂਮਤ ਨੂੰ ਹਜ਼ਮ ਨਹੀਂ ਹੁੰਦੀ ਜਿਸ ਕਰਕੇ ਉਹ ਕਰਤਾਰਪੁਰ ਲਾਂਘੇ ਨੂੰ ਤਾਰਪੀਡੋ ਕਰਨ ਲਈ ਹਰ ਸੰਭਵ ਯਤਨ ਕਰ ਰਹੇ ਹਨ ਪਰ ਸਿੱਖ ਕੌਮ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ।
ਵਜ਼ੀਰ ਜ਼ੁਲਫੀ ਬੁਖਾਰੀ ਨੇ ਆਪਣੇ ਸੰਬੋਧਨ ਵਿੱਚ ਜਿੱਥੇ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਬਾਰੇ ਵਿਚਾਰ ਸਾਂਝੇ ਕੀਤੇ ਉਥੇ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਉਹਨਾਂ ਕਿਹਾ ਕਿ ਭਾਰਤ ਨਾਲ ਸਾਡੇ ਸਬੰਧ ਕਿੰਨੇ ਵੀ ਖਰਾਬ ਕਿਉਂ ਨਾ ਹੋਣ ਪਰ ਪਾਕਿਸਤਾਨ ਦੀ ਸਰਕਾਰ ਲਾਂਘਾ ਖੋਲਣ ਲਈ ਦ੍ਰਿੜ ਹੈ ਅਤੇ ਦੁਨੀਆ ਭਰ ਵਿੱਚ ਵਸਦੀ ਸਿੱਖ ਕੌਮ ਨੂੰ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਪਾਕਿਸਤਾਨ ਆਉਣ ਦਾ ਸੱਦਾ ਦਿੰਦੀ ਹੈ।
ਉਹਨਾਂ ਕਿਹਾ ਕਿ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਦੀ ਸਿੱਖਾਂ ਲਈ ਓਹੀ ਅਹਿਮੀਅਤ ਹੈ ਜੋ ਮੁਸਲਮਾਨਾਂ ਲਈ ਮੱਕਾ ਅਤੇ ਮਦੀਨਾ ਦੀ ਹੈ।
ਸਿੱਖ ਵਫਦ ਜਿਸ ਵਿੱਚ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਤੋਂ ਹਿੰਮਤ ਸਿੰਘ, ਵੌਇਸਿਜ਼ ਫ਼ਾਰ ਫਰੀਡਮ ਤੋਂ ਹਰਦਿਆਲ ਸਿੰਘ, ਅਮੇਰਿਕਨ ਸਿੱਖ ਫੋਰਮ ਤੋਂ ਡਾ.ਅਰਵਿੰਦਰ ਸਿੰਘ, ਦੋਆਬਾ ਸਿੱਖ ਐਸੋਸੀਏਸ਼ਨ ਤੋਂ ਸੁਖਜਿੰਦਰ ਸਿੰਘ, ਸਿਖਸ ਫ਼ਾਰ ਜਸਟਿਸ ਤੋਂ ਗੁਰਦਿਆਲ ਸਿੰਘ, ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਤੋਂ ਤਰਲੋਚਨਪਾਲ ਸਿੰਘ ਅਤੇ ਕਿਰਪਾਲ ਸਿੰਘ ਬਿਲੰਿਗ, ਸਿੱਖ ਯੂਥ ਆਫ ਅਮਰੀਕਾ ਤੋਂ ਡਾ.ਰਣਜੀਤ ਸਿੰਘ ਸ਼ਾਮਿਲ ਸਨ, ਨੇ ਇਮਰਾਨ ਖਾਨ ਦੀ ਅਮਰੀਕਾ ਫੇਰੀ ਦੌਰਾਨ ਉਹਨਾਂ ਨਾਲ ਇੱਕ ਮੁਲਾਕਾਤ ਲਈ ਵੀ ਸਮਾਂ ਮੰਗਿਆ ਤਾਂ ਜੋ ਕਰਤਾਰਪੁਰ ਲਾਂਘਾ ਖੋਲਣ ਲਈ ਉਹਨਾਂ ਦਾ ਧੰਨਵਾਦ ਕਰ ਸਕਣ। ਪਾਕਿਸਤਾਨੀ ਮੀਡੀਆ ਅਤੇ ਟੀ.ਵੀ84 ਵੱਲੋਂ ਇਸ ਸਮਾਗਮ ਨੂੰ ਕਵਰ ਕੀਤਾ ਗਿਆ।
Related Topics: Dera Baba Nanak to Kartarpur Sahib Corridor, Gurduara Kartarpur Sahib, Gurdwara Kartarpur Sahib, Gurdwara Sri Darbar Sahib Narowal Kartarpur Pakistan, Kartarpur Corridor, Kartarpur Sahib, Sikh News USA, Sikhs in United States