June 26, 2019 | By ਸਿੱਖ ਸਿਆਸਤ ਬਿਊਰੋ
ਜਲੰਧਰ: ‘ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ਼’ ਵੱਲੋਂ ਬਰਗਾੜੀ ਬੇਅਦਬੀ ਮਾਮਲੇ, ਮੌੜ ਬੰਬ ਧਮਾਕੇ ਮਾਮਲੇ, ਅਤੇ ਮਈ 2007 ਦੇ ਸੌਦਾ ਸਾਧ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਦੇ ਮਾਮਲਿਆਂ ਵਿਚ ਕੋਈ ਠੋਸ ਕਾਰਵਾਈ ਨਾ ਹੋਣ ’ਤੇ ਪੰਜਾਬ ਦੇ ਮੁੱਖ ਅਮਰਿੰਦਰ ਸਿੰਘ ਉੱਤੇ ਗੰਭਰ ਸਵਾਲ ਚੁੱਕੇ ਹਨ।
ਪਿਛਲੇ ਦਿਨੀਂ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ, ਗੁਰੂਸਰ ਜਲਾਲ ਅਤੇ ਮੱਲ ਕੇ ਵਿਖੇ ਵਾਪਰੀਆਂ ਗੁਰੂ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਦੀਆਂ ਘਟਨਾਵਾਂ ਮੁੱਖ ਦੋਸ਼ੀ ਤੇ ਡੇਰਾ ਸੌਦਾ ਸਿਰਸਾ ਦੇ ਪੈਰੋਕਾਰ ਮਹਿੰਦਰ ਪਾਲ ਬਿੱਟੂ ਦੇ ਨਾਭਾ ਜੇਲ੍ਹ ਚ ਹੋਏ ਕਤਲ ਤੋਂ ਬਾਅਦ ਡੇਰਾ ਸਿਰਸਾ ਦੇ ਪੈਰੋਕਾਰਾਂ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਮੰਗੀ ਜਾ ਰਹੀ ਜਾਂਚ ਦਾ ਹਵਾਲਾ ਦਿੰਦਿਆਂ ਤੀਹ ਸਿੱਖ ਜਥੇਬੰਦੀਆ ਦੇ ਗਠਜੋੜ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਸ ਵਲੋਂ ਪੰਜਾਬ ਸਰਕਾਰ ਨੂੰ ਯਾਦ ਕਰਵਾਇਆ ਗਿਆ ਹੈ ਕਿ ਬੇਅਦਬੀ ਮਾਮਲਿਆਂ ਦੀ ਜਾਂਚ ਬਿਲਕੁਲ ਠੱਪ ਪਈ ਹੈ।
ਲੰਘੇ ਦਿਨ ਜਲੰਧਰ ਵਿਖੇ ਇਕ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅ.ਆ.ਸਿ.ਆ ਦੇ ਆਗੂਆਂ ਨੇ ਕਿਹਾ: “ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਜਦੋ ਬਰਗਾੜੀ ਬੇਅਦਬੀ ਮਾਮਲੇ ਵਿੱਚ ਬਿੱਟੂ ਤੇ ਹੋਰ ਦੋਸ਼ੀ ਜੂਨ 2018 ’ਚ ਡੀ.ਆਈ.ਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਜਾਂਚ ਟੀਮ ਨੇ ਫੜ ਲਏ ਸਨ ਤਾਂ ਉਸਤੋਂ ਬਾਅਦ ਇਸ ਕੇਸ ਵਿਚ ਕੀ ਤਰੱਕੀ ਹੋਈ?”
ਅ.ਆ.ਸਿ.ਆ ਦੇ ਬੁਲਾਰੇ ਸੁਖਦੇਵ ਸਿੰਘ ਫਗਵਾੜਾ ਅਤੇ ਪਰਮਪਾਲ ਸਿੰਘ ਸਭਰਾਂ ਨੇ ਕਿਹਾ ਕਿ ਮੁੱਖ ਮੰਤਰੀ ਤੇ ਕਾਂਗਰਸ ਦੇ ਹੋਰ ਮੰਤਰੀ ਤੇ ਵਿਧਾਇਕ ਜਿਹੜੇ 28 ਅਗਸਤ 2018 ਨੂੰ ਪੰਜਾਬ ਵਿਧਾਨ ਸਭਾ ਵਿਚ ਬੜੇ ਵਾਅਦੇ ਕਰ ਰਹੇ ਸਨ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਮਿਲੇਗੀ ਉਹ ਦੱਸਣ ਕਿ ਬਰਗਾੜੀ ਬੇਅਦਬੀ ਨਾਲ ਸੰਬੰਧਤ ਮਾਮਲੇ ਵਿਚ ਅਜੇ ਕੀ ਹੋਇਆ ਹੈ?
ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਨੇ ਇਹ ਬੇਅਦਬੀ ਮਾਮਲੇ ਕੇਂਦਰੀ ਜਾਂਚ ਬਿਊਰੋ ਤੋਂ ਵਾਪਸ ਲੈਣ ਲਈ ਜੋ ਮਤਾ ਵਿਧਾਨ ਸਭਾ ਨੇ ਪ੍ਰਵਾਣ ਕੀਤਾ ਸੀ ਤੇ ਉਸ ਸੰਬਧੀ ਹਾਲੇ ਤੱਕ ਕੀ ਕਾਰਵਾਈ ਹੋਈ?
ਆਗੂਆਂ ਨੇ ਕਿਹਾ ਕਿ ਜੇਕਰ ਇਹ ਮਾਮਲੇ ਕੇਂਦਰੀ ਜਾਂਚ ਬਿਊਰੋ ਤੋਂ ਵਾਪਸ ਨਹੀਂ ਆਏ ਤਾਂ ਕਿਉਂ ਨਹੀਂ ਆਏ ਤੇ ਜੇਕਰ ਆ ਗਏ ਹਨ ਤਾਂ ਫਿਰ ਅੱਗੇ ਕੋਈ ਕਾਰਵਾਈ ਕਿਉਂ ਨਹੀਂ ਹੋਈ?
ਅਖਬਾਰੀ ਖਬਰਾਂ ਦਾ ਹਵਾਲਾ ਦਿੰਦਿਆਂ ਅਗੂਆਂ ਨੇ ਕਿਹਾ ਕਿ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ, ਮੱਲ ਕੇ ਅਤੇ ਗੁਰੂਸਰ ਜਲਾਲਾ ਵਿਖੇ ਹੋਏ ਬੇਅਦਬੀ ਦੇ ਵੱਡੇ ਕੇਸਾਂ ’ਚ ਫੜੇ 26 ਵਿਚੋਂ 21 ਦੋਸ਼ੀਆਂ, ਜਿਹੜੇ ਕਿ ਸਾਰੇ ਹੀ ਸੌਦਾ ਸਾਧ ਦੇ ਚੇਲੇ ਹਨ, ਦੀਆਂ ਪਹਿਲਾਂ ਹੀ ਜ਼ਮਾਨਤਾਂ ਹੋ ਚੁਕੀਆ ਹਨ। ਉਨ੍ਹਾਂ ਕਿਹਾ ਕਿ ਅਖਬਾਰਾਂ ਨੇ ਤਾਂ ਇਹ ਵੀ ਦੱਸ ਰਹੀਆਂ ਹਨ ਕਿ ਸੀ.ਬੀ.ਆਈ. ਨੇ ਤਾਂ ਇਸ ਕੇਸ ਵਿਚ ਇਕ ਕਦਮ ਵੀ ਅੱਗੇ ਨਹੀਂ ਪੁੱਟਿਆ ਤੇ ਬੇਅਦਬੀ ਨਾਲ ਸੰਬੰਧਤ ਕੇਸਾਂ ਦੀਆਂ ਫਾਈਲਾਂ ਧੂੜ ਫੱਕ ਰਹੀਆਂ ਹਨ।
ਅ.ਆ.ਸਿ.ਆ. ਦੇ ਆਗੂਆਂ ਨੇ ਕਿਹਾ ਕਿ “ਇਨਾਂ ਸਾਰੇ ਤੱਥਾਂ ਤੋਂ ਸਪਸ਼ਟ ਜਾਪਦਾ ਹੈ ਕਿ ਅਮਰਿੰਦਰ ਸਿੰਘ ਸਰਕਾਰ ਵੀ ਬੇਅਦਬੀ ਦੇ ਮਾਮਲਿਆਂ ਨੂੰ ਸਿਰਫ ਚੋਣਾਂ ਤੱਕ ਸਿਆਸੀ ਲਾਹੇ ਲਈ ਵਰਤਣਾ ਚਾਹੁੰਦੀ ਸੀ ਤੇ ਅਸਲ ਨਿਆਂ ਦੇਣ ਵਿਚ ਇਸ ਨੂੰ ਕੋਈ ਦਿਲਚਸਪੀ ਨਹੀਂ ਹੈ।
ਉਨ੍ਹਾਂ ਕਿਹਾ ਕਿ “ਹੁਣ ਜਿਹੜੇ ਪੰਜਾਬ ਸਰਕਾਰ ਦੇ ਮੰਤਰੀ ਇਹ ਦਾਅਵਾ ਕਰ ਰਹੇ ਨੇ ਕਿ ਬਿੱਟੂ ਦੀ ਮੌਤ ਨਾਲ ਜਾਂਚ ਪ੍ਰਭਾਵਤ ਹੋ ਸਕਦੀ ਹੈ ਉਹ ਵੀ ਬਹਾਨੇਬਾਜ਼ੀ ਹੀ ਹੈ”।
“ਸਰਕਾਰ ਦੱਸੇ ਕਿ ਬਿੱਟੂ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਸਾਲ ਉਸ ਰਾਹੀਂ ਬਲਾਤਕਾਰੀ ਸਾਧ ਦੇ ਗਲੇ ਤੱਕ ਪਹੁੰਚਣ ਲਈ ਕੀ ਕੀਤਾ। ਉਸ ਦੀ ਮੌਤ ਤਾਂ ਸਿਰਫ ਬਹਾਨਾ ਹੈ ਆਪਣੀ ਨਲਾਇਕੀ ਤੇ ਬੇਈਮਾਨੀ ਨੂੰ ਲੁਕਾਉਣ ਲਈ। ਇਹ ਸਭ ਕਹਿਕੇ ਸਾਧ ਦੇ ਚੇਲਿਆਂ ਨੂੰ ਬਚਾਉਣ ਲਈ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ” ਆਗੂਆਂ ਨੇ ਅੱਗੇ ਕਿਹਾ।
ਇਸੇ ਤਰ੍ਹਾਂ ਉਨ੍ਹਾਂ ਪੰਜਾਬ ਸਰਕਾਰ ਨੂੰ ਇਹ ਵੀ ਸਵਾਲ ਕੀਤਾ ਕਿ ਸਰਕਾਰ ਇਹ ਵੀ ਦੱਸੇ ਕਿ ਮਈ 2007 ਨੂੰ ਸੌਦਾ ਸਾਧ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਵਾਲਾ ਮਾਮਲਾ, ਜਿਸ ਨੂੰ ਬਾਦਲ ਸਰਕਾਰ ਨੇ ਖਤਮ ਕਰ ਦਿੱਤਾ ਸੀ ਤੇ ਸੌਦਾ ਸਾਧ ਬੜੇ ਅਰਾਮ ਨਾਲ ਉਸ ਕੇਸ ਵਿਚੋਂ ਬਚ ਕੇ ਬਾਹਰ ਨਿਕਲ ਗਿਆ ਸੀ, ਨੂੰ ਕੈਪਟਨ ਸਰਕਾਰ ਦੁਬਾਰਾ ਕਿਉਂ ਨਹੀਂ ਖੋਲ ਰਹੀ?
ਅ.ਆ.ਸਿ.ਆ. ਆਗੂਆਂ ਨੇ ਸਵਾਲ ਚੁੱਕਿਆ ਕਿ: “ਮਹਿੰਦਰਪਾਲ ਬਿੱਟੂ ਦੀ ਮੌਤ ਦੀ ਜਾਂਚ ਮੰਗਣ ਵਾਲੇ ਰਾਜਨੀਤਕ ਲੋਕਾਂ ਅਤੇ ਡੇਰਾ ਪ੍ਰੇਮੀਆਂ ਨੇ ਅੱਜ ਤੱਕ ਮੌੜ ਬੰਬ ਧਮਾਕੇ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲੇ ਲੋਕਾਂ ਲਈ ਜਾਂਚ ਜਾ ਇਨਸਾਫ ਦੀ ਮੰਗ ਕਿਉਂ ਨਹੀਂ ਕੀਤੀ ਖਾਸਕਰ ਉਦੋਂ ਜਦੋਂ ਮੌੜ ਬੰਬ ਧਮਾਕੇ ਦੇ ਤਾਰ ਸਿੱਧੇ ਤੌਰ ਤੇ ਡੇਰਾ ਸਿਰਸਾ ਨਾਲ ਜੁੜਦੇ ਸਾਬਤ ਹੋ ਚੁੱਕੇ ਸਨ”।
ਅ.ਆ.ਸਿ.ਆ. ਵੱਲੋਂ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਬੋਲਦਿਆਂ ‘ਦੇਸ ਪੰਜਾਬ’ ਦੇ ਸੰਪਾਦਕ ਸ. ਗੁਰਬਚਨ ਸਿੰਘ ਨੇ ਕਿਹਾ ਕਿ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਸੌਦਾ ਸਾਧ ਦੇ ਪੈਰੋਕਾਰਾਂ ਦੇ ਦਬਾਅ ਹੇਠਾਂ ਤਾਂ ਫਟਾਫਟ ਇਕ ਵਧੀਕ ਡੀ.ਜੀ.ਪੀ. ਦੀ ਅਗਵਾਈ ਮਹਿੰਦਰਪਾਲ ਬਿੱਟੂ ਦੇ ਕਤਲ ਦੀ ਜਾਂਚ ਬਿਠਾ ਦਿੱਤੀ ਹੈ ਤੇ ਮੁਖ ਮੰਤਰੀ ਨੇ ਵੀ ਤੁਰੰਤ ਇੱਕ ਬਿਆਨ ਦਿੱਤਾ ਕੇ ਮਹਿੰਦਰਪਾਲ ਬਿੱਟੂ ਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਈ ਜਾਵੇਗੀ ਪਰ ਮੁੱਖ ਮੰਤਰੀ ਇਹ ਵੀ ਦੱਸੇ ਕਿ ਮੌੜ ਬੰਬ ਧਮਾਕੇ ਦੀ ਜਾਂਚ ਅਜੇ ਕਿਉਂ ਨਹੀਂ ਕੀਤੀ ਜਾ ਰਹੀ? ਜਦੋਂ ਪੰਜਾਬ ਪੁਲਿਸ ਮੌੜ ਬੰਬ ਧਮਾਕੇ ਦੇ ਮਾਮਲੇ ਵਿਚ ਡੇਰੇ ਦੇ ਦਰਵਾਜ਼ੇ ਤੱਕ ਪਹੁੰਚ ਗਈ ਸੀ ਉਸ ਨੂੰ ਵਾਪਸ ਕਿਉਂ ਬੁਲਾਇਆ ਗਿਆ ਤੇ ਉਸਤੋਂ ਬਾਅਦ ਜਾਂਚ ਠੱਪ ਕਿਉਂ ਪਈ ਹੈ?
ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁਖ ਮੰਤਰੀ ਕਦੇ ਪਾਕਿਸਤਾਨੀ ਫੌਜ ਦੇ ਮੁਖੀ ਤੇ ਕਦੇ ਕਨੇਡਾ ਦੀ ਸਰਕਾਰ ਨੂੰ ਤਾਂ ਧਮਕੀਆਂ ਦਿੰਦਾ ਹੈ ਪਰ ਆਪਣੇ ਅਧਿਕਾਰ ਖੇਤਰ ਵਾਲੇ ਮੌੜ ਬੰਬ ਧਮਾਕੇ ਦੇ ਮਾਮਲੇ ਤੇ ਚੁੱਪ ਕਿਉਂ ਹੈ ਤੇ ਇਸ ਵੱਡੀ ਘਟਨਾ ਦੇ ਮੁੱਖ ਦੋਸ਼ੀਆਂ ਦੀ ਗਿੱਚੀ ਤੱਕ ਕਿਉਂ ਨਹੀਂ ਪਹੁੰਚ ਰਿਹਾ?
ਅ.ਆ.ਸਿ.ਆ. ਆਗੂਆਂ ਨੇ ਮੰਗ ਕੀਤੀ ਕਿ ਮੌੜ ਧਮਾਕੇ ਦੀ ਜੜ੍ਹ ਤੱਕ ਪਹੁੰਚਿਆ ਜਾਵੇ ਤੇ ਦੋਸ਼ੀਆਂ ਨੂੰ ਸਜਾਵਾਂ ਹੋਣ ਤੇ ਪੀੜਤਾਂ ਨੂੰ ਇਨਸਾਫ ਮਿਲੇ।
Related Topics: Alliance of Sikh Organisations, Amarinder Singh, Bargari, Bargari Beadbi Case, Bargari incident, Capt. Amarinder Singh, Congress Government in Punjab 2017-2022, Dera Sauda Sirsa, Gurbachan Singh (Desh Punjab), Maur Blast, Punjab Politics, SIT on Bargari Beadbi Case and Behbal Kalan Police Firing, Sukhdev Singh Phagwara